ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਲੋਟ ਵਿਚ ਤੇਜ਼ ਝੱਖੜ ਅਤੇ ਮੀਂਹ ਦਾ ਕਹਿਰ

Ad Position 21
No active advertisement
ਅਜੀਤ ਡੈਸਕ 13-06-2026

ਮਲੋਟ, 12 ਜੂਨ (ਪਾਟਿਲ)-ਮਲੋਟ ਇਲਾਕੇ ਵਿਚ ਆਏ ਤੇਜ਼ ਝੱਖੜ ਅਤੇ ਮੀਂਹ ਕਾਰਨ ਮਲੋਟ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਕਾਫ਼ੀ ਨੁਕਸਾਨ ਪਹੁੰਚਿਆ ਹੈ | ਇਕ ਪਾਸੇ ਜਿੱਥੇ ਇਸ ਮੀਂਹ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਉੱਥੇ ਹੀ ਦੂਜੇ ਪਾਸੇ ਆਈ ਤੇਜ਼ ਹਨ੍ਹੇਰੀ ਨੇ ਕੁਝ ਹੀ ਮਿੰਟਾਂ ਵਿਚ ਤਬਾਹੀ ਮਚਾਈ | ਸ਼ਹਿਰ ਵਿਚ ਕਈ ਵਿਸ਼ਾਲ ਦਰੱਖ਼ਤ ਜੜ੍ਹਾਂ ਸਮੇਤ ਉਖੜ ਗਏ, ਪੈਟਰੋਲ ਪੰਪਾਂ ਦੇ ਸ਼ੈੱਡ ਹਵਾ ਵਿਚ ਉਡ ਗਏ ਅਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਉਪਰ ਲੱਗੇ ਟੀਨ ਸ਼ੈੱਡ ਤੇ ਸਾਈਨ ਬੋਰਡਾਂ ਦਾ ਭਾਰੀ ਨੁਕਸਾਨ ਹੋਇਆ | ਤੇਜ਼ ਝੱਖੜ ਕਾਰਨ ਨੈਸ਼ਨਲ ਹਾਈਵੇ 'ਤੇ ਕਈ ਵੱਡੇ ਦਰੱਖ਼ਤ ਸੜਕ ਦੇ ਵਿਚਾਲੇ ਡਿੱਗ ਗਏ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ | ਵਾਹਨ ਚਾਲਕਾਂ ਨੂੰ ਲੰਮਾ ਸਮਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸੇ ਤਰ੍ਹਾਂ ਗ੍ਰੀਨ ਵੈਲੀ ਤੋਂ ਮਲੋਟ-ਬਠਿੰਡਾ ਰੋਡ ਵੱਲ ਜਾਂਦੀ ਸੜਕ 'ਤੇ ਵੀ ਇਕ ਬਹੁਤ ਵੱਡਾ ਦਰੱਖ਼ਤ ਟੁੱਟ ਕੇ ਸੜਕ 'ਤੇ ਜਾ ਡਿੱਗਿਆ, ਜਿਸ ਕਾਰਨ ਇਹ ਰਸਤਾ ਕਾਫ਼ੀ ਸਮੇਂ ਤੱਕ ਬੰਦ ਰਿਹਾ | ਦਰੱਖ਼ਤ ਡਿੱਗਣ ਤੋਂ ਬਾਅਦ ਕਈ ਗ਼ਰੀਬ ਤੇ ਲੋੜਵੰਦ ਲੋਕ ਬਾਲਣ ਲਈ ਲੱਕੜ ਇਕੱਠੀ ਕਰਦੇ ਵੀ ਨਜ਼ਰ ਆਏ | ਸ੍ਰੀ ਮੁਕਤਸਰ ਸਾਹਿਬ ਰੋਡ ਸਥਿਤ ਇੰਡੀਅਨ ਆਇਲ ਦੇ ਵੀ ਫਿਲਿੰਗ ਸਟੇਸ਼ਨ ਦੇ ਸੰਚਾਲਕ ਅਰਜੁਨ ਨੇ ਦੱਸਿਆ ਕਿ ਝੱਖੜ ਐਨਾ ਭਿਆਨਕ ਸੀ ਕਿ ਪੈਟਰੋਲ ਪੰਪ 'ਤੇ ਲੱਗੀਆਂ ਤੇਲ ਡਿਸਪੈਂਸਿੰਗ ਮਸ਼ੀਨਾਂ ਉਪਰ ਬਣਿਆ ਭਾਰੀ ਲੋਹੇ ਦਾ ਸ਼ੈੱਡ ਤਾਸ਼ ਦੇ ਪੱਤਿਆਂ ਵਾਂਗ ਹਵਾ ਵਿਚ ਉਡ ਕੇ ਦੂਰ ਜਾ ਖਿਲਰ ਗਿਆ | ਉਨ੍ਹਾਂ ਦੱਸਿਆ ਕਿ ਕੁਝ ਹੀ ਮਿੰਟਾਂ ਵਿਚ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ | ਇਸ ਤੋਂ ਇਲਾਵਾ ਸ਼ਹਿਰ ਵਿਚ ਇਸ਼ਤਿਹਾਰਬਾਜ਼ੀ ਲਈ ਲਗਾਏ ਗਏ ਕਈ ਵੱਡੇ-ਵੱਡੇ ਹੋਰਡਿੰਗ ਬੋਰਡ ਤੇ ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡ ਵੀ ਤੇਜ਼ ਹਵਾਵਾਂ ਦਾ ਸਾਹਮਣਾ ਨਾ ਕਰ ਸਕੇ ਅਤੇ ਧਰਤੀ 'ਤੇ ਆ ਡਿੱਗੇ, ਜਿਸ ਕਾਰਨ ਸਥਾਨਕ ਵਪਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਝੱਖੜ ਦੌਰਾਨ ਤਿੰਨਕੋਨੀ ਚੌਂਕ ਵਿਖੇ ਲੱਗਿਆ ਇਕ ਹੋਰਡਿੰਗ ਬੋਰਡ ਦਾ ਪੋਲ ਅਚਾਨਕ ਉੱਥੋਂ ਲੰਘ ਰਹੀ ਕਾਰ ਉਪਰ ਡਿੱਗ ਪਿਆ, ਜਿਸ ਨਾਲ ਕਾਰ ਦਾ ਤਾਂ ਨੁਕਸਾਨ ਹੋ ਗਿਆ, ਪਰ ਉਸ ਵਿਚ ਸਵਾਰ ਲੋਕ ਵਾਲ-ਵਾਲ ਬਚ ਗਏ | ਇਸ ਕੁਦਰਤੀ ਆਫ਼ਤ ਨੇ ਬਿਜਲੀ ਬੋਰਡ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਝੱਖੜ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਤੇ ਮੁਹੱਲਿਆਂ ਵਿਚ ਬੀਤੀ ਸ਼ਾਮ ਤੋਂ ਗਈ ਬਿਜਲੀ 16 ਤੋਂ 17 ਘੰਟੇ ਬੀਤ ਜਾਣ ਦੇ ਬਾਅਦ ਵੀ ਬਹਾਲ ਨਹੀਂ ਹੋ ਸਕੀ | ਬਿਜਲੀ ਨਾ ਹੋਣ ਕਾਰਨ ਗਰਮੀ ਦੇ ਇਸ ਮੌਸਮ ਵਿਚ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ ਅਤੇ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਖੜ੍ਹੀ ਹੋ ਗਈ ਹੈ | ਸ਼ਹਿਰ ਵਾਸੀਆਂ ਨੇ ਬਿਜਲੀ ਮਹਿਕਮੇ ਦੇ ਨਾਕਸ ਪ੍ਰਬੰਧਾਂ 'ਤੇ ਭੜਾਸ ਕੱਢਦਿਆਂ ਕਿਹਾ ਕਿ ਜੇਕਰ ਇਕ ਵਾਰ ਬਿਜਲੀ ਚਲੀ ਜਾਵੇ, ਤਾਂ ਉਪਭੋਗਤਾਵਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੁੰਦਾ ਕਿ ਸਪਲਾਈ ਕਦੋਂ ਬਹਾਲ ਹੋਵੇਗੀ | ਅਧਿਕਾਰੀਆਂ ਨੇ ਇਕ ਸੋਸ਼ਲ ਮੀਡੀਆ ਗਰੁੱਪ ਬਣਾਇਆ ਹੋਇਆ ਹੈ, ਜਿਸ ਵਿਚ ਸਿਰਫ਼ ਰਸਮੀ ਇਨਫੋਰਮੇਸ਼ਨ ਸੁੱਟ ਕੇ ਆਪਣਾ ਬੁੱਤਾ ਸਾਰ ਲਿਆ ਜਾਂਦਾ ਹੈ, ਜਦਕਿ ਆਮ ਜਨਤਾ ਦਿਨ-ਰਾਤ ਖ਼ੱਜਲ-ਖ਼ੁਆਰ ਹੁੰਦੀ ਰਹਿੰਦੀ ਹੈ | ਲੋਕਾਂ ਨੇ ਦੱਸਿਆ ਕਿ ਅਧਿਕਾਰੀਆਂ ਦੇ ਸਿਰ 'ਤੇ ਜੂੰਅ ਤੱਕ ਨਹੀਂ ਸਰਕਦੀ | ਜੇਕਰ ਕੋਈ ਕਿਸਮਤ ਨਾਲ ਕਿਸੇ ਅਧਿਕਾਰੀ ਦਾ ਫ਼ੋਨ ਨੰਬਰ ਹਾਸਿਲ ਕਰਕੇ ਫ਼ੋਨ ਕਰਦਾ ਵੀ ਹੈ ਜਾਂ ਤਾਂ ਫ਼ੋਨ ਚੁੱਕਿਆ ਨਹੀਂ ਜਾਂਦਾ ਅਤੇ ਜੇਕਰ ਕੋਈ ਚੁੱਕ ਵੀ ਲਵੇ, ਤਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾਂਦਾ | ਬਿਜਲੀ ਵਿਭਾਗ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਅੱਕੇ ਹੋਏ ਮਲੋਟ ਵਾਸੀਆਂ ਨੇ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੋਂ ਮੰਗ ਕੀਤੀ ਕਿ ਉਹ ਖ਼ੁਦ ਇਸ ਮਾਮਲੇ ਵਿਚ ਦਖ਼ਲ ਦੇਣ | ਲੋਕਾਂ ਨੇ ਮੰਗ ਕੀਤੀ ਹੈ ਕਿ ਰੱਬ ਆਸਰੇ ਚੱਲ ਰਹੇ ਇਸ ਬਿਜਲੀ ਵਿਭਾਗ ਦੀ ਨਕੇਲ ਕੱਸੀ ਜਾਵੇ ਤਾਂ ਜੋ ਆਮ ਜਨਤਾ ਨੂੰ ਨਿੱਤ ਦਿਨ ਹੁੰਦੀ ਇਸ ਮਾਨਸਿਕ ਤੇ ਸਰੀਰਕ ਖ਼ੱਜਲ-ਖ਼ੁਆਰੀ ਤੋਂ ਨਿਜ਼ਾਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਸਿਵਲ ਹਸਪਤਾਲ ਵਿਖੇ ਐੱਮ.ਆਰ.ਆਈ. ਸੈਂਟਰ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਤੇਜ਼ ਹਨੇਰੀ ਅਤੇ ਮੀਂਹ ਨੇ ਨਰਮੇ ਤੇ ਕਪਾਹ ਦਾ ਕੀਤਾ ਭਾਰੀ ਨੁਕਸਾਨ
Ad Position 24
No active advertisement