05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਐਤਵਾਰ ਕੰਮ ’ਤੇ ਗਏ ਨੌਜਵਾਨ ਦੀ ਮਿਲੀ ਲਾਸ਼, ਦੂਜੀ ਗਲੀ ’ਚ ਰਹਿਣ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਬਾਈਕ ਰੇਹੜੀ ’ਤੇ ਲੱਦੀ ਲਾਸ਼ ਸੁੱਟਦੇ ਕੈਮਰੇ ’ਚ ਕੈਦ ਹੋਏ ਮੁਲਜ਼ਮ ਮਨਦੀਪ ਤੇ ਉਸ ਦੀ ਪਤਨੀ

Ad Position 21
No active advertisement
ਅਜੀਤ ਡੈਸਕ 30-06-2026
ਜਲੰਧਰ, 29 ਜੂਨ (ਜਤਿੰਦਰ ਪੰਮੀ)–ਐਤਵਾਰ ਨੂੰ ਘਰੋਂ ਕੰਮ ’ਤੇ ਗਏ ਨੌਜਵਾਨ ਦੀ ਲਾਸ਼ ਸੋਮਵਾਰ ਸਵੇਰੇ 6 ਵਜੇ ਮੁਹੱਲੇ ਦੀ ਦੂਜੀ ਗਲੀ ’ਚੋਂ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਸੋਨਾ ਉਮਰ 28 ਸਾਲ ਵਾਸੀ ਤੇਜ ਮੋਹਨ ਨਗਰ ਬਸਤੀ ਸ਼ੇਖ ਵਜੋਂ ਹੋਈ ਹੈ, ਜੋ ਕਿ ਸਿਲਾਈ ਦਾ ਕੰਮ ਕਰਦਾ ਸੀ। ਸੋਨਾ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ। ਇਸੇ ਦੌਰਾਨ ਥਾਣੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੋਨੇ ਦੀ ਹੱਤਿਆ ਕੀਤੀ ਗਈ ਹੈ, ਜਿਸ ’ਤੇ ਪੁਲਿਸ ਨੇ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਇਕ ਮਰਦ ਤੇ ਔਰਤ ਸੋਨੇ ਦੀ ਲਾਸ਼ ਬਾਈਕ ਰੇਹੜੀ ’ਤੇ ਲਿਆ ਕੇ ਉਕਤ ਜਗ੍ਹਾ ਸੁੱਟ ਰਹੇ ਸਨ, ਜਿਨ੍ਹਾਂ ਦੀ ਪਛਾਣ ਮਨਦੀਪ ਸਿੰਘ ਤੇ ਉਸ ਦੀ ਪਤਨੀ ਵਜੋਂ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਪਤੀ-ਪਤਨੀ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।ਥਾਣੇ ਪੁੱਜੀ ਮ੍ਰਿਤਕ ਸੋਨਾ ਦੀ ਮਾਤਾ ਨੇ ਦੱਸਿਆ ਕਿ ਐਤਵਾਰ ਨੂੰ ਉਸ ਦਾ ਪੁੱਤਰ ਸਵੇਰੇ 8.30 ਵਜੇ ਕੰਮ ’ਤੇ ਗਿਆ ਸੀ ਪਰ ਦੇਰ ਰਾਤ ਵੀ ਘਰ ਨਹੀਂ ਪਰਤਿਆ। ਅੱਜ ਸਵੇਰੇ ਕਰੀਬ 6 ਵਜੇ ਉਨ੍ਹਾਂ ਨੂੰ ਪੁਲਿਸ ਦਾ ਫੋਨ ਆਇਆ ਕਿ ਗਲੀ ਨੰਬਰ ਛੇ ਵਿੱਚ ਸੋਨੇ ਦੀ ਲਾਸ਼ ਪਈ ਹੈ। ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਗਲੀ ਨੰਬਰ ਛੇ ਵਾਸੀ ਮਨਦੀਪ ਸਿੰਘ ਨੇ ਹੀ ਉਸ ਦੇ ਪੁੱਤਰ ਦੀ ਹੱਤਿਆ ਕੀਤੀ ਹੈ ਕਿਉਂਕਿ ਉਸ ਨੇ ਪਹਿਲਾਂ ਵੀ ਦੋ-ਤਿੰਨ ਵਾਰ ਸੋਨਾ ਨਾਲ ਕੁੱਟਮਾਰ ਕੀਤੀ ਸੀ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜੀ ਗਈ ਅਤੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ’ਤੇ ਸਾਹਮਣੇ ਆਇਆ ਕਿ ਮਨਦੀਪ ਸਿੰਘ ਤੇ ਉਸ ਦੀ ਪਤਨੀ ਸੋਨੇ ਦੀ ਲਾਸ਼ ਬਾਈਕ ਰੇਹੜੀ ਵਿੱਚ ਪਾ ਕੇ ਲਿਆਏ ਅਤੇ ਉਕਤ ਸਥਾਨ ’ਤੇ ਸੁੱਟ ਦਿੱਤੀ। ਏ. ਸੀ. ਪੀ. ਭਾਟੀਆ ਨੇ ਦੱਸਿਆ ਕਿ ਫੁਟੇਜ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਇੰਚਾਰਜ ਯਾਦਵਿੰਦਰ ਸਿੰਘ ਦੀ ਅਗਵਾਈ ’ਚ ਪੁਲਿਸ ਨੇ ਮਨਦੀਪ ਸਿੰਘ ਤੇ ਉਸ ਦੀ ਪਤਨੀ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ।
ਪਹਿਲਾਂ ਵੀ ਦਰਜ ਹਨ ਕੇਸ ਤੇ ਜੇਲ੍ਹ ਵੀ ਕੱਟ ਚੁੱਕੈ ਮੁਲਜ਼ਮ
ਸੋਨੇ ਦੀ ਮੌਤ ਦੇ ਮਾਮਲੇ ’ਚ ਹਿਰਾਸਤ ’ਚ ਲਏ ਗਏ ਮੁਲਜ਼ਮ ਦਾ ਪਿਛਲਾ ਅਪਰਾਧਕ ਰਿਕਾਰਡ ਵੀ ਹੈ। ਏ. ਸੀ. ਪੀ. ਭਾਟੀਆ ਨੇ ਦੱਸਿਆ ਕਿ ਹਿਰਾਸਤ ’ਚ ਗਏ ਮੁਲਜ਼ਮ ਮਨਦੀਪ ਖ਼ਿਲਾਫ ਪਹਿਲਾਂ ਵੀ ਤਿੰਨ ਕੇਸ ਦਰਜ ਹਨ। ਇਕ ਕੇਸ ’ਚ ਉਹ ਭਗੌੜਾ ਵੀ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਇਸ ਉਪਰੰਤ ਗ੍ਰਿਫ਼ਤਾਰ ਕਰਕੇ ਉਸ ਨੂੰ ਜੇਲ੍ਹ ਭੇਜਿਆ ਸੀ। ਉਹ ਦੋ ਸਾਲ ਜੇਲ੍ਹ ’ਚ ਵੀ ਰਹਿ ਕੇ ਆਇਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ, ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਸ਼ਹਿਰ ਦੇ ਸਾਰੇ ਬਾਜ਼ਾਰ, ਗਰਮੀ ਤੇ ਹੁੰਮਸ ਕਾਰਨ ਰਿਹਾ ਸੰਨਾਟਾ
Ad Position 24
No active advertisement