ਨਵੀਂ ਦਿੱਲੀ,30ਜੂਨ (ਜਗਤਾਰ ਸਿੰਘ)-ਦਿੱਲੀ ਵਿਚ 650 ਕਰੋੜ ਰੁਪਏ ਦੇ ਸਿਹਤ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੂੰ ਨਿਸ਼ਾਨਾਂ ਬਣਾਇਆ ਹੈ । ਆਪ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ 650 ਕਰੋੜ ਰੁਪਏ ਦੇ ਸਿਹਤ ਘੁਟਾਲੇ ਸਬੰਧੀ ਏਸੀਬੀ ਅਤੇ ਦਿੱਲੀ ਸਰਕਾਰ ‘ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਏਸੀਬੀ ਦੀ 2 ਜੂਨ, 2026 ਦੀ ਐਫਆਈਆਰ ਵਿਚ ਰਾਜੀਵ ਰੰਗੀਲਾ ਮੁੱਖ ਮੁਲਜ਼ਮ ਹੈ, ਪਰ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਛੋਟੇ ਮੁਲਜ਼ਮਾਂ ਵਿਰੁੱਧ ਕਾਰਵਾਈ ਦਾ ਪ੍ਰਚਾਰ ਕਰ ਰਹੀ ਹੈ ਜਦੋਂ ਕਿ ਮੁੱਖ ਮੁਲਜ਼ਮ ਖੁੱਲ੍ਹੇਆਮ ਘੁੰਮ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੁਲਜ਼ਮ ਰਾਜੀਵ ਰੰਗੀਲਾ ਕਿੱਥੇ ਹੈ ਅਤੇ ਏਸੀਬੀ ਉਸ ਨੂੰ ਕਿਉਂ ਬਚਾ ਰਹੀ ਹੈ ? ਕਾਨਫ਼ਰੰਸ ਦੌਰਾਨ ਏਸੀਬੀ ਦੀ ਐਫਆਈਆਰ ਦਿਖਾਉਂਦੇ ਹੋਏ ਸੌਰਭ ਭਾਰਦਵਾਜ ਨੇ ਕਿਹਾ ਕਿ 14 ਪੰਨਿਆਂ ਦੀ ਐਫਆਈਆਰ ਵਿਚ ਰਾਜੀਵ ਰੰਗੀਲਾ ਦਾ ਨਾਮ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਐਫਆਈਆਰ ਵਿਚ ਰਾਜੀਵ ਰੰਗੀਲਾ ਅਤੇ ਹੋਰ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਦਾ ਜ਼ਿਕਰ ਹੈ, ਪਰ ਨਾਮਜ਼ਦ ਮੁਲਜ਼ਮ ਦੇ ਰੂਪ ਵਿਚ ਸਭ ਤੋਂ ਪ੍ਰਮੁੱਖ ਨਾਂਅ ਰਾਜੀਵ ਰੰਗੀਲਾ ਦਾ ਹੀ ਹੈ । ਉਨ੍ਹਾਂ ਪੁੱਛਿਆ ਕਿ ਜੇਕਰ ਇਹ ਵਿਅਕਤੀ ਪੂਰੀ ਜਾਂਚ ਦਾ ਕੇਂਦਰ ਹੈ, ਤਾਂ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ? ‘ਆਪ’ ਨੇਤਾ ਨੇ ਦੋਸ਼ ਲਗਾਇਆ ਕਿ ਰਾਜੀਵ ਰੰਗੀਲਾ ਨੇ ਵੱਖ-ਵੱਖ ਨਾਵਾਂ ਹੇਠ ਕਈ ਕੰਪਨੀਆਂ ਬਣਾ ਕੇ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੀ ਖ਼ਰੀਦ ਪ੍ਰਕਿਰਿਆ ’ਤੇ ਕਬਜ਼ਾ ਕਰ ਲਿਆ ਸੀ । ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਵੀ ਦਵਾਈ, ਡਾਕਟਰੀ ਉਪਕਰਨ, ਬੈੱਡ-ਸ਼ੀਟ ਜਾਂ ਹੋਰ ਵਸਤੂਆਂ ਦੀ ਖ਼ਰੀਦ ਲਈ ਤਕਨੀਕੀ ਅਤੇ ਵਿੱਤੀ ਸ਼ਰਤਾਂ ਤੈਅ ਹੁੰਦੀਆਂ ਸੀ,ਉਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਸੀ ਕਿ ਆਮ ਕੰਪਨੀਆਂ ਟੈਂਡਰ ਵਿਚ ਹਿੱਸਾ ਹੀ ਨਾ ਲੈ ਸਕਣ ।
‘ਆਪ’ ਵਲੋਂ 650 ਕਰੋੜ ਰੁਪਏ ਸਿਹਤ ਘੁਟਾਲੇ ਨੂੰ ਲੈ ਕੇ ਦਿੱਲੀ ਸਰਕਾਰ ’ਤੇ ਨਿਸ਼ਾਨਾ
ਅਜੀਤ ਡੈਸਕ
01-07-2026