ਮੇਅਰ ਦੀ ਜਾਂਚ 'ਚ ਘੱਟ ਪਾਈਆਂ ਗਈਆਂ ਕੂੜਾ, ਮਲਬੇ ਨੂੰ ਚੁੱਕਣ ਵਾਲੀਆਂ ਟਰਾਲੀਆਂ
ਅਜੀਤ ਡੈਸਕ
01-01-2026
ਜਲੰਧਰ, 31 ਦਸੰਬਰ (ਸ਼ਿਵ)-ਸ਼ਹਿਰ ਵਿਚ ਕੂੜਾ, ਮਲਬਾ ਚੁੱਕਣ ਵਾਲੀਆਂ ਟਰੈਕਟਰ ਟਰਾਲੀਆਂ ਦੇ ਜੀ. ਪੀ. ਐੱਸ. ਸਿਸਟਮ ਲਗਾਉਣ ਦੀ ਹਦਾਇਤ ਦੇ ਬਾਵਜੂਦ ਇਸ ਸਿਸਟਮ ਨੂੰ ਨਹੀਂ ਲਗਾਇਆ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਕਈ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ | ਮੇਅਰ ਵਨੀਤ ਧੀਰ ਵਲੋਂ ਨਿਗਮ ਦਫਤਰ ਵਿਚ ਬਣੇ ਕੰਟਰੋਲ ਰੂਮ ਵਿਚ ਜਦੋਂ ਇਸ ਬਾਰੇ ਟਰੈਕਟਰ ਟਰਾਲੀਆਂ ਵਲੋਂ ਕੰਮ ਕਰਨ ਬਾਰੇ ਜਾਣਕਾਰੀ ਲਈ ਗਈ ਤਾਂ ਸਾਹਮਣੇ ਆਇਆ ਕਿ ਇੱਕ ਠੇਕੇਦਾਰ ਦੀਆਂ 14 ਟਰੈਕਟਰ ਟਰਾਲੀਆਂ ਹਨ ਪਰ ਇਨ੍ਹਾਂ 'ਚੋਂ ਸਿਰਫ਼ 6 ਵਲੋਂ ਹੀ ਕੂੜਾ ਅਤੇ ਮਲਬਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ | ਮੇਅਰ ਵਨੀਤ ਧੀਰ ਨੇ ਇਸ ਬਾਰੇ ਜਾਣਕਾਰੀ ਪਤਾ ਲੱਗਣ 'ਤੇ ਠੇਕੇਦਾਰ ਨੂੰ ਵੀ ਹਦਾਇਤ ਦਿੱਤੀ ਕਿ ਸਾਰੀਆਂ ਟਰੈਕਟਰ ਟਰਾਲੀਆਂ 'ਤੇ ਜੀ. ਪੀ. ਐੱਸ. ਸਿਸਟਮ ਲਗਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਇਹ ਸਿਸਟਮ ਨਾ ਲਗਾਇਆ ਗਿਆ ਅਤੇ ਜੇਕਰ ਕੋਈ ਟਰੈਕਟਰ ਟਰਾਲੀ ਕੰਮ 'ਤੇ ਨਹੀਂ ਲਗਾਈ ਜਾਂਦੀ ਤਾਂ ਇਸ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ |
ਉਂਜ ਨਿਗਮ ਵਿਚ ਬਣੇ ਕੰਟਰੋਲ ਰੂਮ ਵਿਚ ਕੰਮ ਕਰਦੇ ਆਪ੍ਰੇਟਰਾਂ ਨੇ ਮੇਅਰ ਨੂੰ ਦੱਸਿਆ ਕਿ ਜਦੋਂ ਇਸ ਬਾਰੇ ਉਹ ਜਾਣਕਾਰੀ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਕਈ ਡਰਾਈਵਰ ਸਹੀ ਤਰੀਕੇ ਨਾਲ ਨਹੀਂ ਬੋਲਦੇ ਹਨ |