ਮਲੋਟ, 12 ਜੂਨ (ਅਜਮੇਰ ਸਿੰਘ ਬਰਾੜ)-ਬੀਤੀ ਸ਼ਾਮ ਮਲੋਟ ਵਿਖੇ ਆਏ ਤੇਜ਼ ਝੱਖੜ, ਹਨੇ੍ਹਰੀ ਤੇ ਮੀਂਹ ਕਰਕੇ ਜਿੱਥੇ ਦਰੱਖ਼ਤ ਟੁੱਟ ਕੇ ਡਿੱਗ ਗਏ, ਉੱਥੇ ਬਿਜਲੀ ਦੇ ਖੰਭੇ ਟੁੱਟਣ ਕਰਕੇ ਬਿਜਲੀ ਵੀ ਪ੍ਰਭਾਵਿਤ ਹੋਈ ਹੈ | ਇਸ ਦੇ ਨਾਲ ਹੀ ਮਲੋਟ ਵਿਖੇ ਦੋ ਪੈਟਰੋਲ ਪੰਪਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਵਿਚ ਉਨ੍ਹਾਂ ਦੇ ਵੱਡੇ ਸ਼ੈੱਡ ਅਤੇ ਤੇਲ ਪਾਉਣ ਵਾਲੀਆਂ ਮਸ਼ੀਨਾਂ ਤੱਕ ਉਖੜ ਕੇ ਡਿੱਗ ਪਈਆਂ | ਇੰਡੀਅਨ ਆਇਲ ਕੰਪਨੀ ਦੇ ਪੰਪ ਦੇ ਮਾਲਕ ਅਰਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਝੱਖੜ ਐਨਾ ਜ਼ਿਆਦਾ ਸੀ ਕਿ ਇਕਦਮ ਭੱਜ ਕੇ ਉਹ ਆਪਣੇ ਕਮਰੇ ਵਿਚ ਗਏ | ਇਸੇ ਦਰਮਿਆਨ ਪੰਪ 'ਤੇ ਕੰਮ ਕਰਨ ਵਾਲੇ ਰੋਬਨ ਸਿੰਘ ਦੇ ਲੱਤ 'ਤੇ ਸੱਟ ਵੀ ਵੱਜ ਗਈ | ਇਸ ਤੂਫਾਨ ਵਿਚ ਘਿਰੇ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਤੇਲ ਪਵਾਉਣ ਆਏ ਤਾਂ ਇਕਦਮ ਐਨਾ ਤੂਫ਼ਾਨ ਆਇਆ ਕਿ ਉਨ੍ਹਾਂ ਤੋਂ ਕਿਸੇ ਪਾਸੇ ਭੱਜਿਆ ਵੀ ਨਹੀਂ ਗਿਆ ਅਤੇ ਵੱਡੀਆਂ-ਵੱਡੀਆਂ ਲੋਹੇ ਦੀਆਂ ਚਾਦਰਾਂ ਉਨ੍ਹਾਂ ਦੇ ਉਪਰ ਦੀ ਲੰਘੀਆਂ ਅਤੇ ਬੇਹੱਦ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਹੋਣੋਂ ਬਚ ਗਿਆ | ਇਸੇ ਤਰ੍ਹਾਂ ਹੀ ਇੰਡੀਅਨ ਆਇਲ ਕੰਪਨੀ ਦੇ ਹੀ ਇਕ ਹੋਰ ਪੰਪ ਦੀ ਤੇਲ ਪਾਉਣ ਵਾਲੀ ਇਕ ਮਸ਼ੀਨ ਅਤੇ ਪਾਈਪ ਸਮੇਤ ਉਖੜ ਕੇ ਹਨੇ੍ਹਰੀ ਨੇ ਦੂਰ ਸੁੱਟ ਦਿੱਤੀ | ਝੱਖੜ ਨੇ ਕੰਪਨੀ ਦੇ ਨਾਂਅ ਵਾਲੇ ਵੱਡੇ ਬੋਰਡ ਵੀ ਪੁੱਟ ਦਿੱਤੇ ਅਤੇ ਇਸੇ ਤਰ੍ਹਾਂ ਉਪਰ ਵੱਡਾ ਸ਼ੈਡ ਵੀ ਤੇਜ਼ ਹਨੇ੍ਹਰੀ ਵਿਚ ਉਡ ਗਈ | ਇਸੇ ਤਰ੍ਹਾਂ ਹੀ ਇਲਾਕੇ ਵਿਚ ਵਿਸ਼ੇਸ਼ ਤੌਰ 'ਤੇ ਫ਼ਾਜ਼ਿਲਕਾ ਰੋਡ ਅਤੇ ਪ੍ਰਤਾਪ ਸਿੰਘ ਢਾਣੀਆਂ ਤੱਕ 15 ਖੰਭੇ ਇਸ ਝੱਖੜ ਕਰਕੇ ਟੁੱਟ ਗਏ ਅਤੇ ਅਜੇ ਤੱਕ ਇਨ੍ਹਾ ਥਾਵਾਂ 'ਤੇ ਬਿਜਲੀ ਚਾਲੂ ਨਹੀਂ ਹੋ ਸਕੀ | ਪਾਵਰਕਾਮ ਦੇ ਅਧਿਕਾਰੀ ਤੇ ਮੁਲਾਜ਼ਮ ਸਵੇਰੇ 6 ਵਜੇ ਤੋਂ ਹੀ ਬਿਜਲੀ ਸਪਲਾਈ ਲਈ ਯਤਨਸ਼ੀਲ ਨਜ਼ਰ ਆਏ | ਇਸ ਤੋਂ ਇਲਾਵਾ ਇਸ ਝੱਖੜ, ਹਨੇ੍ਹਰੀ, ਮੀਂਹ ਨੇ ਨਰਮੇ ਦੀ ਫ਼ਸਲ ਦਾ ਵੀ ਨੁਕਸਾਨ ਕੀਤਾ ਹੈ | ਜੋ ਨਰਮਾ, ਕਪਾਹ ਕੁਝ ਦਿਨ ਪਹਿਲਾਂ ਹੀ ਬੀਜਿਆ ਸੀ, ਉਹ ਇਕ ਵਾਰੀ ਕਰੰਡ ਹੋ ਗਿਆ | ਮੱਕੀ ਦੀ ਫ਼ਸਲ ਧਰਤੀ 'ਤੇ ਡਿੱਗ ਪਈ | ਬਾਗ, ਸਬਜ਼ੀਆਂ, ਫ਼ਲ ਵੀ ਇਸ ਝੱਖੜ ਦੀ ਲਪੇਟ ਵਿਚ ਆ ਗਏ | ਇਲਾਕੇ ਵਿਚ ਵੱਡੀ ਗਿਣਤੀ 'ਚ ਦਰੱਖ਼ਤ ਵੀ ਟੁੱਟੇ, ਘਰਾਂ, ਖੇਤਾਂ ਤੇ ਕੁਝ ਕਾਰਖਾਨਿਆਂ ਵਿਚ ਪਾਏ ਹੋਏ ਸ਼ੈੱਡ ਭਾਵੇਂ ਉਹ ਲੋਹੇ ਦੀਆਂ ਚਾਦਰਾਂ ਵਾਲੇ ਸਨ ਜਾਂ ਸੀਮਿੰਟ ਦੀਆਂ ਚਾਦਰਾਂ ਵਾਲੇ ਉਨ੍ਹਾਂ ਦੇ ਵੀ ਝੱਖੜ ਨੇ ਪਰਚੜੇ ਉਡਾ ਦਿੱਤੇ, ਜਿਸ ਕਰਕੇ ਵੱਡਾ ਆਰਥਿਕ ਨੁਕਸਾਨ ਹੋਇਆ ਹੈ |
ਤੇਜ਼ ਹਨੇਰੀ ਅਤੇ ਮੀਂਹ ਨੇ ਨਰਮੇ ਤੇ ਕਪਾਹ ਦਾ ਕੀਤਾ ਭਾਰੀ ਨੁਕਸਾਨ
ਅਜੀਤ ਡੈਸਕ
13-06-2026