ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ)-ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨਪੁਰ ਦੂਲੋਵਾਲ ਨੂੰ ਹੈਂਡ ਵਾਸ਼ਿੰਗ ਸਟੇਸ਼ਨ ਭੇਟ ਕੀਤਾ ਗਿਆ | ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਰੋਟੇ: ਤਲਵਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਸਕੂਲ ਅਤੇ ਸਕੂਲ ਦੇ ਬੱਚਿਆਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਸਕੂਲ ਵਿਚ ਹੈਂਡ ਵਾਸ਼ਿੰਗ ਸਟੇਸ਼ਨ ਭੇਂਟ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸਕੂਲ ਦੇ ਬੱਚਿਆਂ ਨੂੰ ਹੱਥ ਧੋਣ ਲਈ ਇੱਕ ਸਾਲ ਦਾ ਸਾਬਣ ਵੀ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹੈਂਡ ਵਾਸ਼ਿੰਗ ਸਟੇਸ਼ਨ ਪਹਿਲਾਂ ਵੀ ਕਈ ਸਕੂਲਾਂ ਵਿਚ ਦਿੱਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰਨਾਂ ਸਰਕਾਰੀ ਸਕੂਲਾਂ ਵਿਚ ਵੀ ਦਿੱਤੇ ਜਾਣਗੇ | ਕਲੱਬ ਦੇ ਸੈਕਟਰੀ ਸੁਰਜੀਤ ਸਿੰਘ ਨੇ ਕਿਹਾ ਕਿ ਰੋਟਰੀ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ ਜਿਸ ਦੇ ਤਹਿਤ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵੱਲੋਂ ਪਾਵਨ ਨਗਰੀ ਦੇ ਇਲਾਕੇ ਵਿਚ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਲਈ ਲਾਹੇਵੰਦ ਪ੍ਰੋਜੈਕਟ ਕੀਤੇ ਜਾ ਚੁੱਕੇ ਹਨ ਜੋ ਅੱਗੇ ਵੀ ਜਾਰੀ ਰਹਿਣਗੇ | ਸੀਨੀਅਰ ਰੋਟੇਰੀਅਨ ਰਵੀ ਵਾਹੀ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦਾ ਨੈੱਟਵਰਕ ਦੋ ਸੋ ਤੋਂ ਵੀ ਵੱਧ ਦੇਸ਼ਾਂ ਵਿਚ 36000 ਕਲੱਬਾਂ ਰਾਹੀ ਫੈਲਿਆ ਹੋਇਆ ਹੈ ਜੋ ਸਮਾਜ ਸੇਵਾ ਕਰਕੇ ਸਮਾਜ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਸਿਹਤ ਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵੱਲੋਂ ਹਮੇਸ਼ਾ ਵੱਧ ਚੜ ਕੇ ਯੋਗਦਾਨ ਦਿੱਤਾ ਜਾਂਦਾ ਹੈ | ਇਸ ਮੌਕੇ ਸਕੂਲ ਦੀ ਹੈੱਡ ਟੀਚਰ ਕੁਲਜੀਤ ਕੌਰ ਨੇ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਰਵੀ ਵਾਹੀ, ਪ੍ਰਧਾਨ ਤਲਵਿੰਦਰ ਸਿੰਘ ਚੰਦੀ, ਸੈਕਟਰੀ ਸੁਰਜੀਤ ਸਿੰਘ, ਸਾਬਕਾ ਪ੍ਰਧਾਨ ਨੰਬਰਦਾਰ ਹਰਮਨਜੀਤ ਸਿੰਘ, ਸਾਬਕਾ ਪ੍ਰਧਾਨ ਸੋਢੀ ਸਿੰਘ, ਦਿਲਬਾਗ ਸਿੰਘ ਪ੍ਰੋਜੈਕਟ ਚੇਅਰਮੈਨ, ਅਧਿਆਪਕ ਅਪਿੰਦਰ ਸਿੰਘ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |