ਸ਼ਾਹਕੋਟ, 30 ਜਨਵਰੀ (ਸੁਖਦੀਪ ਸਿੰਘ)- ਸਿਵਲ ਸਰਜਨ ਜਲੰਧਰ ਡਾ. ਰਜੇਸ਼ ਗਰਗ ਦੀ ਅਗਵਾਈ ਤੇ ਐਸ.ਐਮ.ਓ. ਸ਼ਾਹਕੋਟ ਡਾ. ਦੀਪਕ ਚੰਦਰ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ (ਸੀ.ਐਚ.ਸੀ.) ਸ਼ਾਹਕੋਟ ਵਿਖੇ 'ਹਵਾ-ਪ੍ਰਦੂਸ਼ਣ ਦਾ ਗਰਭਵਤੀ ਅਤੇ ਦੁੱਧ ਪਿਆਉ ਔਰਤਾਂ' ਉੱਪਰ ਹੋਣ ਵਾਲੇ ਮਾੜੇ ਪ੍ਰਭਾਵ ਵਿਸ਼ੇ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਏ.ਐਨ.ਐਮਜ਼, ਆਸ਼ਾ ਵਰਕਰਜ਼, ਗਰਭਵਤੀ ਅਤੇ ਦੁੱਧ-ਪਿਆਉ ਔਰਤਾਂ ਸ਼ਾਮਲ ਹੋਈਆਂ | ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਹੈਲਥ ਵਿਭਾਗ ਵਲੋਂ ਸੀਨੀਅਰ ਰਿਸਰਚਰ ਡਾ. ਸ਼ਿਵਾਨੀ ਅਤੇ ਰਿਸਰਚ ਸਹਾਇਕ ਡਾ. ਜੈਸਮੀਨ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਹਵਾ 'ਚ ਪ੍ਰਦੂਸ਼ਣ ਵਧਣ ਨਾਲ ਗਰਭ 'ਚ ਪਲ ਰਹੇ ਬੱਚੇ ਤੇ ਨਵਜਾਤ ਬੱਚਿਆਂ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ | ਉਨ੍ਹਾਂ ਇਸ ਤੋਂ ਬਚਾਅ ਲਈ ਜ਼ਰੂਰੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਰੇਕ ਔਰਤ ਨੂੰ ਗਰਭ-ਅਵਸਥਾ ਦੌਰਾਨ ਘੱਟੋ-ਘੱਟ ਤਿੰਨ ਵਾਰ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਐੱਸ.ਐੱਮ.ਓ. ਡਾ. ਦੀਪਕ ਚੰਦਰ, ਡਾ. ਧੀਰਜ ਕੁਮਾਰ, ਤਰਨਦੀਪ ਸਿੰਘ ਰੂਬੀ ਚੀਫ਼ ਫਾਰਮਾਸਿਸਟ, ਏ.ਐਨ.ਐਮ. ਨਰਿੰਦਰ ਕੌਰ, ਸੰਦੀਪ ਕੌਰ, ਗੁਰਦੀਪ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ, ਅਨੀਤਾ, ਅਮਨਦੀਪ ਕੌਰ, ਮਨਦੀਪ ਕੌਰ, ਬਲਜੀਤ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ |