ਗਿੱਦੜਬਾਹਾ, 12 ਜੂਨ (ਪਰਮਜੀਤ ਸਿੰਘ ਥੇੜ੍ਹੀ)-ਸ਼ਹਿਰ ਦੇ ਰੂਪ ਨਗਰ ਇਲਾਕੇ ਦੇ ਵਸਨੀਕ ਪਿਛਲੇ 16-17 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਕੜਾਕੇ ਦੀ ਗਰਮੀ ਦੇ ਮੌਸਮ ਵਿਚ ਬਿਜਲੀ ਨਾ ਹੋਣ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਇਲਾਕਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਅਚਾਨਕ ਬੰਦ ਹੋ ਗਈ ਸੀ ਅਤੇ ਇਸ ਤੋਂ ਬਾਅਦ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ, ਪਰ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ | ਬਿਜਲੀ ਨਾ ਹੋਣ ਕਾਰਨ ਘਰਾਂ ਵਿਚ ਲੱਗੇ ਪੱਖੇ, ਕੂਲਰ ਤੇ ਹੋਰ ਬਿਜਲੀ ਉਪਕਰਨ ਬੰਦ ਪਏ ਹਨ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ, ਕਿਉਂਕਿ ਜ਼ਿਆਦਾਤਰ ਘਰਾਂ ਵਿਚ ਮੋਟਰਾਂ ਰਾਹੀਂ ਪਾਣੀ ਚੜ੍ਹਾਇਆ ਜਾਂਦਾ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪੜ੍ਹਾਈ ਤੇ ਛੋਟੇ ਕਾਰੋਬਾਰਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ | ਰੂਪ ਨਗਰ ਦੇ ਲੋਕਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਖ਼ਰਾਬੀ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਬਿਜਲੀ ਸਪਲਾਈ ਬਹਾਲ ਕੀਤੀ ਜਾਵੇ | ਜਦ ਇਸ ਸੰਬੰਧੀ ਪੀ.ਐੱਸ.ਪੀ.ਸੀ.ਐੱਲ. ਦੇ ਐਕਸੀਅਨ ਅਤੇ ਐੱਸ.ਡੀ.ਓ. ਨਾਲ ਗੱਲਬਾਤ ਕਰਨੀ ਚਾਹੀ, ਤਾਂ ਉਨ੍ਹਾਂ ਫ਼ੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਿਆ |