ਆਦਮਪੁਰ, 4 ਜੁਲਾਈ: (ਹਰਪ੍ਰੀਤ ਸਿੰਘ)-ਵਰਲਡ ਬੁੱਧਿਸਟ ਫੈਡਰੇਸ਼ਨ ਦੇ ਪ੍ਰਧਾਨ ਅੰਬੈਸਡਰ ਡਾ. ਪਰਵਿੰਦਰ ਸਿੰਘ ਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਦੀ ਕੋਰ ਕਮੇਟੀ ਹੁਸ਼ਿਆਰਪੁਰ ਦੇ ਮੈਂਬਰ ਸਤੀਸ਼ ਜੱਜਾ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਨੂੰ ਭਾਰਤ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਵੱਕਾਰੀ ‘ਪਦਮਸ੍ਰੀ’ ਸਨਮਾਨ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕਰਦਿਆਂ ਸਮਾਜਿਕ ਏਕਤਾ, ਮਨੁੱਖੀ ਭਲਾਈ, ਧਾਰਮਿਕ ਸਦਭਾਵਨਾ ਤੇ ਵੰਚਿਤ ਵਰਗਾਂ ਦੇ ਉਥਾਨ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸ਼ਾਂਤੀ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਨੂੰ ਮਿਲਿਆ ਪਦਮਸ੍ਰੀ ਸਨਮਾਨ ਕੇਵਲ ਇਕ ਵਿਅਕਤੀ ਦਾ ਨਹੀਂ, ਸਗੋਂ ਸਮਾਜ ਸੇਵਾ, ਮਨੁੱਖੀ ਬਰਾਬਰੀ, ਸਿੱਖਿਆ ਤੇ ਸਮਾਜਿਕ ਸੁਧਾਰਾਂ ਲਈ ਨਿਰੰਤਰ ਕੰਮ ਕਰਨ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਸਨਮਾਨ ਹੈ। ਇਸ ਮੌਕੇ ਸਤੀਸ਼ ਜੱਜਾ ਨੇ ਕਿਹਾ ਕਿ ਜਿਹੜੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਮਨੁੱਖਤਾ ਦੀ ਭਲਾਈ ਅਤੇ ਸਮਾਜਿਕ ਸੁਧਾਰ ਲਈ ਕੰਮ ਕਰ ਰਹੀਆਂ ਹਨ, ਉਹ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਪਰਮ ਪਾਲ, ਹਰਦੇਵ ਸਿੰਘ ਤੇ ਰਾਜਾ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।