ਅੱਖੀਂ ਡਿੱਠੇ ਪਲਾਂ ਦੀ ਗਾਥਾ
(ਭਾਗ ਤੀਜਾ)
ਲੇਖਕ : ਮਨਮੋਹਨ ਸਿੰਘ ਢਿੱਲੋਂ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 184
ਸੰਪਰਕ : 83603-81587

ਵਿਚਾਰਾਧੀਨ ਪੁਸਤਕ ਦੀਆਂ ਸਾਰੀਆਂ ਲਿਖਤੀ ਘਟਨਾਵਾਂ ਦਾ ਕੇਂਦਰੀ ਨੁਕਤਾ ਲਗਭਗ ਸ੍ਰੀ ਅੰਮ੍ਰਿਤਸਰ ਹੀ ਹੈ। ਲੇਖਕ ਦੀ ਦਿਲਚਸਪੀ ਨਿਰੰਤਰ ਲਗਨ ਦਾ ਫੋਕਲ ਪੁਆਇੰਟ ਇਹੋ ਹੀ ਹੈ। ਸਾਰੀਆਂ ਘਟਨਾਵਾਂ ਦਾ ਕੇਂਦਰੀਕਰਨ ਕੀਤਾ ਗਿਆ ਹੈ। ਲੇਖਕ ਇਨ੍ਹਾਂ ਘਟਨਾਵਾਂ ਨੂੰ ਬਾਜ ਨਜ਼ਰਾਂ ਨਾਲ ਵੇਖ ਕੇ ਬਿਆਨ ਕਰਦਾ ਜਾਂਦਾ ਹੈ। ਇਹ ਪੁਸਤਕ ਅਜਿਹੀਆਂ ਘਟਨਾਵਾਂ ਦਾ ਤੀਜਾ ਭਾਗ ਹੈ। ਹਥਲੀ ਕਿਤਾਬ ਵਿਚ ਸਮੇਂ-ਸਮੇਂ ਵਾਪਰੀਆਂ ਘਟਨਾਵਾਂ 2003 ਤੋਂ 2014 ਤੱਕ ਕਲਮਬੱਧ, ਕ੍ਰਮਵਾਰ ਕੀਤੀਆਂ ਗਈਆਂ ਹਨ। ਵਾਪਰਨ ਦੀਆਂ ਮਿਤੀਆਂ (2003-2014) ਤੱਕ ਬਿਆਨੀਆਂ ਗਈਆਂ ਹਨ। ਇਨ੍ਹਾਂ ਘਟਨਾਵਾਂ ਵਿਚ ਸਮੇਂ-ਸਮੇਂ ਵਾਪਰੀਆਂ ਧਾਰਮਿਕ, ਰਾਜਨੀਤਕ, ਵਿੱਦਿਅਕ, ਇਤਿਹਾਸਕ ਆਦਿ ਦਾ ਅੱਖੀਂ ਵੇਖਿਆ ਬਿਰਤਾਂਤ ਹੈ, ਜਿਨ੍ਹਾਂ ਨੂੰ ਵਰਣਨਾਤਮਿਕ, ਵਿਆਖਿਆਤਮਿਕ ਸਰਲ ਪੰਜਾਬੀ ਵਿਚ ਪੇਸ਼ ਕੀਤਾ ਗਿਆ ਹੈ। ਅਜਿਹੀ ਲਿਖਤੀ ਸਮੱਗਰੀ ਪਾਠਕਾਂ ਦੀ ਦਿਲਚਸਪੀ ਦਾ ਕੇਂਦਰ ਬਣ ਸਕਦੀ ਹੈ। ਕੁਝ ਕੁ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਨਾਨਕਸ਼ਾਹੀ ਕਲੰਡਰ ਤੇ ਹਰਿਆਣਾ ਲਈ ਵੱਖਰੀ ਕਮੇਟੀ ਆਦਿ ਧਾਰਮਿਕ। ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਜਿਵੇਂ ਬਾਦਲ, ਅਮਰਿੰਦਰ, ਬੀਬੀ ਜਗੀਰ ਕੌਰ, ਮਨਜੀਤ ਸਿੰਘ ਕਲਕੱਤਾ, ਜਥੇਦਾਰ ਵੇਦਾਂਤੀ, ਗਿਆਨੀ ਮਹਿੰਦਰ ਸਿੰਘ, ਗਿਆਨੀ ਇਕਬਾਲ ਸਿੰਘ, ਪ੍ਰੋ. ਦਰਸ਼ਨ ਸਿੰਘ ਮੱਕੜ, ਵਾਜਪਾਈ ਤੇ ਕੈਨਡਾ ਦੇ ਪ੍ਰਧਾਨ ਮੰਤਰੀ ਨਾਲ ਸੰਬੰਧਿਤ ਆਦਿ। ਵਿੱਦਿਅਕ ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ, ਖ਼ਾਲਸਾ ਕਾਲਜ ਨਾਲ ਸੰਬੰਧਿਤ। ਅੰਤਰਰਾਸ਼ਟਰੀ ਜਿਵੇਂ ਭਾਰਤ-ਪਾਕਿ ਸੰਬੰਧਿਤ, ਨਿਊਜ਼ੀਲੈਂਡ ਬਨਾਮ ਭਾਰਤ ਆਦਿ। ਇਤਿਹਾਸਕ ਜਿਵੇਂ ਆਪ੍ਰੇਸ਼ਨ ਬਲਿਊ ਸਟਾਰ, ਜੁਡੀਸ਼ੀਅਲ ਕਮਿਸ਼ਨ, ਨਾਨਾਵਤੀ ਕਮਿਸ਼ਨ, ਸੱਚਾ ਸੌਦਾ ਨਾਲ ਸੰਬੰਧਿਤ ਆਦਿ। ਉਪਰੋਕਤ ਵਰਣਨ ਵਿਚ ਸਾਰੀਆਂ ਪਵਿੱਤਰ ਸੰਸਥਾਵਾਂ, ਸੰਸਾਰਿਕ ਰਾਜਸੀ ਸ਼ਕਤੀਆਂ, ਇਤਿਹਾਸਕ ਪਾਤਰਾਂ ਨਾਲ ਵਾਪਰੀਆਂ ਘਟਨਾਵਾਂ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਵਾਚ ਕੇ ਲੇਖਕ ਨੇ ਪ੍ਰਸਤੁਤ ਕੀਤੀਆਂ ਹਨ। ਅਜਿਹੀ ਪੁਸਤਕ ਦੀ ਰਚਨਾ ਸਮੇਂ-ਸਮੇਂ ਨੋਟਿਸ ਲੈ ਕੇ ਪੂਰੀ ਤਨਦੇਹੀ ਨਾਲ ਕੀਤੀ ਮਿਹਨਤ ਤੋਂ ਬਿਨਾਂ ਲਿਖਣੀ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਲੇਖਕ ਢਿੱਲੋਂ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਕਾਸਾ ਜ਼ਿੰਦਗੀ ਦਾ
ਲੇਖਕ : ਡਾ. ਮਨਜੀਤ ਸਿੰਘ 'ਮਝੈਲ'
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 98144-07940

ਸ਼ਾਇਰ ਡਾ. ਮਨਜੀਤ ਸਿੰਘ 'ਮਝੈਲ', ਜੋ ਕਿ ਇੰਡੀਅਨ ਰੈਵੇਨਿਊ ਸਰਵਿਸ ਦੇ ਸੇਵਾਮੁਕਤ ਅਧਿਕਾਰੀ ਹਨ, ਆਪਣੀ ਨਵ-ਪ੍ਰਕਾਸ਼ਿਤ ਪੁਸਤਕ 'ਕਾਸਾ ਜ਼ਿੰਦਗੀ ਦਾ' ਤੋਂ ਪਹਿਲਾਂ ਵੀ ਤਿੰਨ ਕਾਵਿ-ਸੰਗ੍ਰਹਿ 'ਖੁਆਬਾਂ ਦੀ ਕਾਨਸ', 'ਵਕਤ ਦੇ ਪਰਛਾਵੇਂ', 'ਸਿੱਪੀਆਂ ਦੇ ਮੋਤੀ', ਤਿੰਨ ਕਹਾਣੀ ਸੰਗ੍ਰਹਿ 'ਛੱਜੂ ਖੁਰੀਆਂ ਵਾਲਾ', 'ਚਿੜੇ ਵਾਲਾ ਚੌਕ' ਅਤੇ ਇਕ ਬਾਲ ਕਹਾਣੀ ਸੰਗ੍ਰਹਿ 'ਜੇਜੂ, ਗੁੰਨੀ ਤੇ ਨਿਧੀ' ਦੇ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਹਥਲੀ ਕਿਤਾਬ 'ਕਾਸਾ ਜ਼ਿੰਦਗੀ ਦਾ' ਦੇ ਨਾਂਅ ਤੋਂ ਹੀ ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ। ਕਾਸਾ ਮੰਗਣ ਦਾ ਮੈਟਾਫ਼ਰ ਹੈ ਤੇ ਉਹ ਵੀ ਜ਼ਿੰਦਗੀ ਤੋਂ। ਇਸ ਸ਼ਾਇਰੀ ਦੇ ਕਾਵਿ ਪਰਾਗੇ ਵਿਚ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦਾ ਕੋਲਾਜ ਹੈ ਤੇ ਹਰੇਕ ਰੰਗ ਨੂੰ ਸ਼ਾਇਰ ਨੇ ਬੜੀ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਕਵਿਤਾਇਆ ਹੈ। ਉਹ ਆਪਣੀ ਮਾਂ-ਬੋਲੀ ਨੂੰ ਮੱਥੇ ਦਾ ਤਿਲਕ ਆਖਦਾ ਹੈ। ਉਹ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਅੰਨ੍ਹੀ ਦੌੜ ਕਾਰਨ ਸਿਆਸੀ ਘੜੰਮ ਚੌਧਰੀਆਂ ਦੇ ਬਖੀਏ ਉਧੇੜਦਾ ਹੋਇਆ ਕਹਿੰਦਾ ਹੈ ਕਿ ਇਹ ਆਪਣੀ ਲਾਲਸਾ ਲਈ ਹਰ ਵਕਤ ਵਿਕਣ ਨੂੰ ਤਿਆਰ ਰਹਿੰਦੇ ਹਨ ਤੇ ਵਿਧਾਇਕ ਨਵੀਂ ਸੜਕ ਦੇ ਨਿਰਮਾਣ ਲਈ ਪੈਸੇ ਹੜੱਪਣ ਲਈ ਕਿੰਨੀਆਂ ਹੀ ਚੋਰ ਮੋਰੀਆਂ ਲੱਭ ਲੈਂਦੇ ਹਨ। ਉਹ ਅੱਜ ਦੇ ਵੱਡੇ ਸਾਹਿਤਕਾਰਾਂ ਨੂੰ ਵੀ ਚੌਰਾਹੇ 'ਚ ਨੰਗਿਆਂ ਕਰਦਾ ਹੈ ਕਿ ਕਿਵੇਂ ਨਵੇਂ ਸਿਖਾਂਦੜੂ ਸ਼ਾਇਰਾਂ ਨੂੰ ਆਪਣੀ ਬੌਧਿਕਤਾ ਦੀ ਧੌਂਸ ਨਾਲ ਕਿਵੇਂ ਦਹਿਸ਼ਤਜ਼ਦਾ ਕਰ ਦਿੰਦੇ ਹਨ। ਉਹ ਮਮਤਾ ਦੀ ਮੂਰਤ ਦੇ ਪੈਰ ਛੂਹਣ ਨੂੰ ਗੰਗਾ ਦੇ ਇਸ਼ਨਾਨ ਤੋਂ ਵੀ ਪਵਿੱਤਰ ਮੰਨਦਾ ਹੈ। ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਜਿਸ ਤਰ੍ਹਾਂ 'ਚਿੱਟਾ' ਹੱਸਦੇ ਵੱਸਦੇ ਘਰਾਂ ਵਿਚ ਕਾਲਖ ਦੇ ਹਨੇਰਿਆਂ ਦੇ ਸੱਥਰ ਵਿਛਾਉਂਦਾ ਹੈ ਉਸ ਵਿਚ ਰੁੜ੍ਹੀ ਜਾ ਰਹੀ ਜਵਾਨੀ ਹੀ ਜ਼ਿੰਮੇਵਾਰ ਨਹੀਂ, ਸਗੋਂ ਇਹ ਨਸ਼ਾ ਤਸਕਰੀ ਸਰਕਾਰੀ ਸਰਪ੍ਰਸਤੀ ਹੇਠ ਲੁਕੇ ਛਿਪੇ ਢੰਗ ਨਾਲ ਚੱਲ ਰਹੀ ਹੈ। ਮਨੁੱਖ ਅੰਦਰ ਪਏ ਤਰੰਗਤੀ ਮੁਹੱਬਤ ਦੇ ਆਦਿ ਜੁਗਾਦੀ ਜਜ਼ਬੇ ਨੂੰ ਉਹ ਬਾਂਸ ਦੀ ਪੋਰੀ ਦੀ ਸੰਗਿਆ ਦਿੰਦਾ ਹੈ, ਜੋ ਸੱਤ ਸੁਰਾਂ ਦੇ ਨਾਲ ਬੰਸਰੀ ਬਣ ਜਾਂਦੀ ਹੈ ਤੇ ਜ਼ਿੰਦਗੀ ਇਸ ਬੰਸਰੀ ਨਾਲ ਸੁਰਬੱਧ ਹੋ ਜਾਂਦੀ ਹੈ ਤੇ ਨਾਲ ਹੀ ਕੋਕੜੂਆਂ ਦੀ ਵੀ ਨਿਸ਼ਾਨਦੇਹੀ ਕਰ ਦਿੰਦਾ ਹੈ। ਉਹ ਬਚਪਨ ਦੀਆਂ ਲਟ ਬੌਰੀਆਂ ਯਾਦਾਂ ਨੂੰ ਜਿਸ ਢੰਗ ਨਾਲ ਕਵਿਤਾਉਂਦਾ ਹੈ ਉਸ ਨੂੰ ਪੜ੍ਹ ਕੇ ਤੁਸੀਂ ਇਕ ਵਾਰ ਫਿਰ ਤੋਂ ਬਚਪਨ ਨੂੰ ਦੁਬਾਰਾ ਮਾਣਦੇ ਹੋਏ ਪ੍ਰਤੀਤ ਹੁੰਦੇ ਹੋ। ਕੁੱਲੀਆਂ ਢਾਰੇ ਢਾਹ ਕੇ ਜੋ ਸਿਆਸੀ ਅਲੰਬਰਦਾਰ ਆਪਣੇ ਮਹਿਲ ਮੁਨਾਰੇ ਉਸਾਰ ਰਹੇ ਹਨ। ਦਰਅਸਲ ਉਹ ਦੇਸ਼ ਕੌਮ ਦੇ ਸਰਦਾਰ ਨਹੀਂ ਗ਼ੱਦਾਰ ਹਨ। ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦੀ ਕਾਰਗੁਜ਼ਾਰੀ ਨੂੰ ਵੀ ਉਹ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ, ਜੋ ਸੱਚ ਨੂੰ ਸਾਹਮਣੇ ਨਹੀਂ ਲਿਆਉਂਦੇ ਤੇ ਗੋਦੀ ਮੀਡੀਆ ਬਣ ਜਾਦੇ ਹਨ। ਅਖ਼ਬਾਰਾਂ ਦੀ ਇਸ ਟੀਰੀ ਅੱਖ ਨੂੰ ਉਹ ਇਸ ਤਰ੍ਹਾਂ ਦੇਖਦਾ ਹੈ :
''ਭਲਾ ਕਰੀਂ ਅਖ਼ਬਾਰ ਨਾ ਲਿਆਵੀਂ, ਬਜ਼ਾਰੋਂ ਘਰ ਫਸਾਦ ਨਾ ਲਿਆਵੀਂ।
ਕਾਗਜ਼ 'ਤੇ ਉਤਰੀ ਕਤਲੋ ਗਾਰਤ, ਇਹ ਨੰਗੀ ਤਲਵਾਰ ਨਾ ਲਿਆਵੀਂ।
ਅੱਗ ਦੀਆਂ ਲਪਟਾਂ ਲੀਡਰ ਉਗਲਣ, ਤਕਰੀਰਾਂ ਦੀ ਸਲਫ਼ਾਸ ਨਾ ਲਿਆਵੀਂ।
ਉਤਰਿਆ ਸ਼ੌਕ ਅਖ਼ਬਾਰਾਂ ਵਾਲਾ, ਕੂੜ ਦਾ ਇਹ ਪ੍ਰਸਾਰ ਨਾ ਲਿਆਵੀਂ।'
-ਭਗਵਾਨ ਢਿੱਲੋਂ
ਮੋਬਾਈਲ : 98143-78254
ਸੁਪਨਾ ਸੂਰਜ ਦਾ
ਲੇਖਕ : ਕੁਲਵੰਤ ਕੌਰ ਨਗਰ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ: 94631-37596

ਇਸ ਨਾਟ-ਸੰਗ੍ਰਹਿ ਵਿਚ ਪੰਜ ਨਾਟਕ ਸ਼ਾਮਿਲ ਹਨ। ਗੀਤਾਂ ਨਾਲ ਸੁਸੱਜਿਤ ਇਹ ਨਾਟਕ ਸਮਾਜ ਨੂੰ ਹਲੂਣਾ ਦੇਣ ਵਾਲੇ ਹਨ। ਹਨੇਰਿਆਂ ਨਾਲ ਜੂਝਣ ਦੀ ਪ੍ਰੇਰਨਾ ਹੈ ਜਿਵੇਂ:
ਨ੍ਹੇਰਾ ਹੈ ਨਾ ਕਿਉਂ ਆਪਣਾ ਸਿਰਨਾਵਾਂ ਰੌਸ਼ਨ ਕਰੀਏ।
ਆ ਸਾਂਝਾਂ ਦੀ ਜਗਮਗ ਨਾਲ ਗੁਫ਼ਾਵਾਂ ਰੌਸ਼ਨ ਕਰੀਏ।
ਦੇ ਕੇ ਤਾਲ ਇੱਛਾਵਾਂ ਨੂੰ ਇਕ ਸੁਰ ਵਿਚ ਆਪਾਂ ਗਾਈਏ
ਇਸ ਨਗਰੀ ਵਿਚ ਖੇੜਾ ਵੱਸੇ, ਐਸੀ ਬਣਤ ਬਣਾਈਏ।
ਸੂਰਜ ਲੱਭ ਲਿਆਈਏ ਆਪਾਂ, ਸੂਰਜ ਲੱਭ ਲਿਆਈਏ।
ਇਨ੍ਹਾਂ ਨਾਟਕਾਂ ਵਿਚ ਵਕਤ ਨੂੰ ਵੰਗਾਰ ਪਾ ਕੇ ਸਾਡੀ ਚੇਤਨਾ ਨੂੰ ਜਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸਮਾਜ ਵਿਚ ਚਿੰਬੜੇ ਜਾਤ-ਪਾਤ ਦੇ ਵਿਤਕਰੇ ਵਿਰੁੱਧ ਆਵਾਜ਼ ਉਠਾਈ ਗਈ ਹੈ। ਨੌਜਵਾਨ ਬੱਚੇ ਨਸ਼ਿਆਂ ਦੇ ਦਰਿਆ ਵਿਚ ਡੁੱਬ ਕੇ ਬੇਸ਼ਕੀਮਤੀ ਜਾਨਾਂ ਗੁਆ ਰਹੇ ਹਨ। ਇਸ ਹਨੇਰ ਵਿਚੋਂ ਕੱਢਣ ਲਈ ਧੀਆਂ ਆਪਣੀਆਂ ਹਲੀਮੀਆਂ ਸਿਆਣਪਾਂ ਅਤੇ ਮੁਹੱਬਤਾਂ ਨਾਲ ਰੋਲ ਅਦਾ ਕਰ ਸਕਦੀਆਂ ਹਨ। ਸਮਾਜਿਕ ਕੁਰੀਤੀਆਂ ਤੋਂ ਆਜ਼ਾਦ ਹੋਣ ਲਈ ਚੜ੍ਹਦੀ ਕਲਾ ਅਤੇ ਹੰਭਲਾ ਮਾਰਨ ਦੀ ਲੋੜ ਹੈ।
ਸਦੀਆਂ ਪੁਰਾਣੀ, ਨਵੀਂ ਬਾਤ ਬਣ ਜਾਣੀ ਹੈ।
ਉੱਠੋ! ਉੱਠਣ ਦਾ ਵੇਲਾ, ਸੁੱਤੇ ਰਾਤ ਲੰਘ ਜਾਣੀ ਹੈ।
ਇਹ ਨਾਟ-ਸੰਗ੍ਰਹਿ ਇਕ ਵਧੀਆ ਅਤੇ ਨਰੋਆ ਸੁਨੇਹਾ ਦਿੰਦਾ ਹੈ। ਇਸ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਭਾਰਤੀ ਵਿਕਾਸ ਦਾ ਕੱਚ-ਸੱਚ
ਲੇਖਕ : ਡਾ. ਅਨੂਪ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 256
ਸੰਪਰਕ : 98768-01268

ਡਾ. ਅਨੂਪ ਸਿੰਘ ਇਕ ਪ੍ਰਗਤੀਸ਼ੀਲ ਚਿੰਤਕ ਹੈ। ਉਹ ਚਾਹੇ ਕਿਸੇ ਵੀ ਵਿਸ਼ੇ ਦਾ ਵਿਸ਼ਲੇਸ਼ਣ ਕਰੇ, ਮਾਰਕਸ ਦੇ ਦਵੰਦਾਤਕਮ ਭੌਤਿਕਵਾਦੀ ਮਾਡਲ ਦਾ ਪ੍ਰਯੋਗ ਕਰਦਾ ਹੈ। ਹਥਲੀ ਪੁਸਤਕ ਵਿਚ ਉਸ ਨੇ ਭਾਰਤ ਦੇ ਵਿਕਾਸ ਦੇ ਕੱਚ (}&&us}on) ਅਤੇ ਸੱਚ (rea&}t਼) ਵਿਚਲੀ ਵਿੱਥ ਅਤੇ ਗ਼ਲਤਬਿਆਨੀ ਦਾ ਨਿਰੂਪਣ ਕੀਤਾ ਹੈ। ਵਰਤਮਾਨ ਰਾਜਸੀ ਪਾਰਟੀ ਨੇ ਜਦੋਂ ਤੋਂ ਕੇਂਦਰ ਅਤੇ ਹੋਰ ਬਹੁਤ ਸਾਰੇ ਪ੍ਰਦੇਸ਼ਾਂ ਵਿਚ ਰਾਜ-ਸੱਤਾ ਹਥਿਆਈ ਹੈ, ਇਹ ਹਰ ਥਾਂ ਕਥਿਤ ਵਿਕਾਸ ਦੀ ਦੁਹਾਈ ਦਿੰਦੀ ਰਹੀ ਹੈ। ਗ਼ਰੀਬ ਜਨਤਾ ਨੂੰ ਵਿਕਾਸ ਦੇ ਮਾਡਲਾਂ ਦੀ ਕੀ ਸਮਝ? ਉਹ ਸੋਚਦੇ ਹਨ ਕਿ ਜੇ ਇਹ ਪਾਰਟੀ, ਹਰ ਰਾਜ ਵਿਚ ਜ਼ਬਰਦਸਤ ਵਿਰੋਧ ਹੋਣ ਦੇ ਬਾਵਜੂਦ ਚੋਣਾਂ ਜਿੱਤ ਜਾਂਦੀ ਹੈ ਤਾਂ ਇਹ ਜ਼ਰੂਰ ਵਿਕਾਸ ਹੀ ਕਰ ਰਹੀ ਹੋਵੇਗੀ। ਪਰ ਉਹ ਭੋਲੇ ਇਹ ਨਹੀਂ ਜਾਣਦੇ ਕਿ ਇਸ ਪਾਰਟੀ ਨੇ 'ਵਿਕਾਸ' ਦੇ ਨਾਂਅ ਉੱਪਰ 'ਵਿਨਾਸ਼' ਨੂੰ ਠੇਲ੍ਹ ਰੱਖਿਆ ਹੈ। ਲੇਖਕ ਨੇ ਸਾਲਾਂ ਅਤੇ ਤਾਰੀਖਾਂ ਦਾ ਵੇਰਵਾ ਦੇ ਕੇ ਅੰਕੜਿਆਂ ਦੇ ਵਰਗੀਕਰਨ ਦੁਆਰਾ ਮੌਜੂਦਾ ਪਾਰਟੀ ਦੇ ਝੂਠ ਨੂੰ ਬੇਨਕਾਬ ਕੀਤਾ ਹੈ।
ਇਸ ਪੁਸਤਕ ਦੀ ਜਾਣ-ਪਛਾਣ ਕਾਮਰੇਡ ਦਰਸ਼ਨ ਖਟਕੜ ਨੇ ਕਰਵਾਈ ਹੈ, ਜੋ ਇਕ ਮੁੱਦਤ ਤੋਂ ਅਵਾਮ ਨੂੰ ਪੂੰਜੀਵਾਦ ਦੇ ਖ਼ਤਰਿਆਂ ਅਤੇ ਸਾਜਿਸ਼ਾਂ ਨੂੰ ਬੇਨਕਾਬ ਕਰਦਾ ਆ ਰਿਹਾ ਹੈ। ਅਨੁਭਵ ਅਤੇ ਸੱਚ ਦੇ ਪੱਖੋਂ ਡਾ. ਅਨੂਪ ਸਿੰਘ ਉਸ ਦਾ ਜੋਟੀਦਾਰ ਹੈ। ਹਥਲੀ ਪੁਸਤਕ ਵਿਚ ਉਸ ਨੇ ਪ੍ਰਮੁੱਖ ਤੌਰ 'ਤੇ 16 ਸਰੋਕਾਰਾਂ ਬਾਰੇ ਕਲਮ-ਅਜ਼ਮਾਈ ਕੀਤੀ ਹੈ : ਭਾਰਤ ਦੇ ਕੁਝ ਤਲਖ਼ ਪਾਸਾਰ, ਵਿਕਾਸ ਵਿਚਲੇ ਅੰਤਰ-ਵਿਰੋਧ, ਭਾਰਤ ਦੇ ਕਥਿਤ ਅੰਮ੍ਰਿਤਕਾਲ ਦੀ ਹਕੀਕਤ, ਭਾਰਤੀ ਆਰਥਿਕਤਾ ਬਾਰੇ ਮਿੱਥਿਆ ਦਾਅਵੇ, ਵਿਭਿੰਨ ਰਾਜਾਂ ਅਤੇ ਕੇਂਦਰ ਉੱਪਰ ਵਧ ਰਹੀ ਕਰਜ਼ੇ ਦੀ ਪੰਡ, ਬੇਰੁਜ਼ਗਾਰੀ, ਪ੍ਰਦੂਸ਼ਣ, ਔਰਤ ਦੀ ਤਰਸਯੋਗ ਸਥਿਤੀ, ਬਾਲਾਂ ਦਾ ਕੁਪੋਸ਼ਣ ਅਤੇ ਕਥਿਤ ਵਿਕਾਸ ਦਾ ਝੂਠ... ਇਤਿਆਦਿ। ਇਸ ਪੁਸਤਕ ਦੇ ਵਿਭਿੰਨ ਅਧਿਆਇ ਭਾਰਤੀ ਅਰਥਚਾਰੇ ਅਤੇ ਰਾਜਤੰਤਰ ਉੱਪਰ ਤੀਖਣ ਵਿਅੰਗ ਕਰਦੇ ਹਨ। ਮੈਂ ਚਾਹੁੰਦਾ ਹਾਂ ਕਿ ਉਹ ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਵਿਚ ਨਿਯਮਿਤ ਤੌਰ 'ਤੇ ਲਿਖਦਾ ਰਹੇ। ਅਜੇ ਤੱਕ ਉਹ ਅਖ਼ਬਾਰਾਂ ਲਈ ਕਦੇ-ਕਦਾਈਂ ਹੀ ਲਿਖਦਾ ਹੈ। ਅਖ਼ਬਾਰਾਂ ਉਸ ਨੂੰ ਵਿਸ਼ਾਲ ਮੰਚ ਮੁਹੱਈਆ ਕਰ ਸਕਦੀਆਂ ਹਨ। ਉਸ ਦਾ ਮਨੋਰਥ ਬੜਾ ਸ਼ੁੱਭ ਅਤੇ ਕਲਿਆਣਕਾਰੀ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਵਿਰਸੇ ਦੀ ਸਾਂਝ ਕੈਨੇਡਾ ਤੋਂ
ਲੇਖਿਕਾ : ਸੁਖਵਿੰਦਰ ਕੌਰ ਜੌਹਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 90
ਸੰਪਰਕ: sukhijohal60@gmail.com

ਸੁਖਵਿੰਦਰ ਕੌਰ ਜੌਹਲ ਦੀ ਪਲੇਠੀ ਪੁਸਤਕ 'ਵਿਰਸੇ ਦੀ ਸਾਂਝ (ਕੈਨੇਡਾ ਤੋਂ)' ਟੱਪਿਆਂ, ਸਿੱਠਣੀਆਂ ਅਤੇ ਬੋਲੀਆਂ ਨਾਲ ਸ਼ਿੰਗਾਰੀ ਹੋਈ ਬਹੁਤ ਹੀ ਖ਼ੂਬਸੂਰਤ ਪੁਸਤਕ ਹੈ। ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਵਿਦੇਸ਼ ਵਿਚ ਰਹਿ ਕੇ ਵੀ ਆਪਣੀ ਮਾਂ-ਬੋਲੀ ਨੂੰ ਯਾਦ ਰੱਖਿਆ ਅਤੇ ਆਪਣੇ ਸਮੇਂ ਵਿਚੋਂ ਸਮਾਂ ਕੱਢ ਕੇ ਆਪਣੇ ਸੱਭਿਆਚਾਰ ਨੂੰ ਕੈਨੇਡਾ ਵਿਖੇ ਬੋਲੀਆਂ, ਗਿੱਧਿਆਂ ਅਤੇ ਨਾਟਕਾਂ ਰਾਹੀਂ ਪੇਸ਼ ਕੀਤਾ ਹੈ। ਹੇਠਾਂ ਦਿੱਤੀ ਜਾ ਰਹੀ ਉਨ੍ਹਾਂ ਦੀ ਸਿੱਠਣੀ ਵਿਚ ਵਿਦੇਸ਼ੀ ਰੰਗ ਦੀ ਝਲਕ ਵੀ ਦਿਖਾਈ ਦਿੰਦੀ ਹੈ:
ਆਉਂਦੀ ਕੁੜੀਏ ਜਾਂਦੀ ਕੁੜੀਏ,
ਚੁੱਕ ਲਿਆ ਬਜ਼ਾਰ ਵਿਚੋਂ ਡੱਬੀ
ਨੀ ਜੱਟ ਨੂੰ ਕੰਗਾਲ ਕਰ ਕੇ
ਫਿਰੇਂ ਗੋਰਿਆਂ ਦੇ ਅੱਗੇ ਪਿੱਛੇ ਭੱਜੀ।
ਬੋਲੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹਨ। ਇਨ੍ਹਾਂ ਵਿਚ ਹਾਸਾ-ਠੱਠਾ ਵੀ ਹੁੰਦਾ ਹੈ ਅਤੇ ਵਿਅੰਗ ਵੀ, ਇਨ੍ਹਾਂ ਵਿਚ ਪਿਆਰ-ਮੁਹੱਬਤ ਦੀਆਂ ਗੱਲਾਂ ਵੀ ਹੁੰਦੀਆਂ ਹਨ ਅਤੇ ਦੇਸ਼-ਭਗਤੀ ਦੀਆਂ ਵੀ। ਸੱਚ ਕਿਹਾ ਜਾਵੇ ਤਾਂ ਗਿੱਧੇ, ਭੰਗੜੇ ਅਤੇ ਬੋਲੀਆਂ ਆਦਿ ਬਿਨਾਂ ਤਾਂ ਕਿਸੇ ਵਿਆਹ-ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਸਮਾਗਮ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਦੀਆਂ ਤੋਂ ਚੱਲੀ ਆ ਰਹੀ ਇਹ ਮਾਣਮੱਤੀ ਪਰੰਪਰਾ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ:
ਭੂਆ ਤਾਂ ਤੇਰੀ ਗੰਨੇ ਦੀ ਪੋਰੀ,
ਫੁੱਫੜ ਖੁੰਡ ਪੁਰਾਣਾ
ਊਠ ਦੇ ਗਲ ਟੱਲੀ ਪੈ ਗਈ,
ਵੇਖੋ ਵਰਤ ਗਿਆ ਭਾਣਾ।
ਮੇਰੀ ਵਾਰੀ ਰੱਬ ਰੁੱਸਿਆ,
ਰੱਬ ਖਸਮਾਂ ਨੂੰ ਖਾਣਾ।
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਅਜੋਕੀ ਪੀੜ੍ਹੀ ਆਪਣੀ ਮਾਂ-ਬੋਲੀ ਅਤੇ ਵਿਰਸੇ ਨਾਲੋਂ ਦੂਰ ਹੁੰਦੀ ਜਾ ਰਹੀ ਹੈ। ਇਸ ਵਰਤਾਰੇ ਵਿਚ ਇੰਟਰਨੈੱਟ ਦੀ ਭੂਮਿਕਾ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅਜਿਹੇ ਬੇਹੱਦ ਨਾਜ਼ੁਕ ਦੌਰ ਵਿਚ ਸੁਖਵਿੰਦਰ ਕੌਰ ਜੌਹਲ ਵਲੋਂ ਕੀਤਾ ਗਿਆ ਇਹ ਨਿੱਗਰ ਉਪਰਾਲਾ ਬੇਹੱਦ ਸ਼ਲਾਘਾਯੋਗ, ਜ਼ਿਕਰਯੋਗ ਅਤੇ ਮਹੱਤਵਪੂਰਨ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਚੁੱਪ ਦੀ ਆਵਾਜ਼
ਲੇਖਕ : ਰਣਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 99142-68100

ਚੁੱਪ ਦੀ ਆਵਾਜ਼ ਕਾਵਿ-ਸੰਗ੍ਰਹਿ ਕਵੀ ਰਣਜੀਤ ਸਿੰਘ ਦਾ ਬਹੁਤ ਹੀ ਸਾਰਥਕ ਉਪਰਾਲਾ ਹੈ। ਰਣਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸੰਬੰਧਿਤ ਹਨ। ਕਵੀ ਨੇ ਜਿੱਥੇ ਸਮਾਜਿਕ ਅਤੇ ਸੱਭਿਆਚਾਰਕ ਵਿਸ਼ੇ ਲਈ ਹਨ, ਉੱਥੇ ਪ੍ਰਕਿਰਤੀ ਦੀ ਖੂਬਸੂਰਤੀ ਨੂੰ ਵੀ ਉਭਾਰਿਆ ਹੈ। ਕਵੀ ਇਸ ਸੰਗ੍ਰਹਿ ਦਾ ਆਰੰਭ 'ਨਵਾਂ ਸਾਲ' ਕਵਿਤਾ ਤੋਂ ਕਰਦਾ ਆਪਣੇ-ਆਪ ਨਾਲ ਕੁਝ ਵਾਅਦੇ ਕਰਦਾ ਹੈ। ਕਵੀ ਨੇ 'ਭੈਣਾਂ' ਦੇ ਖ਼ੂਬਸੂਰਤ ਰਿਸ਼ਤੇ ਦਾ ਸਹਿਜ ਪ੍ਰਗਟਾਵਾ ਕੀਤਾ ਹੈ:-
ਪੂਰੇ ਘਰ ਦੀ ਆਨ ਤੇ ਸ਼ਾਨ ਹੁੰਦੀਆਂ
ਹੁੰਦੀਆਂ ਵੀਰਾਂ ਦੀਆਂ ਜਿੰਦ ਜਾਨ ਭੈਣਾਂ।
ਕਵੀ ਨੇ ਪੇਂਡੂ ਜੀਵਨ ਦੇ ਦ੍ਰਿਸ਼, ਮਸ਼ੀਨੀਕਰਨ ਤੋਂ ਪਹਿਲਾਂ ਦੇ ਪੰਜਾਬ ਦੀ ਸਾਦਗੀ, ਉੱਚੇ ਅਹੁਦੇ ਨਾਲ ਜੁੜਿਆ ਹੰਕਾਰ, ਸਾਈਕਲ ਦੀ ਸਵਾਰੀ, ਹੋਲੀ ਅਤੇ ਹੋਲਾ ਮਹੱਲਾ ਦਾ ਮਹੱਤਵ, ਅਧਿਆਪਕ ਦਾ ਰੁਤਬਾ, ਮਿਲਾਵਟ ਨਾਲ ਸਿਹਤ ਨਾਲ ਕੀਤਾ ਜਾਂਦਾ ਖਿਲਵਾੜ, ਮਾਂ ਬੋਲੀ ਦਾ ਸਤਿਕਾਰ, ਸਹਿਣਸ਼ੀਲਤਾ, ਲੋਹੜੀ, ਚਾਈਨਾ ਡੋਰ ਦਾ ਨੁਕਸਾਨ ਆਦਿ ਵਿਸ਼ਿਆਂ ਬਾਰੇ ਬੜੀ ਖ਼ੂਬਸੂਰਤੀ ਨਾਲ ਲਿਖਿਆ ਹੈ। ਕਵੀ ਨੇ ਦਸਾਂ ਗੁਰੂਆਂ ਦੇ ਸੰਦਰਭ ਵਿਚ ਗੁਰੂ ਦਾ ਮਹੱਤਵ ਦੱਸਿਆ ਹੈ। ਦੀਵਾਲੀ ਦਾ ਤਿਉਹਾਰ, ਪ੍ਰਕਾਸ਼ ਪੁਰਬ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਚਾਲੀ ਮੁਕਤੇ ਆਦਿ ਰਚਨਾਵਾਂ ਰਾਹੀਂ ਸਿੱਖ ਇਤਿਹਾਸ ਦਾ ਸ਼ਰਧਾਮਈ ਪ੍ਰਗਟਾਵਾ ਕੀਤਾ ਹੈ। ਇਸਤਰੀ, ਧੀ ਰਾਣੀ, ਸ਼ਾਨ ਦੀ ਸਵਾਰੀ, ਰਿਸ਼ਤੇ, ਸ਼ਹੀਦ, ਬਾਬਾ ਸਾਹਿਬ, ਸਿਜਦਾ, ਮਜ਼ਦੂਰ, ਵਹਿਮ, ਜਿਊਂਦੇ ਜੀ ਜ਼ਿੰਦਗੀ ਕੀ ਹੈ, ਅਧਿਆਪਕ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਚੜ੍ਹਦੀ ਕਲਾ ਕਵਿਤਾ ਪ੍ਰੇਰਨਾਦਾਇਕ ਹੈ:
ਜਜ਼ਬਾ ਚੜ੍ਹਦੀ ਕਲਾ ਵਾਲਾ
ਸਦਾ ਕਾਇਮ ਰੱਖੀੇ
ਕਿਸਮਤ ਬਦਲੇ ਜਾਂ ਨਾ
ਵਕਤ ਬਦਲ ਜਾਂਦਾ
ਪ੍ਰਦੂਸ਼ਣ ਸੰਬੰਧੀ ਰਚਨਾਵਾਂ ਦੇ ਨਾਲ-ਨਾਲ ਭਗਤ ਸਿੰਘ ਬਾਰੇ ਵੀ ਖ਼ੂਬਸੂਰਤ ਰਚਨਾ ਕੀਤੀ ਹੈ। 'ਚਾਪਲੂਸ ਬੰਦੇ' ਰਚਨਾ ਰਾਹੀਂ ਕਵੀ ਨੇ ਚਾਪਲੂਸ ਦਾ ਕਿਰਦਾਰ ਦੱਸਿਆ ਹੈ। ਸਮੁੱਚੇ ਤੌਰ 'ਤੇ ਇਸ ਕਾਵਿ ਪੁਸਤਕ ਵਿਚ ਕਵੀ ਨੇ ਵਿਸ਼ਿਆਂ ਦੀ ਵੰਨ-ਸੁਵੰਨਤਾ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਕੇਂਦਰ ਵਿਚ ਰੱਖਿਆ ਹੈ। 'ਚੁੱਪ ਦੀ ਆਵਾਜ਼' ਕਾਵਿ-ਸੰਗ੍ਰਹਿ ਲਈ ਕਵੀ ਰਣਜੀਤ ਸਿੰਘ ਨੂੰ ਮੁਬਾਰਕਬਾਦ।
-ਪ੍ਰੋ. ਕੁਲਜੀਤ ਕੌਰ