03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੀਵਰੇਜ ਲੀਕੇਜ, ਹੌਦੀਆਂ ਦੇ ਸਹੀ ਨਾ ਬਣਨ ਕਾਰਨ ਕਈ ਥਾਵਾਂ ’ਤੇ ਧਸ ਰਹੀਆਂ ਸੜਕਾਂ ਪੁਰਾਣੀ ਸਬਜ਼ੀ ਮੰਡੀ ਬਾਹਰ ਸੜਕ ਧਸਣ ਦਾ ਆਇਆ ਨਵਾਂ ਮਾਮਲਾ

Ad Position 21
No active advertisement
ਅਜੀਤ ਡੈਸਕ 26-06-2026
ਜਲੰਧਰ, 25 ਜੂਨ (ਸ਼ਿਵ)- ਨਗਰ ਨਿਗਮ ਵਲੋਂ ਜਿੱਥੇ ਹਰ ਸਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਜਾਂ ਗਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਪਰ ਕਈ ਬਾਰ ਲਗਾਤਾਰ ਵਧ ਰਹੇ ਦਬਾਅ ਕਾਰਨ ਸੀਵਰੇਜ ਅਤੇ ਪਾਣੀ ਸਪਲਾਈ ਦੀਆਂ ਪਾਈਪਾਂ ਲੀਕੇਜ ਹੋਣ ਕਰਕੇ ਸੜਕਾਂ ਧਸਣ ਦੇ ਮਾਮਲੇ ਅਕਸਰ ਸਾਹਮਣੇ ਆ ਰਹੇ ਹਨ। ਲਗਾਤਾਰ ਸੜਕਾਂ ਧਸਣ ਦੇ ਮਾਮਲੇ ਸਾਹਮਣੇ ਆਉਣ ’ਤੇ ਨਗਰ ਨਿਗਮ ਦੇ ਬੀ.ਐਂਡ. ਆਰ. ਵਿਭਾਗ ਨੂੰ ਹਰ ਸਾਲ ਕਰੋੜਾਂ ਰੁਪਏ ਇਨ੍ਹਾਂ ਦੀ ਮੁਰੰਮਤ ਕਰਨ ’ਤੇ ਖਰਚਾ ਕਰਨਾ ਪੈਂਦਾ ਹੈ। ਹੁਣ ਸੜਕ ਧਸਣ ਦਾ ਤਾਜ਼ਾ ਮਾਮਲਾ ਪਟੇਲ ਚੌਕ ਦੇ ਕੋਲ ਪੁਰਾਣੀ ਸਬਜ਼ੀ ਮੰਡੀ ਬਾਹਰ ਸਾਹਮਣੇ ਆਇਆ ਜਿੱਥੇ ਸੜਕ ਧਸਣ ਕਾਰਨ ਹਾਦਸਾ ਹੋਣ ਦੀ ਸ਼ੰਕਾ ਪਾਈ ਜਾ ਰਹੀ ਹੈ ਤਾਂ ਲੋਕਾਂ ਨੇ ਉੱਥੇ ਇਹਤਿਆਤ ਵਜੋਂ ਡੰਡੇ ਲਗਾ ਦਿੱਤੇ ਹਨ ਤਾਂ ਜੋ ਕੋਈ ਭੁਲੇਖੇ ਨਾਲ ਇਸ ਪਾਸੇ ਨਾ ਆ ਸਕੇ। ਇਸ ਤੋਂ ਪਹਿਲਾਂ ਕਈ ਥਾਵਾਂ ’ਤੇ ਸੜਕਾਂ ਧਸਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਨ੍ਹਾਂ ਵਿਚ ਬੀ. ਐਮ. ਸੀ. ਚੌਕ ਵੀ ਸੜਕ ਧਸ ਚੁੱਕੀ ਹੈ ਤੇ ਇਸੇ ਤਰਾਂ ਨਾਲ ਮਿਸ਼ਨ ਚੌਕ ਦੇ ਕੋਲ ਵੀ ਸੜਕ ਧਸ ਗਈ ਸੀ ਜਿਸ ਕਰਕੇ ਹੁਣ ਉਸ ਦੀ ਮੁਰੰਮਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰਾਂ ਨਾਲ ਕੁੱਝ ਸਮਾਂ ਪਹਿਲਾਂ ਦੋਆਬਾ ਚੌਕ ਵਿਚ ਮੇਨਹੋਲ ਦੀ ਕੰਧ ਟੁੱਟ ਜਾਣ ਕਾਰਨ ਸੜਕ ਦਾ ਕਾਫ਼ੀ ਹਿੱਸਾ ਧਸ ਗਿਆ ਸੀ ਜਦਕਿ ਅਰਬਨ ਅਸਟੇਟ ਦੇ ਕੋਲ ਵੀ ਮੇਨਹੋਲ ਦੀ ਕੰਧ ਟੁੱਟਣ ਨਾਲ ਸੜਕ ਦੁਬਾਰਾ ਖੋਦਣੀ ਪਈ ਸੀ। ਮਾਹਿਰਾਂ ਦਾ ਕਹਿਣਾ ਸੀ ਕਿ ਸੜਕਾਂ ਧਸਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਇਕ ਤਾਂ ਕਈ ਸੜਕਾਂ ਦੇ ਹੇਠਾਂ ਤੋਂ ਸੀਵਰੇਜ ਜਾਂ ਪਾਣੀ ਸਪਲਾਈ ਦੀਆਂ ਲਾਈਨਾਂ ਗੁਜ਼ਰਦੀਆਂ ਹਨ। ਜਦੋਂ ਸੀਵਰੇਜ ਜਾਂ ਪਾਣੀ ਸਪਲਾਈ ਦਾ ਦਬਾਅ ਵਧਦਾ ਹੈ ਤਾਂ ਕਈ ਬਾਰ ਪਾਣੀ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨਾਲ ਸੜਕ ਧਸ ਜਾਂਦੀ ਹੈ ਤੇ ਦੇਖਦੇ-ਦੇਖਦੇ ਵੱਡਾ ਖੱਡਾ ਬਣ ਜਾਂਦਾ ਹੈ। ਕਈ ਸੜਕਾਂ ਜਾਂ ਪਾਣੀ ਸਪਲਾਈ ਦੀਆਂ ਲਾਈਨਾਂ ਜ਼ਿਆਦਾ ਡੂੰਘੀਆਂ ਨਹੀਂ ਹਨ ਤਾਂ ਜਦੋਂ ਇਨ੍ਹਾਂ ਦੇ ਉੱਪਰ ਸੜਕਾਂ ਤੋਂ ਵੱਡਾ ਟ੍ਰੈਫਿਕ ਲੰਘਦਾ ਹੈ ਤਾਂ ਇਸ ਨਾਲ ਪਾਈਪਾਂ ’ਤੇ ਦਬਾਅ ਪੈਂਦਾ ਹੈ ਤਾਂ ਲੀਕੇਜ ਸ਼ੁਰੂ ਹੋ ਜਾਂਦੀ ਹੈ। ਇਸ ਦਾ ਕੋਈ ਹੱਲ ਤਾਂ ਨਹੀਂ ਕੱਢਿਆ ਜਾ ਸਕਦਾ ਹੈ ਤਾਂ ਨਗਰ ਨਿਗਮ ਨੂੰ ਸੜਕ ਧਸ ਜਾਣ ਤੋਂ ਬਾਅਦ ਤਾਂ ਇਨ੍ਹਾਂ ਲੀਕ ਹੁੰਦੀਆਂ ਸੀਵਰੇਜ ਜਾਂ ਪਾਣੀ ਦੀਆਂ ਪਾਈਪਾਂ ਨੂੰ ਠੀਕ ਕਰਕੇ ਦੁਬਾਰਾ ਬਣਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਮੇਨਹੋਲ ਹੌਦੀਆਂ ਦੇ ਨਿਰਮਾਣ ਵਿਚ ਕਾਫ਼ੀ ਹਲਕਾ ਮਟੀਰੀਅਲ ਲੱਗ ਜਾਂਦਾ ਹੈ ਤਾਂ ਸੀਵਰੇਜ ਦੇ ਪਾਣੀ ਦਾ ਦਬਾਅ ਵਧਣ ਨਾਲ ਮੇਨਹੋਲ ਦੀਆਂ ਹੌਦੀਆਂ ਵਿਚ ਲੀਕੇਜ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਲਈ ਨਿਗਮ ਅਫ਼ਸਰਾਂ ਨੂੰ ਇਸ ਦੇ ਨਿਰਮਾਣ ਦੀ ਗੁਣਵੱਤਾ ਵਿਚ ਹੋਰ ਸੁਧਾਰ ਕਰਵਾਉਣਾ ਹੋਵੇਗਾ। ਦੂਜੇ ਪਾਸੇ ਤਾਂ ਹੁਣ ਕੰਕਰੀਟ ਦੀਆਂ ਬਣ ਰਹੀਆਂ ਨਵੀਆਂ ਸੜਕਾਂ ਜਾਂ ਤਾਂ ਉੱਖੜ ਰਹੀਆਂ ਹਨ ਜਾਂ ਫਿਰ ਟੁੱਟ ਰਹੀਆਂ ਹਨ। ਕੁੱਝ ਸਮਾਂ ਪਹਿਲਾਂ ਵਾਰਡ ਨੰਬਰ 85 ਵਿਚ 45ਲੱਖ ਰੁਪਏ ਦੀ ਕੰਕਰੀਟ ਦੀ ਬਣਾਈ ਗਈ ਸੜਕ ਪੰਜ ਮਹੀਨੇ ਬਾਅਦ ਹੀ ਉੱਖੜ ਗਈ ਸੀ। ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਤੋਂ ਬਾਅਦ ਠੇਕੇਦਾਰ ਨੇ ਇਸ ਸੜਕ ਦਾ ਖ਼ਰਾਬ ਹੋਇਆ ਹਿੱਸਾ ਤੋੜ ਕੇ ਦੁਬਾਰਾ ਬਣਾ ਦਿੱਤਾ ਸੀ ਪਰ ਇਸ ਦੇ ਕੁੱਝ ਦਿਨ ਬਾਅਦ ਕੁੱਝ ਦੂਰੀ ’ਤੇ ਸੜਕ ਦੁਬਾਰਾ ਟੁੱਟ ਗਈ ਸੀ। ਇਸ ਤਰਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ। ਕੁੱਝ ਸਮਾਂ ਪਹਿਲਾਂ ਇਕਹਿਰੀ ਪੁਲੀ ਦੀ ਸੜਕ ਵੀ ਫੱਟ ਗਈ ਸੀ। ਦੱਸਿਆ ਜਾਂਦਾ ਹੈ ਕਿ ਇਸ ਦੇ ਨਿਰਮਾਣ ਵੇਲੇ ਹੀ ਸਹੀ ਤਰਾਂ ਨਾਲ ਕੰਮ ਨਹੀਂ ਹੋਇਆ ਸੀ ਜਿਸ ਕਰਕੇ ਸੜਕਾਂ ਦੇ ਉੱਖੜਨ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਲੱਗ ਪਈਆਂ ਹਨ। ਨਗਰ ਨਿਗਮ ਵਲੋਂ ਹਰ ਸਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ ਤੇ ਗਲੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਨਿਰਮਾਣ ਤੋਂ ਪਹਿਲਾਂ ਸੀਵਰੇਜ ਜਾਂ ਪਾਣੀ ਸਪਲਾਈ ਦੀਆਂ ਪਾਈਪਾਂ ਦਾ ਵੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਤੇ ਮੇਨਹੋਲ ਦੀਆਂ ਹੌਦੀਆਂ ਦੀ ਗੁਣਵੱਤਾ ਵਿਚ ਸੁਧਾਰ ਕਰਕੇ ਹੀ ਸੜਕਾਂ ਧਸਣ ਦੇ ਮਾਮਲੇ ਰੋਕੇ ਜਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਕਾਰਨ ਸ਼ਹਿਰ ਦੇ ਵੱਡੀ ਗਿਣਤੀ ਬਾਜ਼ਾਰ ਅਗਲੇ 3-4 ਦਿਨਾਂ ਲਈ ਰਹਿਣਗੇ ਬੰਦ ਅਗਲੀ ਖ਼ਬਰ 500 ਗ੍ਰਾਮ ਹੈਰੋਇਨ ਤੇ ਕਿੱਲੋ ਅਫ਼ੀਮ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ
Ad Position 24
No active advertisement