ਜਲੰਧਰ, 27 ਜੁਲਾਈ (ਸ਼ਿਵ)- ਨਗਰ ਨਿਗਮ ਵਲੋਂ ਦਮੋਰੀਆ ਪੁਲ ਦੇ ਕੋਲ ਬਾਰਿਸ਼ ਦੇ ਪਾਣੀ ਦੀ ਸੰਭਾਲ ਅਤੇ ਸੰਗ੍ਰਹਿ (ਰੇਣ ਵਾਟਰ ਹਾਰਵੈਸਟਿੰਗ) ਵਾਲੇ ਪ੍ਰਾਜੈਕਟ ’ਤੇ ਅੱਜ ਕੰਮ ਸ਼ੁਰੂ ਕਰ ਦਿੱਤਾ ਗਿਆ। ਠੇਕੇਦਾਰ ਵਲੋਂ ਇਸ ਪ੍ਰਾਜੈਕਟ ਲਈ ਖ਼ੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਹ ਕੰਮ ਚੰਡੀਗੜ੍ਹ ਦੀ ਕੰਪਨੀ ਨੂੰ ਦਿੱਤਾ ਗਿਆ ਹੈ ਤੇ ਸਾਰੇ ਪ੍ਰਾਜੈਕਟ ’ਤੇ 50 ਲੱਖ ਰੁਪਏ ਦਾ ਖਰਚਾ ਆਏਗਾ । ਕੰਮ ਸ਼ੁਰੂ ਹੋਣ ਮੌਕੇ ਦਮੋਰੀਆ ਪੁਲ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਨਿਗਮ ਵਲੋਂ ਸ਼ੁਰੂ ਕਰਵਾਇਆ ਗਿਆ ਕੰਮ ਜਦੋਂ ਸ਼ੁਰੂ ਕੀਤਾ ਗਿਆ ਤਾਂ ਉਸ ਵੇਲੇ ਬਾਰਸ਼ ਪੈ ਗਈ। ਇਸ ਪ੍ਰਾਜੈਕਟ ਦਾ ਕੰਮ ਕਰਨ ਵਾਲੇ ਠੇਕੇਦਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੰਮ ਨੂੰ 2 ਮਹੀਨੇ ਦੇ ਕਰੀਬ ਪੂਰਾ ਕਰ ਲਿਆ ਜਾਵੇਗਾ ਤਾਂ ਇਸ ਕੰਮ ਲਈ ਤਿੰਨ ਸਾਈਟਾਂ ਦੀ ਚੋਣ ਕੀਤੀ ਗਈ ਹੈ। ਇਕ ਸਾਈਟ ਦੀ ਖ਼ੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਮੇਅਰ ਵਨੀਤ ਧੀਰ ਵਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਇਹ ਪ੍ਰਾਜੈਕਟ ਸਿਰੇ ਚੜ੍ਹ ਸਕਿਆ ਹੈ । ਇਸ ਨਾਲ ਦਮੋਰੀਆ ਪੁਲ ’ਚ ਪਾਣੀ ਭਰਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਕਿਉਂਕਿ ਜਿੰਨਾ ਵੀ ਪਾਣੀ ਇਸ ਪੁਲ ਹੇਠਾਂ ਇਕੱਠਾ ਹੋਵੇਗਾ। ਉਹ ਲਗਾਏ ਜਾਣ ਵਾਲੇ ਇਸ ਪ੍ਰਾਜੈਕਟ ਰਾਹੀਂ ਜ਼ਮੀਨ ਵਿਚ ਚਲਾ ਜਾਵੇਗਾ । ਓ. ਐਂਡ. ਐਮ. ਦੇ ਤਕਨੀਕੀ ਸਲਾਹਕਾਰ ਇੰਜ. ਸਤਿੰਦਰ ਮਹਾਜਨ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਦੀ ਹਦਾਇਤ ’ਤੇ ਇਸ ਪ੍ਰਾਜੈਕਟ ਨੂੰ ਲਾਈਨਾਂ ਤੋਂ 12 ਮੀਟਰ ਦੂਰ ਲਗਾਇਆ ਜਾ ਰਿਹਾ ਹੈ । ਇਸ ਪ੍ਰਾਜੈਕਟ ਦੇ ਤਹਿਤ ਕੁੱਲ 5 ਯੂਨਿਟ ਲਗਾਏ ਜਾਣਗੇ । ਇਨ੍ਹਾਂ ’ਚ 2 ਵੱਡੇ ਯੂਨਿਟ ਅਤੇ 4 ਯੂਨਿਟ ਲਗਾਏ ਜਾਣਗੇ। ਇਨ੍ਹਾਂ ਵਿਚ ਤਿੰਨ ਯੂਨਿਟ ਦਮੋਰੀਆ ਪੁਲ ਦੇ ਉੱਪਰ ਤਿੰਨ ਸਾਈਡਾਂ ’ਤੇ ਜਾਂਦੇ ਪਾਣੀ ਨੂੰ ਉੱਪਰ ਤੋਂ ਹੀ ਪਾਈਪਾਂ ਰਾਹੀਂ ਹੇਠਾਂ ਪਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਦਮੋਰੀਆ ਪੁਲ ਵਿਚ 10 ਤੋਂ 15 ਫੀਸਦੀ ਪਾਣੀ ਸੀਵਰ ਦਾ ਹੁੰਦਾ ਹੈ, ਜਦਕਿ ਬਾਕੀ ਪਾਣੀ ਬਾਰਿਸ਼ ਦਾ ਹੁੰਦਾ ਹੈ, ਜਿਸ ਨੂੰ ਇਸ ਪ੍ਰਾਜੈਕਟ ਰਾਹੀਂ ਜ਼ਮੀਨ ਵਿਚ ਪਾਇਆ ਜਾਵੇਗਾ । ਇੰਜ. ਮਹਾਜਨ ਨੇ ਦੱਸਿਆ ਕਿ ਕੰਪਨੀ ਨੂੰ ਤਿੰਨ ਸਾਲ ਲਈ ਇਸ ਪ੍ਰਾਜੈਕਟ ਦੀ ਓਪਰੇਸ਼ਨ ਐਂਡ ਮੈਟੀਨੈਂਸ ਦਾ ਕੰਮ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਯੂਨਿਟਾਂ ਦੀ ਸਫ਼ਾਈ ਕਰਨੀ ਵੀ ਜ਼ਰੂਰੀ ਹੁੰਦੀ ਹੈ। ਚੇਤੇ ਰਹੇ ਕਿ ਨਿਗਮ ਵਲੋਂ ਕਾਫੀ ਸਾਲ ਪਹਿਲਾਂ ਪਾਣੀ ਦੇ ਖੜੇ ਹੋਣ ਕਰਕੇ ਦਮੋਰੀਆ ਪੁਲ ਦਾ ਫਲਾਈ ਓਵਰ ਬਣਾਇਆ ਗਿਆ ਸੀ । ਉਧਰ ਕੰਮ ਸ਼ੁਰੂ ਹੋਣ ਮੌਕੇ ਦਮੋਰੀਆ ਪੁਲ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ ਤਾਂ ਅੱਜ ਟ੍ਰੈਫਿਕ ਪੁਲ ਦੇ ਹੇਠਾਂ ਦੀ ਜਗਾ ਫਲਾਈ ਓਵਰ ’ਤੇ ਕਾਫੀ ਟ੍ਰੈਫਿਕ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿੱਥੇ ਦਮੋਰੀਆ ਪੁਲ ਦਾ ਰਸਤਾ ਬੰਦ ਕੀਤਾ ਗਿਆ ਸੀ ਤੇ ਦੂਜੇ ਪਾਸੇ ਇਕਹਿਰੀ ਪੁਲੀ ਵਿਚ ਪਾਣੀ ਭਰਿਆ ਹੋਇਆ ਸੀ।