ਫਗਵਾੜਾ, 13 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਪੈਰਾਡਾਈਜ਼ ਫਾਰਮ ਹਾਊਸ, ਪੱਦੀ ਖ਼ਾਲਸਾ (ਫਗਵਾੜਾ) ਵਿਖੇ 12 ਅਪ੍ਰੈਲ 2026 ਨੂੰ 'ਚੜਿ੍ਹਆ ਚੇਤਰ' ਸਾਹਿਤਕ ਮਿਲਣੀ ਬੜੇ ਹੀ ਸੁਚੱਜੇ ਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ | ਇਸ ਮੌਕੇ 'ਕਾਵਿ ਲੋਕ ਪੁਰਸਕਾਰ-2025' ਸੰਦੀਪ ਜਸਵਾਲ ਨੂੰ ਉਨ੍ਹਾਂ ਦੇ ਕਾਵਿ- ਸੰਗ੍ਰਹਿ 'ਸਮੁੰਦਰ ਨੂੰ ਪੁੱਛੇ ਨਦੀ' ਲਈ ਪ੍ਰਦਾਨ ਕੀਤਾ ਗਿਆ | ਉਨ੍ਹਾਂ ਨੂੰ ਸਨਮਾਨ ਚਿੰਨ੍ਹ, 21000 ਰੁਪਏ ਦੀ ਨਕਦ ਰਾਸ਼ੀ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ | ਸੰਦੀਪ ਜਸਵਾਲ ਦੀ ਕਵਿਤਾ ਬਾਰੇ ਡਾ. ਉਮਿੰਦਰ ਜੌਹਲ ਵਲੋਂ ਪਰਚਾ ਪੜਿ੍ਹਆ ਗਿਆ, ਜਦਕਿ ਤਿ੍ਲੋਚਨ ਲੋਚੀ ਵਲੋਂ ਮਾਣ ਪੱਤਰ ਪੜਿ੍ਹਆ ਗਿਆ | ਸੰਦੀਪ ਜਸਵਾਲ ਨੇ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀਨ ਦਾ ਮਨ ਮੋਹ ਲਿਆ | ਉਰਮਲਜੀਤ ਸਿੰਘ ਵਾਲੀਆ, ਤਿ੍ਲੋਚਨ ਲੋਚੀ ਤੇ ਮਨਜਿੰਦਰ ਸਿੰਘ ਧਨੋਆ, ਦਰਸ਼ਨ ਬੁਟਰ ਨੇ ਖ਼ੂਬਸੂਰਤ ਅੰਦਾਜ਼ ਵਿਚ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਹਾਸਿਲ ਕੀਤੀ | ਸਮਾਗਮ 'ਚ ਵਰਿਆਮ ਸਿੰਘ ਸੰਧੂ, ਗੁਰਭਜਨ ਗਿੱਲ ਅਤੇ ਜਨਮੇਜਾ ਜੌਹਲ ਵਲੋਂ ਖ਼ਾਸ ਤੌਰ 'ਤੇ ਰੌਣਕ ਲਾਈ ਗਈ, ਜਦਕਿ ਦਰਸ਼ਨ ਖਟਕੜ ਦੀਆਂ ਵਿਚਾਰਧਾਰਕ ਗੱਲਾਂ ਨੇ ਦਰਸ਼ਕਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ | ਦਰਸ਼ਨ ਖਟਕੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇ ਮਨੁੱਖ ਦੀ ਜੜ੍ਹ ਆਮ ਲੋਕਾਂ ਨਾਲ ਜੁੜੀ ਹੋਵੇ ਅਤੇ ਉਸਦੀ ਸੋਚ ਨਿਰੋਲ ਤੇ ਨਿਰਸਵਾਰਥ ਹੋਵੇ ਤਾਂ ਉਸਨੂੰ ਮਿਟਾਉਣਾ ਆਸਾਨ ਨਹੀਂ ਹੁੰਦਾ | ਗੁਰਭਜਨ ਗਿੱਲ ਨੇ ਚਿੰਤਾ ਜ਼ਾਹਿਰ ਕੀਤੀ ਕਿ ਅੱਜ ਦਾ ਲੇਖਕ ਸਮਾਜ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ, ਇਸ ਲਈ ਸੱਚੀ ਪਹਿਚਾਣ ਅਤੇ ਜ਼ਿੰਮੇਵਾਰੀ ਦੀ ਲੋੜ ਹੈ | ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿਚ ਮੌਜੂਦਾ ਸਮਾਜਿਕ ਤੇ ਰਾਜਨੀਤਿਕ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ 'ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਸੋਚਣ-ਸਮਝਣ ਦੀ ਆਜ਼ਾਦੀ ਨੂੰ ਸੀਮਿਤ ਕੀਤਾ ਜਾ ਰਿਹਾ ਹੈ | ਵਰਿਆਮ ਸਿੰਘ ਸੰਧੂ ਨੇ ਆਪਣੇ ਵਿਚਾਰਾਂ 'ਚ ਸਾਹਿਤਕ ਜ਼ਿੰਮੇਵਾਰੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਅੱਜ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਸਮਾਜ ਨਾਲ ਰਾਬਤਾ ਲਗਾਤਾਰ ਕਮਜ਼ੋਰ ਪੈਂਦਾ ਜਾ ਰਿਹਾ ਹੈ ਤੇ ਸੱਚੀ ਲਿਖਤ ਨੂੰ ਪ੍ਰਮੋਟ ਕਰਨ ਦੀ ਲੋੜ ਹੈ | ਜਨਮੇਜਾ ਜੌਹਲ ਨੇ ਕਿਹਾ ਕਿ ਮੋਟੀਵੇਸ਼ਨਲ ਕਿਤਾਬਾਂ ਦੀ ਵਧਦੀ ਮੰਗ ਕਾਰਨ ਕ੍ਰੀਏਟਿਵ ਸਾਹਿਤ ਪਿੱਛੇ ਰਹਿ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਪਿ੍ੰ. ਗੁਰਮੀਤ ਸਿੰਘ ਪਲਾਹੀ, ਲਖਵਿੰਦਰ ਜੌਹਲ, ਦਰਸ਼ਨ ਬੁੱਟਰ, ਨਿਰਮਲ ਜੌੜਾ ਤੇ ਸੁਖਦੇਵ ਫਗਵਾੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਵਿਚ ਰਘਵੀਰ ਕੌਰ, ਜਸਵਿੰਦਰ ਫਗਵਾੜਾ, ਬਲਬੀਰ ਸਿੰਘ, ਬਲਬੀਰ ਕੌਰ ਬੱਬੂ ਸੈਣੀ, ਦਵਿੰਦਰ ਸਿੰਘ ਪੂਨੀਆ, ਸਿਮਰਤ ਕੌਰ, ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ, ਸ਼ਾਮ ਸਰਗੂੰਦੀ, ਆਸ਼ਾ ਅਰਮਾਨ, ਜੱਸ ਸਰੋਆ, ਗੁਰਮੁੱਖ ਲੋਹਾਰ, ਤਰਸੇਮ ਸਿੰਘ, ਕੁਲਵੰਤ ਭਿੰਡਰ, ਹਰਜਿੰਦਰ ਨਿਆਣਾ, ਭੁਪਿੰਦਰ ਕੌਰ, ਡਾ: ਦੁਲਚਾ ਸਿੰਘ ਬਰਾੜ, ਗੁਰਨੂਰ ਕੌਰ, ਸਮੇਤ ਅਨੇਕਾਂ ਕਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਸ਼ਿਰਕਤ ਕਰਕੇ ਸਾਹਿਤਕ ਰੰਗ ਭਰਿਆ | ਇਸ ਸਮੇਂ ਪਰਿਵਾਰਾਂ ਵਿਚ ਰਾਜਕੁਮਾਰੀ, ਜਨਕ ਪਲਾਹੀ, ਰਾਜਵੰਤ ਸੰਧੂ, ਰਜਿੰਦਰ ਕੌਰ, ਪਰਮਜੀਤ ਕੌਰ, ਬਲਬੀਰ ਸਿੰਘ, ਮਲਕੀਤ ਸਿੰਘ ਹੱਪੋਵਾਲ, ਬਲਵਿੰਦਰ ਸਿੰਘ ਸੁਮਾਇਆ, ਬਲਦੇਵ ਸਿੰਘ ਅੱਟਾ ਆਦਿ ਸ਼ਾਮਲ ਸਨ | ਇੰਦਰਜੀਤ ਆਰਟਿਸਟ ਵਲੋਂ ਕਵਿਤਾਵਾਂ 'ਤੇ ਆਧਾਰਿਤ ਚਿੱਤਰ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਣ ਰਹੀ, ਜਦ ਕਿ ਸਾਂਝ ਪਬਲੀਕੇਸ਼ਨ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਸਮਾਗਮ ਦੀ ਸਫ਼ਲਤਾ 'ਚ ਗੁਰਮੀਤ ਸਿੰਘ ਪਲਾਹੀ ਦਾ ਮਹੱਤਵਪੂਰਨ ਯੋਗਦਾਨ ਰਿਹਾ, ਜਦਕਿ ਲਖਵਿੰਦਰ ਜੌਹਲ ਵਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ | ਰਵਿੰਦਰ ਚੋਟ ਤੇ ਕਮਲੇਸ਼ ਸੰਧੂ ਨੇ ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਈ | ਸੁਲੱਖਣ ਸਿੰਘ ਜੌਹਲ ਵਲੋਂ ਮਹਿਮਾਨਾਂ ਦੀ ਆਓ-ਭਗਤ ਤੇ ਖਾਣ-ਪੀਣ ਦੀ ਵਿਵਸਥਾ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ | ਕਵੀਆਂ, ਚਿੰਤਕਾਂ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਲਗਾ ਕੇ ਇਸ ਨੂੰ ਇਕ ਪਰਿਵਾਰਕ ਸਮਾਗਮ ਦਾ ਰੂਪ ਦੇ ਦਿੱਤਾ |