ਜਲੰਧਰ, 23 ਅਪ੍ਰੈਲ (ਐ ੱਮ. ਐੱਸ. ਲੋਹੀਆ)'ਦੀ ਕੌਂਸਲ ਆਫ਼ ਸੁਪਰ ਸਪੈਸ਼ਲਿਸਟਸ' ਵਲੋਂ ਆਪਣੇ ਮੈਂਬਰ ਡਾਕਟਰਾਂ ਨੂੰ ਆਧੁਨਿਕ ਇਲਾਜ ਤੇ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਸੀ. ਐੱਮ. ਈ. (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਕਰਵਾਈ ਗਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਪ੍ਰੋਫ਼ੈਸਰ ਥਾਮਸ ਏ. ਨਾਕਾਗਾਵਾ (ਸੇਵਾਮੁਕਤ ਪ੍ਰੋਫ਼ੈਸਰ ਆਫ਼ ਪੀਡੀਆਟਿ੍ਕਸ, ਯੂਨੀਵਰਸਿਟੀ ਆਫ਼ ਫਲੋਰੀਡਾ ਕਾਲਜ ਆਫ਼ ਮੈਡੀਸਨ, ਜੈਕਸਨਵਿਲ) ਅਤੇ ਡਾ. ਤੁਸ਼ਾਰ ਅਰੋੜਾ, ਫੋਰਟਿਸ ਹਸਪਤਾਲ ਦੇ ਨਿਊਰੋਸਰਜਨ ਨੇ ਡਾਕਟਰਾਂ ਨੂੰ ਬੱਚਿਆਂ 'ਚ ਸਿਰ ਦੀਆਂ ਸੱਟਾਂ ਦੇ ਇਲਾਜ ਲਈ ਅਤਿ-ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਇਆ | ਕੌਂਸਲ ਦੇ ਸਰਪ੍ਰਸਤ ਡਾ. ਅਸ਼ਵਨੀ ਸੂਰੀ ਦੀ ਨਿਗਰਾਨੀ ਹੇਠ ਅਤੇ ਇਸ ਦੇ ਪ੍ਰਧਾਨ ਡਾ. ਦੇਵੇਂਦਰ ਪੰਵਾਰ ਦੀ ਪ੍ਰਧਾਨਗੀ ਹੇਠ ਕਰਵਾਈ ਸੀ. ਐੱਮ. ਈ. ਦੀ ਸ਼ੁਰੂਆਤ ਸਕੱਤਰ ਡਾ. ਭਰਤ ਗੁਪਤਾ ਨੇ ਸਾਰੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕੀਤੀ | ਉਪਰੰਤ ਪ੍ਰੋਫ਼ੈਸਰ ਥਾਮਸ ਏ. ਨਾਕਾਗਾਵਾ ਨੇ ਕਿਹਾ ਕਿ ਅਕਸਰ ਛੋਟੇ ਬੱਚਿਆਂ ਦੇ ਡਿੱਗਣ ਨਾਲ ਸਿਰ 'ਚ ਸੱਟਾਂ ਲੱਗ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸੱਟ ਲੱਗਣ ਤੋਂ ਬਾਅਦ ਬੱਚਾ ਬੇਹੋਸ਼ ਹੁੰਦਾ ਹੈ, ਜਾਂ ਵਾਰ-ਵਾਰ ਉਲਟੀਆਂ ਕਰਦਾ ਹੈ, ਜਾਂ ਲਗਾਤਾਰ ਰੌਂਦਾ ਰਹਿੰਦਾ ਹੈ, ਜਾਂ ਉਸ ਨੂੰ ਸੁੱਧ-ਬੁੱਧ ਨਹੀਂ ਰਹਿੰਦੀ ਤਾਂ ਇਸ ਨੂੰ ਅਣਗੌਲਿਆ ਕਰਨਾ ਨੁਕਸਾਨਦੇਹ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਅਜਿਹੀ ਹਾਲਤ 'ਚ ਬੱਚੇ ਨੂੰ ਤੁਰੰਤ ਕਿਸੇ ਮਾਹਿਰ ਕੋਲ ਲਿਜਾਣਾ ਚਾਹੀਦਾ ਹੈ ਤੇ ਉਸ ਦਾ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਅਜਿਹੀਆਂ ਸੱਟਾਂ ਦੇ ਆਧੁਨਿਕ ਇਲਾਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਸੀ. ਐੱਮ. ਈ. 'ਚ ਹਾਜ਼ਰ ਡਾਕਟਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਤੁਸ਼ਾਰ ਅਰੋੜਾ ਨੇ 'ਪੀਡੀਆਟਿ੍ਕ ਹੈੱਡ ਸਰਜਰੀ ਮਰੀਜ਼ਾਂ 'ਚ ਨਿਊਰੋਸਰਜੀਕਲ ਦਖ਼ਲਅੰਦਾਜ਼ੀ' ਵਿਸ਼ੇ 'ਤੇ ਬੋਲਦਿਆਂ ਸਰਜੀਕਲ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸੀ. ਐੱਮ. ਈ. ਦੇ ਆਖਰੀ ਪੜਾਅ 'ਤੇ ਬੁਲਾਰਿਆਂ ਨੇ ਹਾਜ਼ਰ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਉਪਰੰਤ ਕੌਂਸਿਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ |