ਤਵਾਰ ਹੋਣ ਕਰਕੇ ਮੈਂ ਆਪਣੇ ਦੋਸਤ ਦੇ ਘਰ ਚਲਾ ਗਿਆ। ਜਾ ਕੇ ਵੀ ਦੇਖਦੈਂ ਕਿ ਦੋ ਤਿੰਨ ਵੱਡੇ-ਵੱਡੇ ਅਟੈਚੀ ਕੱਪੜਿਆਂ ਨਾਲ ਭਰੇ ਜਾ ਰਹੇ ਸੀ, ਪੁੱਛਣ 'ਤੇ ਕਹਿਣ ਲੱਗੇ ਬੱਚਿਆਂ ਨੂੰ ਪੇਪਰਾਂ ਤੋਂ ਯਾਦ 10 ਦਿਨਾਂ ਦੀਆਂ ਛੁੱਟੀਆਂ, ਮੌਸਮ ਵੀ ਠੀਕ ਐ, ਨਾ ਜ਼ਿਆਦਾ ਗਰਮੀ, ਨਾ ਜ਼ਿਆਦਾ ਸਰਦੀ ਸੋਚਿਆ ਕਿਉਂ ਨਾ, 10 ਦਿਨ ਬੰਬੇ ਗੋਆ ਈ ਘੁੰਮ ਆਈਏ।
ਦਸ ਦਿਨ... ਮੈਂ ਬੜੀ ਹੈਰਾਨੀ ਨਾਲ ਪੁੱੱਛਿਆ, 'ਪਰ ਯਾਰ ਤੂੰ ਤਾਂ ਦੁਕਾਨਦਾਰ ਆਦਮੀ ਐਂ, ਐਨੇ ਦਿਨ ਦੁਕਾਨ ਬੰਦ ਕਰਨਾ ਤਾਂ ਤੇਰੇ ਲਈ ਔਖਾ ਨੀ ਹੋਜੂ, ਮੈਂ ਥੋੜ੍ਹੀ ਚੋਭ ਲਾਉਂਦੇ ਕਿਹਾ, 'ਕਿਉਂਕਿ ਮੈਨੂੰ ਯਾਦ ਐ ਅਜੇ ਦੋ ਮਹੀਨੇ ਪਹਿਲਾਂ ਇਸ ਦੀ ਮਾਂ ਮੂਈ ਹੋ ਗਈ ਸੀ, ਸੰਸਕਾਰ ਤੋਂ ਬਾਅਦ ਸਾਰੇ ਘਰੇ ਬੈਠੇ ਸੀ, ਗੱਲ ਚੱਲੀ ਕਿ ਭੋਗ ਕਿਸ ਦਿਨ ਦਾ ਬਣਦੈਂ ਤਾਂ ਤਕਰੀਬਨ ਸਾਰੇ ਕਹਿੰਦੇ ਕਿ ਬਈ ਭੋਗ ਤਾਂ 13 ਦਿਨ 'ਤੇ ਈ ਪਾਉਣਾ ਬਣਦੈ। 14 ਤਾਰੀਖ ਨੂੰ ਮਾਤਾ ਜੀ ਪੂਰੇ ਹੋਏ ਐ ਤਾਂ 27 ਤਾਰੀਖ ਬਣਦੀ ਐ। ਤਾਂ ਇਹ ਟੱਪ ਕੇ ਉੱਠਿਆ ਕੀ ਕਿ ਪੁਰਾਣੇ ਵਹਿਮਾਂ 'ਚ ਹੋਏ ਐਂ ਅੱਜਕਲ੍ਹ 13 'ਤੇ ਕੌਣ ਕਰਦੈ। ਨਾਲੇ ਜਿਹੜਾ ਚਲਾ ਗਿਆ ਉਹ ਤਾਂ ਵਾਪਸ ਆਉਣ ਤੋਂ ਰਿਹਾ। ਮੇਰੀ ਮੰਨੋ ਚੌਥੇ 'ਤੇ ਈ ਸਾਰਾ ਕੁਝ ਕਰ ਲਓ। ਨਾਲੇ ਮੈਂ ਦੁਕਾਨਦਾਰ ਐਂ ਮੇਰੇ ਬਾਰੇ ਵੀ ਕੁਝ ਸੋਚੋ ਐਨੇ ਦਿਨ ਮੈਂ ਬੰਦ ਕਰਕੇ ਕਿਸ ਤਰ੍ਹਾਂ ਬੈਠ ਸਕਦੈਂ।
ਇਹਦੀ ਗੱਲ ਨਾਲ ਸਹਿਮਤ ਨਾ ਹੁੰਦੇ ਹੋਏ ਵੀ ਇਕ ਬਜ਼ੁਰਗ ਬੋਲਿਆ ਠੀਕ ਐ ਫਿਰ ਚੌਥਾ ਕਰ ਲਓ, ਇਸ ਹਿਸਾਬ ਨਾਲ ਭੋਗ 18 ਤਾਰੀਖ ਦਾ ਬਣਦੈ। ਇਹ ਫਿਰ ਟੱਪ ਕੇ ਉੱਠਿਆ। ਮੈਨੂੰ ਸਮਝ ਨਹੀਂ ਆਉਂਦੀ, ਤੁਹਾਡੀ, 14 ਨੂੰ ਵੀ ਤਾਂ ਵਿਚ ਈ ਗਿਣਾਂਗੇ ਨਾ। ਉਸ ਹਿਸਾਬ ਨਾਲ 17 ਤਾਰੀਖ ਬਣਦੀ ਐ। ਤੇ ਸੱਚੀਂ 17 ਨੂੰ ਭੋਗ ਪਾ ਕੇ 18 ਨੂੰ ਦੁਕਾਨ ਖੋਲ੍ਹ ਲਈ ਸੀ ਤੇ ਅੱਜ 10 ਦਿਨ ਵੀ ਇਸ ਨੂੰ ਜ਼ਿਆਦਾ ਨਹੀਂ ਲੱਗ ਰਹੇ ਸੀ।
ਮੇਰੀ ਇਕਦਮ ਸੋਚ ਟੁੱਟੀ ਜਦੋਂ ਉਹਦੀ ਆਵਾਜ਼ ਮੇਰੀ ਕੰਨੀਂ ਪਈ, ਲੈ ਵੀਰ ਮੇਰਿਆ ਗੁੱਸਾ ਨਾ ਕਰੀਂ ਅਸੀਂ ਚਲਦੇ ਐਂ। ਸਾਡੀ ਟਰੇਨ ਦਾ ਟਾਈਮ ਹੋ ਗਿਆ ਕੇ ਉਹ ਸੱਚੀਂ ਦਰਵਾਜ਼ਿਆਂ ਨੂੰ ਤਾਲੇ ਲਾਉਣ ਲੱਗ ਪਏ ਸੀ।
ਭੋਗ
ਅਜੀਤ ਡੈਸਕ
05-04-2026