ਗੁਰਾਇਆ, 30 ਜਨਵਰੀ (ਬਲਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਪਿ੍ੰਸੀਪਲ ਡਾ. ਗੁਰਸ਼ਰਨਜੀਤ ਬੈਂਸ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਚਾਰਜ ਪ੍ਰੋ. ਡਾ. ਰੁਪਿੰਦਰ ਮਾਹਲ ਦੀ ਦੇਖ-ਰੇਖ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ | ਭਾਈ ਸਾਹਿਬ ਅਵਤਾਰ ਸਿੰਘ ਮੁਲਤਾਨੀ (ਲੁਧਿਆਣਾ ਵਾਲੇ) ਤੇ ਸਾਥੀਆਂ ਵਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਡਾ. ਰੁਪਿੰਦਰ ਮਾਹਲ ਵਲੋਂ ਨਿਭਾਈ ਗਈ | ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਊਧਮ ਸਿੰਘ ਔਲਖ ਜੂਨੀਅਰ ਮੀਤ ਪ੍ਰਧਾਨ, ਸੁਖਜੀਤ ਸਿੰਘ ਜੌਹਲ (ਸਕੱਤਰ), ਗੁਰਦਾਵਰ ਸਿੰਘ ਪਾਸਲਾ (ਕਮੇਟੀ ਮੈਂਬਰ), ਜਸਵੀਰ ਸਿੰਘ ਪਾਸਲਾ, ਬਲਵਿੰਦਰ ਸਿੰਘ, ਸਰੂਪ ਸਿੰਘ, ਹਰਨਿੰਦਰ ਕੌਰ (ਕਮੇਟੀ ਮੈਂਬਰ), ਸਾਧੂ ਸਿੰਘ, ਰਸ਼ਪਾਲ ਸਿੰਘ ਸਹੋਤਾ ਸ਼ਾਮਿਲ ਹੋਏ | ਸਰਦਾਰਨੀ ਹਰਨਿੰਦਰ ਕੌਰ ਕਮੇਟੀ ਮੈਂਬਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਪੀੜੀ ਸੋਸ਼ਲ ਮੀਡੀਆ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਕਰਕੇ ਗੁਰਬਾਣੀ ਤੋਂ ਦੂਰ ਹੋ ਰਹੀ ਹੈ | ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ | ਗੁਰੂ ਜੀ ਦਾ ਸੰਗਤ ਤੇ ਪੰਗਤ ਦਾ ਫ਼ਲਸਫ਼ਾ ਅੱਜ ਵੀ ਸਮਾਜ ਦੇ ਹਰ ਵਰਗ ਨੂੰ ਇੱਕਜੁੱਟ ਕਰਦਾ ਹੈ | ਕਾਲਜ ਪ੍ਰਬੰਧਕ ਕਮੇਟੀ ਵਲੋਂ 'ਗੁਰਮਤਿ ਗਿਆਨ' ਦੇ ਇਮਤਿਹਾਨ 'ਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਸ. ਸਾਧੂ ਸਿੰਘ ਵਲੋਂ ਜ਼ਰੂਰਤਮੰਦ ਵਿਦਿਆਰਥੀਆ ਦੀ ਮਦਦ ਲਈ 21000 ਰੁਪਏ ਦਾਨ ਕੀਤੇ ਗਏ | ਉਨ੍ਹਾਂ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ |