ਪਾਵਰਕਾਮ ਦੇ ਡਾਇਰੈਕਟਰ ( ਵਿੱਤ ) ਨਾਲ ਮੀਟਿੰਗ ’ ਚ ਖਪਤਕਾਰਾਂ ਨੇ ਉਠਾਏ ਫ਼ੀਲਡ ਸਟਾਫ਼ ਦੀ ਕਮੀ ਦੇ ਮੁੱਦੇ ਫ਼ੈਕਟਰੀ ਮਾਲਕਾਂ ਵਲੋਂ ਸਸਤੀ ਬਿਜਲੀ ਦੇਣ, ਨਵੇਂ ਸਬ-ਸਟੇਸ਼ਨ ਵਧਾਉਣ ਦੀ ਮੰਗ
ਜਲੰਧਰ , 8 ਅਗਸਤ ( ਸ਼ਿਵ )- ਪਾਵਰਕਾਮ ਦੇ ਡਾਇਰੈਕਟਰ ( ਫਾਈਨਾਂਸ ) ਸੀ . ਏ .
ਜਲੰਧਰ , 8 ਅਗਸਤ ( ਸ਼ਿਵ )- ਪਾਵਰਕਾਮ ਦੇ ਡਾਇਰੈਕਟਰ ( ਫਾਈਨਾਂਸ ) ਸੀ . ਏ . ਸ੍ਰੀ ਐੱਸ . ਕੇ . ਬੇਰੀ ਵਲੋਂ ਖਪਤਕਾਰਾਂ ਨਾਲ ਕੀਤੀ ਗਈ ਮੀਟਿੰਗ ਵਿਚ ਅਲੱਗ - ਅਲੱਗ ਖਪਤਕਾਰਾਂ ਵਲੋਂ ਫ਼ੀਲਡ ਵਿਚ ਬਿਜਲੀ ਸ਼ਿਕਾਇਤਾਂ ਨੂੰ ਠੀਕ ਕਰਨ ਲਈ ਸਟਾਫ਼ ਦੀ ਕਮੀ , ਨਵੇਂ ਬਿਜਲੀ ਘਰ ਬਣਾਉਣ , ਸਨਅਤਕਾਰਾਂ ਵਲੋਂ ਸਸਤੀ ਬਿਜਲੀ ਦੇਣ ਤੇ ਫੋਕਲ ਪੁਆਇੰਟ ਵਿਚ ਬਿਜਲੀ ਦੇ ਖੰਭਿਆਂ ਨੂੰ ਉੱਚਾ ਚੁੱਕਣ ਸਮੇਤ ਹੋਰ ਵੀ ਕਈ ਅਹਿਮ ਮੁੱਦੇ ਉਠਾਏ ਗਏ । ਸਨਅਤਕਾਰਾਂ ਵਲੋਂ ਖ਼ਾਸ ਤੌਰ ’ ਤੇ ਫ਼ੀਲਡ ਸਟਾਫ਼ ਦੀ ਘਾਟ ਕਾਰਨ ਪ੍ਰਭਾਵਿਤ ਹੋ ਰਹੇ ਰੱਖ - ਰਖਾਅ ਦੇ ਕੰਮ ਅਤੇ ਬਿਜਲੀ ਸਪਲਾਈ ਬਹਾਲ ਕਰਨ ਵਿਚ ਲੱਗ ਰਹੇ ਵਾਧੂ ਸਮੇਂ ’ ਤੇ ਚਿੰਤਾ ਪ੍ਰਗਟਾਈ ਗਈ । ਮੀਟਿੰਗ ਦੌਰਾਨ ਕਿਹਾ ਗਿਆ ਕਿ ਫ਼ੀਲਡ ਸਟਾਫ਼ ਦੀ ਕਮੀ ਕਾਰਨ ਬਿਜਲੀ ਲਾਈਨਾਂ ਅਤੇ ਹੋਰ ਬਿਜਲੀ ਢਾਂਚੇ ਦੀ ਮੁਰੰਮਤ ਤੇ ਰੱਖ - ਰਖਾਅ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ । ਇਸੇ ਕਾਰਨ ਕਿਸੇ ਖ਼ਰਾਬੀ ਦੀ ਸੂਰਤ ਵਿਚ ਬਿਜਲੀ ਸਪਲਾਈ ਬਹਾਲ ਕਰਨ ਵਿਚ ਵੀ ਵਧੇਰੇ ਸਮਾਂ ਲੱਗਦਾ ਹੈ । ਇਸ ਸਮੱਸਿਆ ਦੇ ਸਥਾਈ ਹੱਲ ਲਈ ਲੋੜੀਂਦੇ ਫ਼ੀਲਡ ਸਟਾਫ਼ ਦੀ ਤਾਇਨਾਤੀ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਆਰ . ਡੀ . ਐੱਸ . ਐੱਸ . ਸਕੀਮ ਅਧੀਨ ਠੇਕੇਦਾਰਾਂ ਕੋਲ ਲੋੜੀਂਦੀ ਲੇਬਰ ਉਪਲਬਧ ਨਾ ਹੋਣ ਕਾਰਨ ਪੁਰਾਣੇ ਐਲ . ਟੀ . ਐਚ . ਟੀ . ਨੈੱਟਵਰਕ ਦੀ ਤਬਦੀਲੀ ਅਤੇ ਅਪਗ੍ਰੇਡੇਸ਼ਨ ਦਾ ਕੰਮ ਵੀ ਲੰਬਿਤ ਪਿਆ ਹੋਣ ਦਾ ਮੁੱਦਾ ਚੁੱਕਿਆ ਗਿਆ । ਇਸ ਕੰਮ ਵਿਚ ਤੇਜ਼ੀ ਲਿਆਉਣ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ’ ਤੇ ਜ਼ੋਰ ਦਿੱਤਾ ਗਿਆ । ਮੀਟਿੰਗ ਵਿਚ ਪੀਕ ਲੋਡ ਪਾਬੰਦੀਆਂ ਦੀ ਮਿਆਦ 4 ਘੰਟਿਆਂ ਤੋਂ ਘਟਾ ਕੇ 3 ਘੰਟੇ ਕਰਨ ਦਾ ਮੁੱਦਾ ਵੀ ਵਿਚਾਰਿਆ ਗਿਆ , ਤਾਂ ਜੋ ਖਪਤਕਾਰਾਂ ਨੂੰ ਵਧੇਰੇ ਰਾਹਤ ਮਿਲ ਸਕੇ । ਨਵੇਂ ਬਿਜਲੀ ਸਬ - ਸਟੇਸ਼ਨਾਂ ਦੀ ਸਥਾਪਨਾ ਲਈ ਜ਼ਮੀਨ ਸਬੰਧੀ ਵੀ ਅਹਿਮ ਸੁਝਾਅ ਦਿੱਤਾ ਗਿਆ । ਕਿਹਾ ਗਿਆ ਕਿ ਪੰਚਾਇਤਾਂ ਤੋਂ ਜ਼ਮੀਨ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਅਕਸਰ ਦੇਰੀ ਹੋ ਜਾਂਦੀ ਹੈ , ਇਸ ਲਈ ਨਵੇਂ ਸਬ - ਸਟੇਸ਼ਨਾਂ ਲਈ ਢੁਕਵਿਆਂ ਥਾਵਾਂ ’ ਤੇ ਜ਼ਮੀਨ ਸਿੱਧੇ ਤੌਰ ’ ਤੇ ਖ਼ਰੀਦੀ ਜਾਵੇ , ਤਾਂ ਜੋ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ । ਖਪਤਕਾਰਾਂ ਦੀ ਸਹੂਲਤ ਲਈ ਹਰ ਸਾਲ ਸਾਲਾਨਾ ਵਿਆਜ ਸਟੇਟਮੈਂਟ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ । ਇਸ ਨਾਲ ਖਪਤਕਾਰਾਂ ਨੂੰ ਆਪਣੇ ਵਿੱਤੀ ਰਿਕਾਰਡ ਨੂੰ ਸੰਭਾਲਣ ਵਿਚ ਸਹੂਲਤ ਮਿਲੇਗੀ । ਮੀਟਿੰਗ ਵਿਚ ਸਨਅਤਕਾਰ ਆਗੂ ਗੁਰਸ਼ਰਨ ਸਿੰਘ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਕੋਲ ਵਾਧੂ ਬਿਜਲੀ ਹੈ ਤਾਂ ਉਹ ਪੀਕ ਆਵਰ ਸਮੇਂ ਦੌਰਾਨ 2 ਰੁਪਏ ਮਹਿੰਗੀ ਬਿਜਲੀ ਕਿਉਂ ਦੇ ਰਹੀ ਹੈ । ਸਨਅਤਕਾਰ ਅਸ਼ਵਨੀ ਵਿਕਟਰ ਨੇ ਮੰਗ ਕੀਤੀ ਕਿ ਫੋਕਲ ਪੁਆਇੰਟ ਵਿਚ ਬਿਜਲੀ ਦੇ ਖੰਭੇ ਕਾਫੀ ਨੀਵੇਂ ਹਨ । ਇਸ ਨਾਲ ਹਾਦਸਾ ਹੋ ਜਾਂਦਾ ਹੈ । ਉਨ੍ਹਾਂ ਨੂੰ ਉੱਚਾ ਕਰਵਾਇਆ ਜਾਵੇ ਜਦਕਿ ਇੰਡਸਟਰੀਅਲ ਅਸਟੇਟ ਐਸੋਸੀਏਸ਼ਨ ਦੇ ਪ੍ਰਧਾਨ ਸੂਬਾ ਸਿੰਘ ਦਾ ਕਹਿਣਾ ਸੀ ਕਿ ਉਨਾਂ ਦੇ ਇਲਾਕੇ ਵਿਚ ਇਕ ਥਾਂ ਦੀ ਸਫ਼ਾਈ ਕਰਵਾ ਕੇ ਉੱਥੇ ਬਿਜਲੀ ਸ਼ਿਕਾਇਤ ਘਰ ਦੁਬਾਰਾ ਬਣਾਇਆ ਜਾਵੇ । ਡਾਇਰੈਕਟਰ ਸ੍ਰੀ ਐੱਸ . ਕੇ . ਬੇਰੀ ਨੇ ਕਿਹਾ ਕਿ ਮੀਟਿੰਗ ਵਿਚ ਸਨਅਤਕਾਰਾਂ ਦੇ ਜਿਹੜੇ ਮਸਲੇ ਉਠਾਏ ਗਏ ਹਨ । ਉਨਾਂ ਨੂੰ ਪਹਿਲ ਦੇ ਆਧਾਰ ’ ਤੇ ਹੱਲ ਕਰਵਾਇਆ ਜਾਵੇਗਾ । ਉਨਾਂ ਕਿਹਾ ਕਿ ਪਾਵਰਕਾਮ ਹਰ ਵਰਗ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਉਪਲਬਧ ਕਰਵਾਉਣ ਲਈ ਬਚਨਬੱਧ ਹੈ । ਇਸ ਦੇ ਨਾਲ ਹੀ ਐਮ . ਐੱਸ . ਕੈਟਾਗਰੀ ਅਧੀਨ ਲੋੜ ਦੀ ਯੋਗਤਾ 100 ਕੇ . ਵੀ . ਏ . ਤੋਂ ਵਧਾ ਕੇ 200 ਕੇ . ਵੀ . ਏ . ਕਰਨ ਦਾ ਮੁੱਦਾ ਵੀ ਉਠਾਇਆ ਗਿਆ । ਇਸ ਨਾਲ ਵੱਡੇ ਬਿਜਲੀ ਖਪਤਕਾਰਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਬਿਜਲੀ ਕੁਨੈਕਸ਼ਨ ਅਤੇ ਲੋਡ ਸਬੰਧੀ ਵਧੇਰੇ ਸਹੂਲਤ ਮਿਲਣ ਦੀ ਉਮੀਦ ਜਤਾਈ ਗਈ । ਇਸ ਮੌਕੇ ਪਾਵਰਕਾਮ ਦੇ ਉੱਤਰੀ ਜੋਨ ਦੇ ਮੁੱਖ ਇੰਜ . ਸਰਬਜੀਤ ਸਿੰਘ , ਉਪ ਮੁੱਖ ਇੰਜ . ਗੁਲਸ਼ਨ ਚੁਟਾਨੀ ਤੋਂ ਇਲਾਵਾ ਐਕਸੀਅਨ ਹਰਵਿੰਦਰ ਸਿੰਘ , ਜਸਵਿੰਦਰ ਸਿੰਘ , ਦਵਿੰਦਰ ਪਾਲ ਸਿੰਘ , ਮਨਿੰਦਰਜੀਤ ਸਿੰਘ ਤੋਂ ਇਲਾਵਾ ਤੁਸ਼ਾਰ ਜੈਨ , ਸੁਖਦੇਵ ਸਿੰਘ , ਸੰਜੀਵ ਕੁਮਾਰ , ਜਸਜੀਤ ਸਿੰਘ ਬੇਦੀ , ਰਘੁਬੀਰ ਸਿੰਘ , ਸੰਜੀਵ ਭਾਰਦਵਾਜ , ਸ਼ਾਂਤ ਗੁਪਤਾ , ਆਰ . ਕੇ . ਗਾਂਧੀ , ਸ਼ਿਆਮ ਗੋਸਵਾਮੀ , ਬਲਰਾਮ ਕਪੂਰ , ਗੁਰਚਰਨ ਸਿੰਘ , ਜਤਿਨ ਗੁਲ੍ਹਾਟੀ , ਨਿਤਿਨ ਕਪੂਰ , ਨਰਿੰਦਰ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।