ਸ੍ਰੀ ਮੁਕਤਸਰ ਸਾਹਿਬ, 12 ਜੂਨ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਡੀ ਗਿਣਤੀ 'ਚ ਪੈਨਸ਼ਨਰ ਸਾਥੀਆਂ ਤੇ ਪਰਿਵਾਰਕ ਪੈਨਸ਼ਨਰ ਭੈਣਾਂ ਨੇ ਭਾਗ ਲਿਆ | ਮੀਟਿੰਗ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਸਕੱਤਰ ਅਮਰਜੀਤ ਪਾਲ ਸ਼ਰਮਾ ਅਤੇ ਪ੍ਰੈੱਸ ਸਕੱਤਰ ਵਿਜੈ ਕੁਮਾਰ ਸੋਈ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਵਿਛੜੇ ਸੇਵਾ ਮੁਕਤ ਸਾਥੀਆਂ, ਉਨ੍ਹਾਂ ਦੇ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ, ਸੰਘਰਸ਼ ਕਰਦੇ ਮਿਹਨਤੀ ਲੋਕਾਂ ਅਤੇ ਜੰਗਾਂ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਤੇ ਬੱਚਿਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਮੀਟਿੰਗ ਵਿਚ ਪਟਿਆਲਾ ਵਿਖੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਕਰਦੇ ਬੇਰੁਜ਼ਗਾਰ ਅਪ੍ਰੈਟਸ਼ਸਿਪ ਲਾਈਨਮੈਨਾਂ ਅਤੇ ਸੇਵਾ ਕੇਂਦਰਾ ਦੇ ਠੇਕਾ ਕਾਮਿਆਂ ਉਪਰ ਸੁਨਾਮ ਵਿਖੇ ਪੰਜਾਬ ਪੁਲਿਸ ਵਲੋਂ ਪੰਜਾਬ ਸਰਕਾਰ ਦੀ ਸ਼ਹਿ 'ਤੇ ਅਣਮਨੁੱਖੀ ਤਰੀਕੇ ਨਾਲ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਨ੍ਹਾਂ ਦੇ ਹਰ ਸੰਘਰਸ਼ ਦੀ ਪੂਰਨ ਰੂਪ ਵਿਚ ਹਮਾਇਤ ਕਰਨ ਦਾ ਫ਼ੈਸਲਾ ਕੀਤਾ | ਇਸ ਮੌਕੇ 16 ਤੇ 17 ਜੂਨ ਨੂੰ ਬਿਜਲੀ ਕਾਮਿਆਂ ਵਲੋਂ ਮੰਗਾਂ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਸਾਂਝੀ ਹੜਤਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ | ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਸ੍ਰੀ ਮੁਕਤਸਰ ਸਾਹਿਬ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੱਤੀ ਗਈ | ਮੀਟਿੰਗ ਵਿਚ ਪੈਨਸ਼ਨਰ ਸਾਥੀਆਂ ਨੇ ਸਰਕਾਰ ਵਲੋਂ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਦੇ ਹਰ ਤਰ੍ਹਾਂ ਦੇ ਅਪਣਾਏ ਜਾ ਰਹੇ ਹੱਥਕੰਡੇ ਦਾ ਵਿਰੋਧ ਕਰਨ ਐਲਾਨ ਕੀਤਾ ਗਿਆ | ਪੈਨਸ਼ਨਰ ਸਾਥੀਆਂ ਵਲੋਂ ਠੇਕਾ ਕਾਮਿਆਂ ਵਲੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਪੈਸਕੋ ਦੇ ਸਾਥੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਕੇ ਉਨ੍ਹਾਂ ਦੇ ਘੋਲ ਦੀ ਹਮਾਇਤ ਕੀਤੀ ਗਈ | ਅੰਤ ਵਿਚ ਆਗੂਆਂ ਬੂਟਾ ਸਿੰਘ ਹਰਾਜ, ਜਰਨੈਲ ਸਿੰਘ, ਅਮਰਜੀਤ ਪਾਲ ਸ਼ਰਮਾ, ਮੇਜਰ ਸਿੰਘ, ਬਲਜੀਤ ਸਿੰਘ ਬਰਾੜ, ਜੰਗੀਰ ਸਿੰਘ, ਸ਼ਿਵਦੀਪ ਸਿੰਘ ਬਰਾੜ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਤੇ ਰਾਮਸਰਨ ਨੇ ਮੀਟਿੰਗ ਵਿਚ ਹਾਜ਼ਰੀ ਲਗਵਾਉਂਦੇ ਹੋਏ ਸਾਂਝੇ ਸੰਘਰਸ਼ ਨੂੰ ਮੰਗਾਂ ਦੀ ਪ੍ਰਾਪਤੀ ਤੱਕ ਤੇਜ਼ ਕਰਨ ਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਸਮੂਹ ਪੈਨਸ਼ਨਰਾਂ ਨੂੰ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾਂ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ |