ਟੋਹਾਣਾ, 1 ਜੁਲਾਈ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਵਿੱਚ ਸਰਕਾਰੀ ਜ਼ਮੀਨ ਅਤੇ ਸੜਕਾਂ ‘ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅੱਜ ਬੁੱਧਵਾਰ ਨੂੰ ਪੁਲਿਸ ਪ੍ਰਸ਼ਾਸਨ ਅਤੇ ਨਗਰ ਪਰਿਸ਼ਦ ਦੇ ਸਾਂਝੇ ਅਮਲੇ ਨੇ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਭਾਰੀ ਪੁਲਿਸ ਬਲ ਅਤੇ ਨਗਰ ਪਰਿਸ਼ਦ ਦਾ ਅਮਲਾ ਨਿਊ ਪ੍ਰਭਾਕਰ ਕਲੋਨੀ ਪਹੁੰਚਿਆ, ਜਿੱਥੇ ਦੁਕਾਨਾਂ ਦੇ ਬਾਹਰ ਲਗਾਏ ਗਏ ਨਜਾਇਜ਼ ਸਾਈਨ ਬੋਰਡ, ਸ਼ੈੱਡਾਂ ਅਤੇ ਸਰਕਾਰੀ ਜਗ੍ਹਾ ‘ਤੇ ਰੱਖਿਆ ਹੋਰ ਸਮਾਨ ਹਟਾਇਆ ਗਿਆ। ਕਾਰਵਾਈ ਦੌਰਾਨ ਨਗਰ ਪਰਿਸ਼ਦ ਦੀ ਜੇਸੀਬੀ ਮਸ਼ੀਨ ਅਤੇ ਟਰੈਕਟਰ-ਟਰਾਲੀ ਦੀ ਮਦਦ ਨਾਲ ਨਜਾਇਜ਼ ਕਬਜ਼ੇ ਹਟਾਏ ਗਏ। ਪ੍ਰਸ਼ਾਸਨਿਕ ਟੀਮ ਦੀ ਕਾਰਵਾਈ ਨੂੰ ਦੇਖਣ ਲਈ ਇਲਾਕੇ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਟੋਹਾਣਾ ਦਾ ਸਾਰਾ ਮੀਡੀਆ ਇਸ ਕਾਰਵਾਈ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੱਬਾਂ ਭਾਰ ਹੋਇਆ ਦੇਖਿਆ ਗਿਆ। ਕਾਰਵਾਈ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਇਹ ਮੁਹਿੰਮ ਕੇਵਲ ਨਿਊ ਪ੍ਰਭਾਕਰ ਕਲੋਨੀ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਟੋਹਾਣਾ ਦੇ ਰੇਲਵੇ ਰੋਡ, ਭੂਨਾ ਰੋਡ, ਦਮਕੌਰਾ ਰੋਡ, ਚੰਡੀਗੜ੍ਹ ਰੋਡ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਜਾਰੀ ਰਹੇਗੀ। ਜਿੱਥੇ ਵੀ ਦੁਕਾਨਦਾਰਾਂ ਵੱਲੋਂ ਸਰਕਾਰੀ ਜਗ੍ਹਾ ‘ਤੇ ਨਜਾਇਜ਼ ਸਾਈਨ ਬੋਰਡ, ਸਮਾਨ ਜਾਂ ਹੋਰ ਕਿਸੇ ਤਰ੍ਹਾਂ ਦਾ ਕਬਜ਼ਾ ਕੀਤਾ ਗਿਆ ਹੋਵੇਗਾ, ਉਸ ਨੂੰ ਹਟਾਇਆ ਜਾਵੇਗਾ। ਨਿਊ ਪ੍ਰਭਾਕਰ ਕਲੋਨੀ ਤੋਂ ਬਾਅਦ ਰੇਲਵੇ ਰੋਡ ਬਜ਼ਾਰ ਵਿੱਚ ਵੀ ਨਗਰ ਪ੍ਰੀਸ਼ਦ ਦੇ ਕਰਮਚਾਰੀਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਸੜਕ ਉੱਪਰ ਖੜ੍ਹੀਆਂ ਰੇਹੜੀਆਂ ਨੂੰ ਹਟਾਇਆ। ਕਾਰਵਾਈ ਦੌਰਾਨ ਸੜਕ ਉੱਤੇ ਨਜਾਇਜ਼ ਤੌਰ ‘ਤੇ ਖੜ੍ਹੀਆਂ ਕਈ ਰੇਹੜੀਆਂ ਨੂੰ ਕਰਮਚਾਰੀਆਂ ਨੇ ਚੁੱਕ ਕੇ ਟਰਾਲੀ ਵਿੱਚ ਲੱਦ ਲਿਆ। ਇਸ ਮੁਹਿੰਮ ਦੌਰਾਨ ਸੜਕਾਂ ਅਤੇ ਫੁੱਟਪਾਥਾਂ ‘ਤੇ ਕੀਤੇ ਨਜਾਇਜ਼ ਕਬਜ਼ੇ ਵੀ ਹਟਾਏ ਗਏ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਸਰਕਾਰੀ ਜਗ੍ਹਾ ‘ਤੇ ਕਬਜ਼ਾ ਨਾ ਕਰਨ, ਨਹੀਂ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਕਾਰਵਾਈ ਤੋਂ ਪਹਿਲਾਂ ਨਗਰ ਪਰਿਸ਼ਦ ਵੱਲੋਂ ਲਗਾਤਾਰ ਅਨਾਊਂਸਮੈਂਟ ਰਾਹੀਂ ਐਲਾਨ ਕਰਵਾ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣਾ ਸਮਾਨ ਅਤੇ ਸਾਈਨ ਬੋਰਡ ਖੁਦ ਹਟਾ ਲੈਣ। ਇਸ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਸਰਕਾਰੀ ਜਗ੍ਹਾ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।