ਗੂਹਲਾ ਚੀਕਾ, 1 ਜੁਲਾਈ (ਓ.ਪੀ. ਸੈਣੀ)-ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਨਵੀਆਂ ਉਚਾਈਆਂ ’ਤੇ ਪਹੁੰਚ ਰਿਹਾ ਹੈ। ਸੂਬੇ ਦਾ ਹਰ ਨੌਜਵਾਨ, ਕਿਸਾਨ, ਬਜ਼ੁਰਗ ਅਤੇ ਔਰਤ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਰਹੀ ਹੈ। ਸਰਕਾਰ ਆਮ ਜਨਤਾ ਦੇ ਹਿੱਤ ਲਈ ਹਰ ਰੋਜ਼ ਨਵੀਆਂ ਯੋਜਨਾਵਾਂ ਲਾਗੂ ਕਰ ਰਹੀ ਹੈ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਬਹੁਤ ਸੰਤੁਸ਼ਟੀ ਮਿਲੀ ਹੈ। ਬੁੱਧਵਾਰ ਨੂੰ ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਨੇ ਚੀਕਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦਫ਼ਤਰ ਦੇ ਆਡੀਟੋਰੀਅਮ ਵਿਚ ਆਯੋਜਿਤ ਇਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿਚ ਪਹੁੰਚਣ ’ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਹਲਕੇ ਦੇ ਦਰਜਨਾਂ ਜਨ ਪ੍ਰਤੀਨਿਧੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ, ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਨੇ ਚਾਣਚਕ ਪਿੰਡ ਵਿਚ ਮਾਰਕੰਡਾ ਡਿਸਟ੍ਰੀਬਿਊਟਰ ਦੇ ਨੇੜੇ 28 ਲੱਖ ਦੀ ਰਕਮ ਨਾਲ ਬਣੇ ਅੰਮ੍ਰਿਤ ਸਰੋਵਰ (ਤਾਲਾਬ) ਅਤੇ ਹੇਂਮੂ ਮਾਜਰਾ ਪਿੰਡ ਵਿਚ ਮੰਦਰ ਦੇ ਨੇੜੇ 9.5 ਲੱਖ ਦੀ ਰਕਮ ਨਾਲ ਬਣੇ ਅੰਮ੍ਰਿਤ ਸਰੋਵਰ (ਤਾਲਾਬ) ਦੇ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਮੰਗਾਂ ਦੇ ਜਵਾਬ ਵਿਚ ਇਨ੍ਹਾਂ ਤਾਲਾਬਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਹਲਾ ਹਲਕੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼ਹਿਰਾਂ ਦੇ ਬਰਾਬਰ ਪਿੰਡਾਂ ਵਿਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਗੂਹਲਾ ਹਲਕੇ ਵਿਚ ਜਨਤਾ ਦੀ ਸਹੂਲਤ ਲਈ, ਪਾਣੀ ਦੀ ਸਪਲਾਈ, ਡਰੇਨੇਜ, ਸੜਕ ਅਤੇ ਗਲੀਆਂ ਦੇ ਨਿਰਮਾਣ ਆਦਿ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਸਮਿਤੀ ਚੀਕਾ ਦੀ ਚੇਅਰਪਰਸਨ ਸੁਖਵਿੰਦਰ ਕੌਰ, ਐਸ.ਡੀ.ਓ ਅਸ਼ਵਨੀ ਸਾਹਨੀ, ਜਗਤਾਰ ਸਿੰਘ ਮਾਜਰੀ, ਜੇ.ਈ.ਰਾਜੇਸ਼ ਅਤੇ ਕੁਲਦੀਪ, ਹਿਮਾਂਸ਼ੂ ਸ਼ਰਮਾ, ਸਰਪੰਚ ਗਗਨ, ਤਰਸੇਮ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।