15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਪਸ਼ਨਲ ਮੈਜਿਕ

Ad Position 21
No active advertisement
ਅਜੀਤ ਡੈਸਕ 24-05-2026

'ਸੁਨੀਤਾ! ਇਕ ਕੱਪ ਕੌਫ਼ੀ ਹੋਰ ਬਣਾਈਂ' ਕਹਿੰਦਿਆਂ ਹੋਇਆਂ ਸੁਨੀਲ ਬੈੱਡ 'ਤੇ ਢਹਿ ਪਿਆ ਹੈ।
ਅਜੇ ਘੰਟਾ ਕੁ ਪਹਿਲਾਂ ਹੀ ਤਾਂ ਕੌਫ਼ੀ ਪੀਤੀ ਸੀ। ਜਿਸਮ ਨੂੰ ਪਤਾ ਨਹੀਂ ਕੀ ਹੋ ਰਿਹਾ ਹੈ, ਇਕ ਅਜੀਬ ਜਿਹਾ ਡਰ ਪਲ- ਪਲ ਪੈਰ ਪਸਾਰੀ ਜਾ ਰਿਹਾ ਹੈ। ਜਿਵੇਂ ਪੋਟਾ- ਪੋਟਾ ਕਿਰਦਾ ਜਾ ਰਿਹਾ ਹੋਵੇ। ਦੋ ਕੁ ਵਾਰ ਸੌਣ ਦੀ ਕੋਸ਼ਿਸ਼ ਕੀਤੀ, ਪਰ ਨੀਂਦ ਨੂੰ ਜਿਵੇਂ ਪਰ ਲੱਗ ਗਏ, ਅੱਖਾਂ ਦੇ ਨੇੜੇ ਤੇੜੇ ਵੀ ਨਹੀਂ ਆਈ। ਉਹ ਫਿਰ ਸੋਚਾਂ ਵਿਚ ਡੁੱਬ ਜਾਂਦਾ। ਕਿਸ ਨੇ ਕਿਹਾ ਸੀ ਪੰਗਾ ਲੈਣ ਨੂੰ, ਅਖੇ 'ਸਾਡੀ ਵਾਰੀ ਆਈ ਪਤੀਲਾ ਖੜਕੇ।' ਸਾਡੇ ਨਾਲ ਤਾਂ ਇਹੋ ਗੱਲ ਹੋਈ।
'ਸੁਨੀਤਾ! ਗੱਲ ਸੁਣੀ, ਪ੍ਰੀਤ ਨੂੰ ਫੋਨ ਕਰਕੇ ਪੁੱਛ ਖਾਂ ਕੀ ਖਬਰ ਹੈ ?
'ਵਾਰ-ਵਾਰ ਉਸ ਨੂੰ ਕੀ ਕਹਾਂ ਹੁਣ, ਜੋ ਹੋਊ ਵੇਖੀ ਜਾਊਗੀ।' ਸੁਨੀਤਾ ਨੇ ਖਿੱਝ ਕੇ ਕਿਹਾ।
'ਯਾਰ ਜੇ ਪਤਾ ਹੁੰਦਾ ਤਾਂ ਇਹ ਪੰਗਾ ਕਦੇ ਨਾ ਲੈਂਦੇ ਜਾਂ ਆਹ ਦੋ ਚਾਰ ਦਿਨ ਹੀ ਰੁਕ ਜਾਂਦੇ। ਇਹੋ ਜਿਹੇ ਕੰਮਾਂ ਵਿਚ ਆਹੀ ਕੁਝ ਪਿਆ।' ਸੁਨੀਲ ਨੂੰ ਤ੍ਰੇਲੀ ਆ ਗਈ।
'ਪਵਨ ਦਾ ਸਵੇਰ ਦਾ ਦੋ ਵਾਰ ਫੋਨ ਆ ਗਿਆ ਹੈ, ਕਹਿੰਦਾ ਉਹ ਤਾਂ ਭੱਜ ਗਏ। ਮੈਂ ਹੋਰ ਵੀ ਬਹੁਤ ਸਾਰੀਆਂ ਅਫਵਾਹਾਂ ਸੁਣੀਆਂ।
'ਪ੍ਰੀਤ ਤਾਂ ਕਹਿ ਰਹੀ ਹੈ ਕਿ ਚੁੱਪ ਕਰਕੇ ਬੈਠੇ ਰਹੋ, ਹੁਣ ਏਨੀ ਛੇਤੀ ਤਾਂ ਕੁਝ ਹੋਣ ਨਹੀਂ ਲੱਗਾ। ਸਾਰੀਆਂ ਅਫ਼ਵਾਹਾਂ ਨੇ, 31 ਮਾਰਚ ਤੋਂ ਬਾਅਦ ਸਭ ਸੈਟਲ ਹੋ ਜਾਣਾ। ਕਿਤੇ ਨਹੀਂ ਜਾਂਦੇ ਤੁਹਾਡੇ ਪੈਸੇ। '
ਦਰਅਸਲ ਸੁਨੀਲ ਇਕ ਇੰਟਰਨੈਸ਼ਨਲ ਐਪ ਆਪਸ਼ਨਲ ਮੈਜਿਕ ਵਿਚ ਪੈਸੇ ਲਗਾ ਕੇ ਫਸ ਗਿਆ, ਜਿਸ ਦੇ ਭੱਜ ਜਾਣ ਦਾ ਰੌਲਾ ਪੈ ਗਿਆ ਹੈ। ਇਹ ਐਪ ਪਹਿਲਾਂ ਤਾਂ ਇਕ ਹਜ਼ਾਰ ਡਾਲਰ ਜਮ੍ਹਾਂ ਕਰਵਾਉਂਦੀ ਹੈ ਤੇ ਫਿਰ 40 ਦਿਨ ਬਾਅਦ ਟਰੇਡ ਕਰਵਾ ਕੇ ਪੈਸੇ ਡਬਲ ਬਣਾ ਕੇ ਦਿੰਦੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਵਿਚ ਪੈਸੇ ਲਗਾਏ ਹੋਏ ਹਨ ਤੇ ਪਿਛਲੇ ਇਕ ਸਾਲ ਤੋਂ ਚੱਲ ਰਹੀ ਹੈ। ਲੋਕਾਂ ਨੇ ਪੈਸੇ ਕਮਾਏ ਵੀ ਹਨ ਤੇ ਭਰੋਸਾ ਵੀ ਕਰ ਰਹੇ ਸਨ। ਸੁਨੀਲ ਨੇ ਖ਼ੁਦ ਵੀ ਥੋੜ੍ਹੇ-ਥੋੜ੍ਹੇ ਪੈਸੇ ਲਾ ਕੇ ਡਬਲ ਕੀਤੇ ਹਨ। ਚਲੋ ਇੰਨੇ ਪੈਸਿਆਂ ਦੀ ਤੇ ਗੱਲ ਵੀ ਐਡੀ ਨਹੀਂ, ਪਰ ਹੁਣ ਕੁਝ ਦਿਨਾਂ ਤੋਂ ਕੰਪਨੀ ਨੇ ਈਦ ਦੇ ਮੱਦੇਨਜ਼ਰ ਕੁਝ ਖਾਸ ਆਫਰ ਦਿੱਤੇ ਹਨ, ਜਿਸ ਵਿਚ ਇਕੋ ਟਰੇਡ ਵਿਚ 17 ਲੱਖ ਰੁਪਿਆ ਲਗਾ ਕੇ 85 ਲੱਖ ਰੁਪਿਆ ਇਕ ਮਿੰਟ ਵਿਚ ਹੀ ਬਣ ਜਾਣਾ ਹੈ ਤੇ ਇਸ ਤੋਂ ਇਲਾਵਾ ਪ੍ਰਾਈਜ਼ ਮਨੀ ਵੀ ਮਿਲਣੀ ਹੈ, ਪਰ ਜਿਸ ਦਿਨ ਤੋਂ ਲੋਕਾਂ ਨੇ ਇਹ ਟਰੇਡ ਕੀਤੀ ਹੈ, ਉਸੇ ਦਿਨ ਤੋਂ ਰੌਲਾ ਪੈ ਗਿਆ ਹੈ ਅਤੇ ਪੈਸੇ ਵਿਦਡਰਾਅ ਵੀ ਨਹੀਂ ਹੋ ਰਹੇ। ਤੇ ਹੁਣ ਸੁਨੀਲ ਨੂੰ ਆਪਣੇ 17 ਲੱਖ ਮਰ ਜਾਣ ਦਾ ਡਰ ਸਤਾ ਰਿਹਾ ਹੈ।
ਮਿਡਲ ਕਲਾਸ ਫੈਮਿਲੀ ਵਿਚ 25-30 ਹਜ਼ਾਰ ਮਹੀਨੇ ਦੀ ਕਮਾਈ ਕਰਨ ਵਾਲੇ ਬੰਦੇ ਲਈ 17 ਲੱਖ ਰੁਪਿਆ ਬਹੁਤ ਵੱਡੀ ਰਕਮ ਹੈ, ਉਹ ਵੀ ਜੋ ਉਸ ਨੇ ਪਿੰਡ ਪੁਸ਼ਤੈਨੀ ਜਾਇਦਾਦ ਵੇਚੀ ਸੀ, ਉਸ ਦੇ ਹਨ, ਨਹੀਂ ਤਾਂ ਤਨਖਾਹ ਵਿਚ ਤਾਂ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਤੁਰਦਾ ਹੈ।
ਅੱਜ ਸਵੇਰ ਤੋਂ ਹੀ ਉਸ ਦੇ ਮਨ ਵਿਚ ਧੁਖਧੁਖੀ ਜਿਹੀ ਹੋ ਰਹੀ ਹੈ ਤੇ ਉਸ ਦਾ ਦਫ਼ਤਰ ਜਾਣ ਨੂੰ ਜੀ ਨਹੀਂ ਕੀਤਾ। ਉਸ ਨੇ ਛੁੱਟੀ ਲੈ ਲਈ।
ਪਤਾ ਨਹੀਂ ਕੀ ਹੋਵੇਗਾ? ਕਾਸ਼ ਮੈਂ ਲਾਲਚ ਵਿਚ ਆ ਕੇ ਅਜਿਹਾ ਕੰਮ ਨਾ ਕਰਦਾ, ਅਜਿਹਾ ਸੋਚਦਿਆਂ ਸੋਚਦਿਆਂ ਸ਼ਾਮਾਂ ਪੈ ਗਈਆਂ ਹਨ।
'ਸੁਨੀਤਾ! ਪ੍ਰੀਤ ਨੂੰ ਪੁੱਛ ਖਾਂ ਇਕ ਵਾਰ ਫਿਰ, ਉਹ ਤਾਂ ਬੜੀ ਦੇਰ ਤੋਂ ਕੰਪਨੀ ਵਿਚ ਕੰਮ ਕਰ ਰਹੀ ਹੈ।'
ਇੰਨੇ ਨੂੰ ਫਿਰ ਪਵਨ ਦਾ ਫੋਨ ਆ ਜਾਂਦਾ ਹੈ। ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।
'ਮੈਂ ਕਿਹਾ ਸੀ ਨਾ, ਇਨ੍ਹਾਂ ਹੁਣ ਭੱਜ ਜਾਣਾ। ਲੋਕਾਂ ਪੈਸੇ ਹੀ ਬੜੇ ਲਾ ਦਿੱਤੇ ਤੇ ਹੁਣ ਇਨ੍ਹਾਂ ਇੰਨੇ ਗੁਣਾ ਕਰਕੇ ਦੇਣੇ ਕਿੱਥੋਂ ਹਨ।'
'ਯਾਰ! ਗੱਲ ਤਾਂ ਤੇਰੀ ਠੀਕ ਹੈ। ਆਪਾਂ ਹੀ ਲਾਲਚ ਕਰ ਬੈਠੇ। ਕਹਿੰਦੇ ਹੁੰਦੇ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ'।
ਸੁਨੀਤਾ ਕੌਫੀ ਲੈ ਕੇ ਆ ਗਈ ਤੇ ਆਪਣੇ ਪਤੀ ਨੂੰ ਪਰੇਸ਼ਾਨ ਵੇਖ ਬੋਲਣ ਲੱਗੀ।
'ਮੇਰੀ ਫੇਰ ਹੋਈ ਹੈ ਗੱਲ ਪ੍ਰੀਤ ਨਾਲ, ਕਹਿੰਦੀ ਕੰਪਨੀ ਦੇ ਸਾਫਟਵੇਅਰ ਵਿਚ ਮੈਨਟੈਨਸ ਚੱਲ ਰਹੀ ਹੈ ਤੇ ਅਪਡੇਸ਼ਨ ਦਾ ਕੰਮ ਹੋ ਰਿਹਾ ਹੈ। ਘਬਰਾਓ ਨਾ, ਕੋਈ ਨਹੀਂ ਭੱਜਣ ਲੱਗਾ।'
ਪਰ ਸੁਨੀਲ ਦੇ ਮਨ ਨੂੰ ਚੈਨ ਕਿੱਥੇ, ਦਿਲ ਕਹਿ ਰਿਹਾ ਹੈ ਕਿ ਕੁਝ ਨਹੀਂ ਹੋਵੇਗਾ, ਪਰ ਦਿਮਾਗ ਵਾਰ-ਵਾਰ ਠੱਕ ਠੱਕ ਕਰਕੇ ਲੁੱਟੇ ਜਾਣ ਦੀ ਤਸਦੀਕ ਕਰ ਰਿਹਾ ਹੈ। ਅਜਿਹੇ ਮੌਕੇ ਇਕ ਇਕ ਮਿੰਟ ਵੀ ਸਾਲਾਂ ਜਿਹਾ ਭਾਰੂ ਲੱਗਦਾ ਹੈ।
ਹਨੇਰਾ ਦਗੜ-ਦਗੜ ਕਰਕੇ ਭੱਜਿਆ ਆਉਂਦਾ ਧੁੱਪ ਦੀ ਕਾਤਰ ਨੂੰ ਮਿੱਧਦਾ ਜਾ ਰਿਹਾ ਸੀ। ਆਉਣ ਵਾਲੀ ਰਾਤ ਦੇ ਦੋਹਾਂ ਹੱਥਾਂ ਵਿਚੋਂ ਇਕ ਵਿਚ ਨੀਂਦਰ ਤੇ ਸੁਪਨੇ ਸਨ ਤੇ ਦੂਜੀ ਵਿਚ ਬੇਚੈਨੀ ਤੇ ਸਹਿਮ। ਰਾਤ ਨੇ ਦੂਜਾ ਹੱਥ ਸੁਨੀਲ ਵੱਲ ਵਧਾ ਦਿੱਤਾ। ਉਸ ਦੀ ਸਾਰੀ ਰਾਤ ਪਾਸੇ ਮਾਰਦਿਆਂ ਲੰਘੀ। ਰਾਤ ਕਿੰਨੀ ਵੀ ਹਨੇਰੀ ਹੋਵੇ, ਚਾਨਣ ਨੇ ਹਰ ਜਗ੍ਹਾ ਆਪਣਾ ਪੈੜਾ ਪਾਉਣਾ ਹੀ ਹੁੰਦਾ ਹੈ। ਤੜਕਸਾਰ ਜਿਹੇ ਅੱਖ ਲੱਗ ਜਾਣ ਕਰਕੇ ਉਹ ਥੋੜ੍ਹਾ ਲੇਟ ਕੇ ਹੜਬੜਾ ਕੇ ਉੱਠਿਆ ਤੇ ਛੇਤੀ -ਛੇਤੀ ਦਫਤਰ ਜਾਣ ਦੀ ਤਿਆਰੀ ਕਰਨ ਲੱਗਾ। ਨਿੱਤ ਆਦਤ ਅਨੁਸਾਰ ਤਿਆਰ ਹੋ ਕੇ ਟੀਵੀ ਦਾ ਬਟਨ ਦਬਾਉਂਦਿਆਂ ਨਾਸ਼ਤਾ ਕਰਨ ਲਈ ਬੈਠਿਆ ਹੀ ਸੀ ਕਿ ਟੀਵੀ ਤੇ ਨਿਊਜ਼ ਫਲੈਸ਼ ਕਰ ਰਹੀ ਸੀ- 'ਆਪਸ਼ਨਲ ਮੈਜਿਕ ਲੋਕਾਂ ਦੇ ਪੈਸੇ ਲੈ ਕੇ ਫਰਾਰ' ਵੇਖਦਿਆਂ ਹੀ ਸੁਨੀਲ ਹੱਥੋਂ ਚਾਹ ਦਾ ਕੱਪ ਛੁੱਟ ਗਿਆ ਤੇ ਉਸ ਦੇ ਚਿਹਰੇ ਤੇ ਮੁਰਦੇਹਾਣੀ ਛਾ ਗਈ। ਇੰਜ ਜਾਪ ਰਿਹਾ ਸੀ ਜਿਵੇਂ ਟਨਾਂ ਭਾਰਾ ਬੁਲਡੋਜ਼ਰ ਉਸ ਦੀ ਛਾਤੀ ਦਰੜ ਕੇ ਉਸ ਦੀਆਂ ਖੁਸ਼ੀਆਂ ਤੇ ਸੱਧਰਾਂ ਨੂੰ ਪੀਹ ਕੇ ਲੰਘ ਗਿਆ ਹੋਵੇ।

-ਮੋਬਾਈਲ : 98147-85701

Ad Position 22
No active advertisement
ਪਿਛਲੀ ਖ਼ਬਰ ਆਕੜ ਅਗਲੀ ਖ਼ਬਰ ਪੈਨਸ਼ਨ ਬੰਦ ਕੀਤੀ ਗਈ ਸੀ
Ad Position 24