ਨਵੀਂ ਦਿੱਲੀ,30ਜੂਨ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ’ਚ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਭਾਰੀ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਜੀਤ ਸਿੰਘ ‘ਵੀਰਜੀ’ (ਚੇਅਰਮੈਨ ਗੁਰਬਾਣੀ ਰਿਸਰਚ ਫਾਊਂਡੇਸ਼ਨ) ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੱਕ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ.) ਗਠਿਤ ਕਰਕੇ, ਦਿੱਲੀ ਕਮੇਟੀ ਦੇ ਖਾਤਿਆਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ । ਉਨ੍ਹਾਂ ਕਿਹਾ ਕਿ ਮੌਜੂਦਾ ਮਾੜੇ ਪ੍ਰਬੰਧਾਂ ਦੇ ਕਾਰਨ ਦਿੱਲੀ ਕਮੇਟੀ ਅਤੇ ਕਮੇਟੀ ਅਧੀਨ ਵਿੱਦਿਅਕ ਅਦਾਰੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ,ਜਿਸ ਨਾਲ ਦੇਸ਼ ਵਿਦੇਸ਼ਾਂ ਵਿਚ ਸਿੱਖਾਂ ਦੀ ਭਾਰੀ ਬਦਨਾਮੀ ਹੋ ਰਹੀ ਹੈ ਪਰ ਕਮੇਟੀ ਦੇ ਮੌਜੂਦਾ ਪ੍ਰਬੰਧਕ ਹਾਲਤ ਨੂੰ ਸੁਧਾਰਨ ਵਿਚ ਗੰਭੀਰ ਨਹੀਂ ਜਾਪਦੇ ।ਉਨ੍ਹਾਂ ਕਿਹਾ ਕਿ ਕਮੇਟੀ ਪ੍ਰਬੰਧਾਂ ਨੂੰ ਤਾਂ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ,ਜਿਹੜੇ ਸਿੱਖ ਅਦਾਰਿਆਂ ਨੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਉਣਾ ਸੀ,ਉਨ੍ਹਾਂ ਅਦਾਰਿਆਂ ਦੀ ਮਾੜੀ ਹਾਲਤ ਹੋਣ ਕਾਰਨ ਸਿੱਖ ਬੱਚਿਆਂ ਦਾ ਭਵਿੱਖ ਹੀ ਦਾਅ ’ਤੇ ਲੱਗ ਚੁੱਕਾ ਹੈ । ਉਨ੍ਹਾਂ ਇੱਕ ਵੱਡਾ ਸਵਾਲ ਵੀ ਉਠਾਇਆ ਕਿ ਜਦੋਂ 2013 ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣਾ ਕਾਰਜਕਾਲ ਛੱਡਿਆ ਤਾਂ ਉਸ ਸਮੇਂ ਕੋਈ ਸਕੂਲ ਘਾਟੇ ਵਿਚ ਨਹੀਂ ਸੀ ਅਤੇ ਉਹ (ਸਰਨਾ) ਤਕਰੀਬਨ 125 ਕਰੋੜ ਰੁਪਏ ਦੀ ਐੱਫ਼.ਡੀ.ਆਰ. ਵੀ ਛੱਡ ਕੇ ਗਏ ਸੀ, ਇਸ ਲਈ ਹੈਰਾਨੀ ਦੀ ਗੱਲ ਹੈ ਕਿ 2026 ਤਕ ਦਿੱਲੀ ਕਮੇਟੀ ਦੇ ਸਕੂਲ 500 ਕਰੋੜ ਰੁਪਏ ਦੇ ਕਰਜ਼ਦਾਰ ਕਿਵੇਂ ਹੋ ਗਏ ? ਉਨ੍ਹਾਂ ਇਹ ਵੀ ਪੁੱਛਿਆ ਕਿ ਭ੍ਰਿਸ਼ਟਾਚਾਰ ਦੇ ਹੀ ਮਾਮਲਿਆਂ ਨੂੰ ਲੈ ਕੇ 5-6 ਸਾਲ ਪਹਿਲਾਂ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘ਡੇਲਾਇਟ’ ਕੰਪਨੀ ਤੋਂ ਦਿੱਲੀ ਕਮੇਟੀ ਦੇ ਖਾਤਿਆਂ ਦਾ ਆਡਿਟ ਕਰਵਾਇਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਉਸ ਆਡਿਟ ਰਿਪੋਰਟ ਨੂੰ ਮੌਜੂਦਾ ਪ੍ਰਬੰਧਕਾਂ ਵੱਲੋਂ ਜਨਤਕ ਨਹੀਂ ਕੀਤਾ ਜਾ ਰਿਹਾ ।
ਐੱਸ.ਆਈ.ਟੀ. ਗਠਿਤ ਕਰ ਕੇ ਦਿੱਲੀ ਕਮੇਟੀ ਦੇ ਖਾਤਿਆਂ ਦੀ ਕਰਵਾਈ ਜਾਵੇ ਫੋਰੈਂਸਿਕ ਜਾਂਚ- ਪਰਮਜੀਤ ਸਿੰਘ ‘ਵੀਰਜੀ’
ਅਜੀਤ ਡੈਸਕ
01-07-2026