ਅੱਜ ਯਾਦਗਾਰੀ ਸਮਾਗਮ 'ਤੇ ਵਿਸ਼ੇਸ਼
ਜੰਗ-ਏ-ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ 'ਚ ਲੰਮਾ ਸਮਾਂ ਹਿਊਮੈਨਿਟੀਜ਼ ਦੇ ਪ੍ਰੋਫੈਸਰ ਰਹੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 5 ਮਈ ਨੂੰ ਸਾਕੇਤੜੀ (ਪੰਚਕੂਲਾ) ਵਿਖੇ ਵਿਛੋੜਾ ਦੇ ਗਏ ਸਨ। ਇਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣਾ 96ਵਾਂ ਜਨਮ ਦਿਨ ਮਨਾਇਆ ਸੀ। ਉਨ੍ਹਾਂ ਦੀ ਯਾਦ ਵਿਚ ਇਕ ਵਿਸ਼ੇਸ਼ ਸਮਾਗਮ 23 ਮਈ 2026, ਸਨਿਚਰਵਾਰ 3.30 ਵਜੇ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36-ਬੀ, ਚੰਡੀਗੜ੍ਹ ਵਿਚ ਹੋ ਰਿਹਾ ਹੈ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਪਰਿਵਾਰ ਲੱਧੇਵਾਲਾ ਵੜੈਚ (ਗੁਜਰਾਂਵਾਲਾ) ਤੋਂ ਵੰਡ ਵੇਲੇ ਏਧਰ ਆ ਕੇ ਪਹਿਲਾਂ ਕਪੂਰਥਲਾ ਤੇ ਮਗਰੋਂ ਪੱਕੇ ਤੌਰ 'ਤੇ ਪਿੰਡ ਰਾਵਰ (ਕਰਨਾਲ) ਵਿਖੇ ਜਾ ਵਸਿਆ ਸੀ। ਉਹ 1960 ਤੋਂ 1989 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚ ਪੜ੍ਹਾਉਂਦੇ ਰਹੇ। ਵਿਦਿਆਰਥੀਆਂ 'ਚ ਦੇਸ਼ ਭਗਤ ਵਿਰਸਾ ਚੇਤਨਾ, ਸਿਰਜਣਾਤਮਕ ਸੋਝੀ, ਖੇਡ ਸੱਭਿਆਚਾਰ, ਸਵੈ ਅਨੁਸ਼ਾਸਨ ਤੇ ਭਾਈਚਾਰਕ ਸ਼ਕਤੀ ਦੀ ਨਿਰੰਤਰ ਉਸਾਰੀ ਉਨ੍ਹਾਂ ਦਾ ਮੂਲ ਉਦੇਸ਼ ਰਿਹਾ। ਉਮਰ ਦੇ ਆਖਰੀ ਦੋ-ਤਿੰਨ ਸਾਲ ਛੱਡ ਕੇ ਉਹ ਰੋਜ਼ਾਨਾ ਖੇਡ ਮੈਦਾਨ ਜਾਂ ਸੁਖਨਾ ਝੀਲ ਦੇ ਕੰਢੇ ਸਵੇਰਸਾਰ ਦੌੜਦੇ ਰਹੇ। ਉਨ੍ਹਾਂ ਨੇ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ, ਬਾਬਾ ਸੱਜਣ ਸਿੰਘ ਨਾਰੰਗਵਾਲ, ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ, ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਅਰਜਨ ਸਿੰਘ ਜਗਰਾਉਂ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਪਾਲਾ ਸਿੰਘ ਢੁੱਡੀਕੇ, ਸ਼ਹੀਦ ਜਤਿਨ ਦਾਸ ਦੇ ਭਰਾਤਾ ਕਿਰਨ ਦਾਦਾ ਤੇ ਅਨੇਕਾਂ ਹੋਰ ਦੇਸ਼-ਭਗਤਾਂ ਦੀ ਸੰਗਤ ਮਾਣੀ।
ਜਲੰਧਰ 'ਚ ਆਪਣੇ ਸਾਥੀ ਸਹਿਯੋਗੀਆਂ ਤੇ ਵਿਸ਼ਵਾਸਪਾਤਰਾਂ ਦੀ ਸੰਗਤ ਨਾਲ ਉਨ੍ਹਾਂ ਯੁਵਕ ਕੇਂਦਰ ਦੀ ਸਥਾਪਨਾ ਕਰ ਕੇ ਪੂਰੇ ਪੰਜਾਬ 'ਚ ਸ਼ਹੀਦਾਂ ਦੀ ਵਿਰਾਸਤ ਸੰਬੰਧੀ ਚੇਤਨਾ ਦਾ ਪਰਚਮ ਲਹਿਰਾਇਆ। ਆਪਣੇ ਪਿੱਛੇ ਉਹ ਇਕਲੌਤੀ ਬੇਟੀ ਡਾ. ਮਿੰਨਾ ਵੜੈਚ ਤੇ ਉਸ ਦੇ ਪਰਿਵਾਰ ਤੋਂ ਇਲਾਵਾ ਵਿਸ਼ਾਲ ਵਿਚਾਰਧਾਰਕ ਪਰਿਵਾਰ ਛੱਡ ਗਏ। ਉਨ੍ਹਾਂ ਦੇ ਵਿਦਿਆਰਥੀਆਂ 'ਚੋਂ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋ. ਜਗਮੋਹਨ ਸਿੰਘ, ਪ੍ਰਿੰਸੀਪਲ ਮ.ਸ. ਪਰਮਾਰ, ਮਿਹਰ ਚੰਦ ਭਾਰਦਵਾਜ ਤੋਂ ਇਲਾਵਾ ਸਾਹਿਤ ਖੇਤਰ 'ਚ ਅਜਮੇਰ ਰੋਡੇ, ਦਰਸ਼ਨ ਨੱਤ, ਉਜਾਗਰ ਸਿੰਘ ਕੰਵਲ, ਅਮੋਲਕ ਸਿੰਘ, ਅਜਮੇਰ ਸਿੰਘ, ਸੁਰਿੰਦਰ ਧੰਜਲ, ਕੰਵਲਜੀਤ ਸਿੰਘ ਢੁੱਡੀਕੇ, ਜਸਵੰਤ ਜ਼ਫ਼ਰ, ਗੁਰਿੰਦਰਜੀਤ ਤੇ ਪਰਮਜੀਤ ਧਾਲੀਵਾਲ ਨੇ ਚੰਗਾ ਨਾਮਣਾ ਖੱਟਿਆ। ਪੰਜਾਬ ਰਾਜ ਬਿਜਲੀ ਬੋਰਡ ਦੇ ਹੁਣੇ ਸੇਵਾਮੁਕਤ ਹੋਏ ਚੇਅਰਮੈਨ ਬਲਦੇਵ ਸਿੰਘ ਸਰਾਂ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਬਾਨੀ ਵਾਈਸ ਚਾਂਸਲਰ ਡਾ. ਦਿਲਬਾਗ ਸਿੰਘ ਹੀਰਾ ਤੇ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਉਨ੍ਹਾਂ ਦੇ ਵਿਦਿਆਰਥੀ ਸਨ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ 1989 'ਚ ਨੌਕਰੀ ਤੋਂ ਸੇਵਾਮੁਕਤੀ ਉਪਰੰਤ ਕਾਨੂੰਨ ਦੀ ਪੜ੍ਹਾਈ ਕਰ ਕੇ ਆਪਣੇ ਭਣੇਵੇਂ ਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰ.ਸ. ਚੀਮਾ ਨਾਲ ਕੁਝ ਸਮਾਂ ਵਕਾਲਤ ਵੀ ਕੀਤੀ। ਉਨ੍ਹਾਂ ਨੇ ਦੇਸ਼ ਭਗਤ ਲਹਿਰਾਂ ਦੇ ਸੂਰਮਿਆਂ ਦੀਆਂ ਸਰਕਾਰ ਵਲੋਂ ਜ਼ਬਤ ਕੀਤੀਆਂ ਜਾਇਦਾਦਾਂ ਵੀ ਵਾਪਸ ਕਰਵਾਈਆਂ। ਉਨ੍ਹਾਂ ਵਲੋਂ ਲਿਖੀਆਂ ਖੋਜ ਪੁਸਤਕਾਂ ਦੀ ਗਿਣਤੀ 30 ਤੋਂ ਵੱਧ ਹੈ। ਪਹਿਲੇ ਤੇ ਦੂਜੇ ਲਾਹੌਰ ਸਾਜਿਸ਼ ਕੇਸ ਦੀ ਜਜਮੈਂਟ ਨੂੰ ਵੀ ਹਰੀਸ਼ ਜੈਨ ਨਾਲ ਮਿਲ ਕੇ ਸੰਪਾਦਿਤ ਕੀਤਾ ਤੇ ਛਪਵਾਇਆ। ਉਨ੍ਹਾਂ ਨੇ ਸਰਾਭਾ ਪਿੰਡ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਸਪਤਾਲ ਤੇ ਮੈਡੀਕਲ ਕਾਲਜ ਖੁਲ੍ਹਵਾਉਣ ਵਿਚ ਮੁਢਲਾ ਯੋਗਦਾਨ ਪਾਇਆ ਅਤੇ ਸੁਖਦੇਵ ਸਿੰਘ ਸਰਾਭਾ ਤੇ ਮਿਹਰਚੰਦ ਭਾਰਦਵਾਜ ਨਾਲ ਮਿਲ ਕੇ ਵਿਦੇਸ਼ਾਂ 'ਚ ਵਸਦੇ ਵਿਦਿਆਰਥੀਆਂ ਦੀ ਮਦਦ ਨਾਲ ਵੱਡਾ ਫੰਡ ਇਕੱਠਾ ਕਰ ਕੇ ਦਿੱਤਾ। ਮਲੇਰਕੋਟਲਾ 'ਚ ਅੰਗਰੇਜ਼ ਹਕੂਮਤ ਵਲੋਂ ਸ਼ਹੀਦ ਕੀਤੇ 66 ਕੂਕਿਆਂ ਦੀ ਪਿੰਡਾਂ ਸਮੇਤ ਸੂਚੀ ਵੀ ਪ੍ਰੋ. ਵੜੈਚ ਨੇ ਤਿਆਰ ਕੀਤੀ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪੀ.ਆਈ.ਐਲ. ਦਾਇਰ ਕਰ ਕੇ ਨਾਮਧਾਰੀ ਕੂਕਾ ਲਹਿਰ ਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਆਜ਼ਾਦੀ ਸੰਗਰਾਮ ਦਾ ਹਿੱਸਾ ਬਣਾਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਤੇ ਉਨ੍ਹਾਂ ਨੂੰ ਮਾਨਤਾ ਦੁਆਈ। ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਦੀ ਨਿਲਾਮ ਕੀਤੀ ਜ਼ਮੀਨ ਦੇ ਮੁਆਵਜ਼ੇ ਲਈ ਸਰਕਾਰੀਤੰਤਰ ਵਲੋਂ ਨਾਂਹਪੱਖੀ ਰਵੱਈਆ ਅਪਣਾਉਣ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪੀ.ਆਈ.ਐਲ. ਰਾਹੀਂ ਨਾ ਸਿਰਫ਼ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਦੇ ਪੋਤਰਿਆਂ ਨੂੰ 35 ਲੱਖ ਰੁਪਏ ਦਾ ਮੁਆਵਜ਼ਾ ਦੁਆਇਆ, ਸਗੋਂ ਆਪਣੀਆਂ ਦਲੀਲਾਂ ਨਾਲ ਜੱਜਾਂ ਨੂੰ ਐਨਾ ਕਾਇਲ ਕੀਤਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੀ ਕਿਸੇ ਵੀ ਲਹਿਰ ਦੇ ਦੇਸ਼ ਭਗਤ ਦੀ ਜ਼ਬਤ/ ਨਿਲਾਮ ਕੀਤੀ ਜ਼ਮੀਨ ਵਾਰਿਸਾਂ ਨੂੰ ਮੋੜਨ ਜਾਂ ਮੌਜੂਦਾ ਭਾਅ ਬਰਾਬਰ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਸੀ।
ਉਨ੍ਹਾਂ ਦੀਆਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ 'ਚ ਲਿਖੀਆਂ/ ਅਨੁਵਾਦਿਤ/ ਸੰਪਾਦਤ 62 ਕਿਤਾਬਾਂ ਹਨ ਤੇ ਹੋਰ 5 ਕਿਤਾਬਾਂ ਦੀ ਪੀ.ਡੀ.ਐਫ. ਪਾਠਕਾਂ ਨੂੰ ਵੰਡ ਗਏ। ਇਨਕਲਾਬੀ ਦੇਸ਼ ਭਗਤਾਂ ਬਾਰੇ ਲਿਖਣ ਵਾਲੇ ਲੇਖਕਾਂ ਨੂੰ ਉਹ ਆਪਣੇ ਖ਼ਜ਼ਾਨੇ 'ਚੋਂ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਕਰਾ ਕੇ ਬੜੇ ਚਾਅ ਨਾਲ ਭੇਜਦੇ ਸਨ। ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਦੀ ਜਾਣਕਾਰੀ ਦੇ 41 ਵੱਡ-ਆਕਾਰੀ ਪੈਨਲ ਨੈਸ਼ਨਲ ਗੈਲਰੀ ਆਫ਼ ਪੋਰਟਰੇਟ ਸੈਕਟਰ-17 (ਚੰਡੀਗੜ੍ਹ) 'ਚ ਬਣਾਉਣ ਦੀ ਮੁੱਖ ਭੂਮਿਕਾ ਅਦਾ ਕੀਤੀ। ਆਪਣੇ 52 ਸਾਲਾਂ ਦੇ ਖੋਜੀ ਜੀਵਨ ਦੌਰਾਨ ਇਨਕਲਾਬੀ ਦੇਸ਼ ਭਗਤਾਂ ਨਾਲ ਸੰਬੰਧਿਤ ਹਜ਼ਾਰਾਂ ਦਸਤਾਵੇਜ਼, ਬੇਸ਼ਕੀਮਤੀ ਕਿਤਾਬਾਂ ਤੇ ਗ਼ਦਰੀ ਬਾਬਿਆਂ ਦੀਆਂ ਨਿੱਜੀ ਵਸਤਾਂ ਉਹ ਆਪਣੇ ਸਭ ਤੋਂ ਪਿਆਰੇ ਸ਼ਾਗਿਰਦ ਸੀਤਾ ਰਾਮ ਬਾਂਸਲ ਤੇ ਉਸ ਦੀ ਜੀਵਨ ਸਾਥਣ ਬਲਵਿੰਦਰ ਕੌਰ ਬਾਂਸਲ ਨੂੰ ਸੌਂਪ ਗਏ ਹਨ। ਬਾਂਸਲ ਜੋੜੀ ਨੇ ਇਹ ਦਸਤਾਵੇਜ਼ ਤੇ ਕਿਤਾਬਾਂ ਖੋਜੀਆਂ ਦੀ ਸਹੂਲਤ ਲਈ ਆਪਣੇ ਜਲੰਧਰ ਸ਼ਹਿਰ ਵਿਚਲੇ ਆਪਣੇ ਘਰ 'ਚ 'ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਰੈਵੋਲਿਊਸ਼ਨਰੀ ਰਿਚਰਚ ਸੈਂਟਰ' ਵਿਚ ਰੱਖੇ ਹੋਏ ਹਨ। ਉਨ੍ਹਾਂ ਦਾ ਵਿਛੋੜਾ ਸਾਡੇ ਪਰਿਵਾਰ ਲਈ ਨਿੱਜੀ ਘਾਟਾ ਹੈ, ਕਿਉਂਕਿ ਉਹ ਮੇਰੇ ਸਭ ਤੋਂ ਵੱਡੇ ਭੂਆ ਦੇ ਵਿਚਕਾਰਲੇ ਸਪੁੱਤਰ ਸਨ।
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਭਣੇਵੇਂ ਤੇ ਉੱਘੇ ਵਕੀਲ ਆਰ.ਐਸ. ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਪੀ.ਜੀ.ਆਈ. ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੇ ਇਤਿਹਾਸਕਾਰੀ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।
ਮੋਬਾਈਲ : 98726-31199