8 ਗੈਰ-ਕਾਨੂੰਨੀ ਪਿਸਤੌਲ, 30 ਜ਼ਿੰਦਾ ਕਾਰਤੂਸ ਅਤੇ ਇਕ ਕਾਰ ਬਰਾਮਦ
ਕਰਨਾਲ, 30 ਜੂਨ (ਗੁਰਮੀਤ ਸਿੰਘ ਸੱਗੂ)-ਸੀ. ਆਈ. ਏ.-1 ਕਰਨਾਲ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਸਮੇਤ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ.-1 ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਐਸ. ਪੀ. ਕਰਨਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵਲੋਂ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ’ਤੇ ਨਕੇਲ ਕੱਸਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ. ਆਈ. ਏ.-1 ਕਰਨਾਲ ਦੀ ਟੀਮ ਨੇ ਉਨ੍ਹਾਂ ਦੀ ਅਗਵਾਈ ਹੇਠ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ 8 ਗੈਰ-ਕਾਨੂੰਨੀ ਪਿਸਤੌਲ, 30 ਜ਼ਿੰਦਾ ਕਾਰਤੂਸ ਅਤੇ ਇਕ ਸਿਲੇਰੀਓ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਥਾਣਾ ਮਧੁਬਨ ਜ਼ਿਲ੍ਹਾ ਕਰਨਾਲ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਵਨ ਉਰਫ਼ ਪੋਨਾ ਪੁੱਤਰ ਖੁਸ਼ੀਰਾਮ ਵਾਸੀ ਵਾ. ਨੰ. 2 ਰੇਲਵੇ ਰੋਡ ਕਲਾਨੌਰ ਜ਼ਿਲ੍ਹਾ ਰੋਹਤਕ, ਜਤਿਨ ਪੁੱਤਰ ਰਾਜੇਂਦਰ ਵਾਸੀ ਵਾ. ਨੰ. 1 ਬਾਬਾ ਕਾਲੋਨੀ ਕਲਾਨੌਰ ਜ਼ਿਲ੍ਹਾ ਰੋਹਤਕ, ਰਾਹੁਲ ਪੁੱਤਰ ਵਿਜੈ ਕੁਮਾਰ ਵਾਸੀ ਵਾ. ਨੰ. 7 ਸੰਤ ਕਾਲੋਨੀ ਖਰਖੌਦਾ ਜ਼ਿਲ੍ਹਾ ਸੋਨੀਪਤ, ਨਵਦੀਪ ਪੁੱਤਰ ਭੁਪਿੰਦਰ ਵਾਸੀ ਸ਼ਹਿਰ ਮਾਲਪੁਰ ਥਾਣਾ ਬਾਪੌਲੀ ਜ਼ਿਲ੍ਹਾ ਪਾਣੀਪਤ ਤੇ ਕਪਿਲ ਪੁੱਤਰ ਕਰਤਾਰ ਵਾਸੀ ਸ਼ਹਿਰ ਮਾਲਪੁਰ ਥਾਣਾ ਬਾਪੌਲੀ ਜ਼ਿਲ੍ਹਾ ਪਾਣੀਪਤ ਵਜੋਂ ਹੋਈ ਹੈ। ਸੀ. ਆਈ. ਏ.-1 ਦੇ ਇੰਚਾਰਜ ਨੇ ਦੱਸਿਆ ਕਿ ਸੀ. ਆਈ. ਏ.-1 ਦੀ ਟੀਮ ਨੇ ਬੀਤੀ 29 ਜੂਨ ਨੂੰ ਰਿੰਗ ਰੋਡ ਪਿੰਡ ਕੁਟੇਲ ਕਰਨਾਲ ਨੇੜੇ ਨਾਕਾਬੰਦੀ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਪਵਨ ਉਰਫ਼ ਪੋਨਾ ਖ਼ਿਲਾਫ਼ ਪਹਿਲਾਂ ਵੀ ਇਕ ਅਪਰਾਧਿਕ ਮਾਮਲਾ ਦਰਜ ਹੈ ਜਦਕਿ ਬਾਕੀ ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਗੈਰ-ਕਾਨੂੰਨੀ ਹਥਿਆਰਾਂ ਦੇ ਸਰੋਤ, ਸਪਲਾਈ ਚੇਨ, ਖਰੀਦ-ਫ਼ਰੋਖ਼ਤ ਵਿਚ ਸ਼ਾਮਿਲ ਹੋਰ ਵਿਅਕਤੀਆਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਮਾਮਲਿਆਂ ਦਾ ਖੁਲਾਸਾ ਕੀਤਾ ਜਾ ਸਕੇ।
ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਖੇਪ ਸਮੇਤ ਪੰਜ ਮੁਲਜ਼ਮ ਕੀਤੇ ਗ੍ਰਿਫ਼ਤਾਰ
ਅਜੀਤ ਡੈਸਕ
01-07-2026