ਮਲੋਟ, 23 ਜਨਵਰੀ (ਪਾਟਿਲ, ਅਜਮੇਰ ਸਿੰਘ ਬਰਾੜ)-ਸਾਂਝੀਵਾਲਤਾ ਦੇ ਪ੍ਰਤੀਕ ਬ੍ਰਹਮਲੀਨ ਮੁੱਖ ਸੇਵਕ ਪੰਡਿਤ ਗਿਰਧਾਰੀ ਲਾਲ ਦੀ ਪ੍ਰੇਰਨਾ ਸਦਕਾ ਮਹਾਂਵੀਰ ਗਊਸ਼ਾਲਾ ਮਲੋਟ ਵਿਖੇ ਸ਼ੁਰੂ ਕੀਤੀ ਸਾਲਾਨਾ ਸ੍ਰੀ ਅਖੰਡ ਪਾਠਾਂ ਦੀ ਲੜੀ ਸੰਬੰਧੀ 'ਚ ਅੱਜ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਇਹ ਨਗਰ ਕੀਰਤਨ ਮਹਾਂਵੀਰ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਹਨੂੰਮਾਨ ਰੋਡ ਤੋਂ ਮੇਨ ਬਾਜ਼ਾਰ ਅਤੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਬਠਿੰਡਾ ਚੌਕ 'ਚ ਪਹੁੰਚਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ 'ਚ ਸ਼ੁਸ਼ੋਭਿਤ ਸਨ ਅਤੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਨਜ਼ਰ ਆ ਰਹੀਆਂ ਸਨ | ਇਸ ਦੌਰਾਨ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਗਏ | ਨਗਰ ਕੀਰਤਨ ਵਿਚ ਜਿਥੇ ਫ਼ੌਜੀ ਬੈਂਡ ਦੇਖਣ ਯੋਗ ਸੀ, ਉੱਥੇ ਹੀ ਗਤਕਾ ਪਾਰਟੀ ਵਲੋਂ ਹੈਰਾਨੀਜਨਕ ਜੌਹਰ ਵੀ ਦਿਖਾਏ ਗਏ, ਜੋ ਆਕਰਸ਼ਿਤ ਦਾ ਕੇਂਦਰ ਰਹੇ | ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦਾ ਧੰਨਵਾਦ ਕਰਦਿਆਂ ਮੁੱਖ ਸੇਵਾਦਾਰ ਪੰਡਿਤ ਸੰਦੀਪ ਕੁਮਾਰ ਜੂਰੀ ਪਰਿਕ ਨੇ ਸੰਗਤ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਮਹਾਂਵੀਰ ਗਊਸ਼ਾਲਾ 'ਚ 25 ਜਨਵਰੀ ਨੂੰ ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਸਮਾਰੋਹ ਵਿਚ ਜ਼ਰੂਰ ਪਹੁੰਚਿਆ ਜਾਵੇ | ਉਨ੍ਹਾਂ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 351 ਅਖੰਡ ਪਾਠਾਂ 27ਵੀਂ ਇਕੋਤਰੀ ਦਾ ਸਮਾਪਤੀ ਸਮਾਰੋਹ ਵੱਡੇ ਸਮਾਗਮ ਵਜੋਂ 25 ਜਨਵਰੀ ਨੂੰ ਹੋਣ ਜਾ ਰਿਹਾ ਹੈ | ਇਸ ਮੌਕੇ ਨਗਰ ਕੌਂਸਲਰ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸਮਾਜ ਸੇਵੀ ਦੇ ਧਾਰਮਿਕ ਸੰਸਥਾਵਾਂ ਦੇ ਬਲਾਕ ਕੋਆਰਡੀਨੇਟਰ ਮਨੋਜ ਅਸੀਜਾ, ਹੇਮੰਤ ਕਮਰਾ, ਕੇਵਲ ਅਰੋੜਾ, ਐੱਮ. ਸੀ. ਸੁਸ਼ੀਲ ਗਰੋਵਰ, ਵਿਜੇ ਪਾਰਿਕ, ਐੱਮ. ਸੀ. ਪਿੰਦਰ ਕੰਗ, ਐੱਮ. ਸੀ. ਅਸ਼ਵਨੀ ਖੇੜਾ, ਪਿ੍ੰਸ ਭੁੱਲਰ, ਅਜੈ ਪਾਰਿਕ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |