ਸ੍ਰੀ ਮੁਕਤਸਰ ਸਾਹਿਬ, 12 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿਚ ਇਕ ਵੱਡੀ ਸੌਗ਼ਾਤ ਦਿੰਦਿਆਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਲਗਪਗ 20 ਕਰੋੜ ਰੁਪਏ ਨਾਲ ਨਵੇਂ ਬਣਨ ਵਾਲੇ ਐੱਮ.ਆਰ.ਆਈ. ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਸੁਨੀਲ ਬਾਂਸਲ ਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੀਵ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਤੇ ਸਸਤੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਨ੍ਹਾਂ ਐਲਾਨ ਕੀਤਾ ਕਿ ਇਸ ਐੱਮ.ਆਰ.ਆਈ. ਸੈਂਟਰ ਦਾ ਨਿਰਮਾਣ ਕਾਰਜ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਕੇ ਇਸ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਜਾਵੇਗਾ | ਇਸ ਸੈਂਟਰ ਦੇ ਬਣਨ ਨਾਲ ਜ਼ਿਲ੍ਹੇ ਦੇ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਟੈੱਸਟ ਕਰਵਾਉਣ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਜਾਂ ਨਿੱਜੀ ਸੈਂਟਰਾਂ ਵਿਚ ਜਾ ਕੇ ਮਹਿੰਗੇ ਭਾਅ ਦੇ ਟੈੱਸਟ ਕਰਵਾਉਣ ਤੋਂ ਮੁਕਤੀ ਮਿਲੇਗੀ ਅਤੇ ਹਸਪਤਾਲ ਵਿਚ ਹੀ ਸਰਕਾਰੀ ਦਰਾਂ 'ਤੇ ਇਹ ਸੁਵਿਧਾ ਮਿਲੇਗੀ | ਇਸ ਮੌਕੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਿਹਤ ਵਿਭਾਗ ਵਲੋਂ ਇਸ ਪ੍ਰੋਜੈਕਟ ਦੀ ਨਿਗਰਾਨੀ ਪੂਰੀ ਤਨਦੇਹੀ ਨਾਲ ਕੀਤੀ ਜਾਵੇਗੀ ਤਾਂ ਜੋ ਤਿੰਨ ਮਹੀਨਿਆਂ ਦੇ ਮਿੱਥੇ ਸਮੇਂ ਅੰਦਰ ਕੰਮ ਪੂਰਾ ਹੋ ਸਕੇ | ਉਨ੍ਹਾਂ ਕਿਹਾ ਕਿ ਇਸ ਅਤਿ-ਆਧੁਨਿਕ ਮਸ਼ੀਨਰੀ ਦੇ ਆਉਣ ਨਾਲ ਗੰਭੀਰ ਬਿਮਾਰੀਆਂ, ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦੀ ਜਾਂਚ ਹੁਣ ਇੱਥੇ ਹੀ ਸੰਭਵ ਹੋਵੇਗੀ | ਇਸ ਨਾਲ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ਦੀ ਲੁੱਟ ਤੋਂ ਵੱਡੀ ਰਾਹਤ ਮਿਲੇਗੀ | ਡਾ. ਰਾਜੀਵ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਨਵੇਂ ਬਣੇ ਫੈਸੀਲੀਟੇਸ਼ਨ ਸੈਂਟਰ ਵਿਖੇ ਲੋਕਾਂ ਨੂੰ ਮੁਫ਼ਤ ਦਵਾਈਆਂ, ਵੇਟਿੰਗ ਏਰੀਆ ਤੇ ਹੋਰ ਸਿਹਤ ਸਹੂਲਤਾਂ ਇਕ ਛੱਤ ਥੱਲੇ ਮਿਲਣਗੀਆਂ | ਇਸ ਤੋਂ ਇਲਾਵਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੇਂ ਬਣ ਰਹੇ 30 ਬੈੱਡ ਦੇ ਐੱਮ.ਸੀ.ਐੱਚ. ਵਿੰਗ ਨੂੰ ਬਹੁਤ ਜਲਦੀ ਤਿਆਰ ਕਰਕੇ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਜੱਚਾ ਬੱਚਾ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ | ਇਸ ਮੌਕੇ ਡਾ. ਅਰਪਨਦੀਪ ਸਿੰਘ, ਡਾ. ਨਵਰੋਜ ਗੋਇਲ, ਡਾ. ਰੌਬਿਨ, ਗੁਰਚਰਨ ਸਿੰਘ ਫਾਰਮੇਸੀ ਅਫ਼ਸਰ, ਲਾਲ ਚੰਦ ਜ਼ਿਲ੍ਹਾ ਸਿਹਤ ਇੰਸਪੈਕਟਰ, ਗੁਰਪ੍ਰੀਤ ਸਿੰਘ ਪੀ.ਏ. ਟੂ ਸਿਵਲ ਸਰਜਨ, ਸੋਨੀਆ ਨਰਸਿੰਗ ਸਿਸਟਰ, ਹਸਪਤਾਲ ਦਾ ਸਟਾਫ਼, ਨਰਸਿੰਗ ਸਟੂਡੈਂਟਸ ਅਤੇ ਵਿੱਕੀ ਕੁਮਾਰ ਕੌਂਸਲਰ, ਧਰਮਿੰਦਰ ਸਿੰਘ ਕੌਂਸਲਰ, ਸ਼ਿੰਦਰ ਕੌਰ ਕੌਂਸਲਰ, ਗੁਰਤੇਜ ਸਿੰਘ ਕੌਂਸਲਰ ਤੇ ਸ਼ਹਿਰ ਦੇ ਹੋਰ ਕੌਂਸਲਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |