ਸੁਲਤਾਨਪੁਰ ਲੋਧੀ, 21 ਮਈ (ਨਰੇਸ਼ ਹੈਪੀ, ਥਿੰਦ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲੋਕਾਂ ਦਾ ਉਤਸ਼ਾਹ ਲਗਾਤਾਰ ਵੱਧਦਾ ਜਾ ਰਿਹਾ ਹੈ | ਸ਼ਹਿਰ ਦੇ ਹਰ ਵਾਰਡ ਵਿੱਚ ਪਾਰਟੀ ਨੂੰ ਭਰਪੂਰ ਸਮਰਥਨ ਅਤੇ ਲੋਕਾਂ ਦਾ ਵੱਡਾ ਪਿਆਰ ਮਿਲ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਜੋਸਨ ਨੇ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਇਸ ਵਾਰ ਬਦਲਾਅ ਦੇ ਮੂਡ ਵਿੱਚ ਹਨ ਅਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਮਯਾਬ ਬਣਾਉਣ ਲਈ ਪੂਰਾ ਮਨ ਬਣਾ ਚੁੱਕੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਨਗਰ ਕੌਂਸਲ ਦੀ ਕਮੇਟੀ ਬਣਾਵੇਗਾ ਅਤੇ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਬਣੇਗਾ | ਜੋਸਨ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਬਹੁਤ ਘਾਟ ਹੈ | ਟੁੱਟੀਆਂ ਸੜਕਾਂ, ਪੀਣ ਵਾਲੇ ਪਾਣੀ ਦੀ ਸਮੱਸਿਆ, ਸੀਵਰੇਜ ਪ੍ਰਬੰਧ ਦੀ ਖਰਾਬ ਹਾਲਤ, ਟਰੈਫਿਕ ਦੀ ਦਿਕਤ, ਸਟਰੀਟ ਲਾਈਟਾਂ ਦੀ ਕਮੀ ਅਤੇ ਟ੍ਰੀਟਮੈਂਟ ਪਲਾਂਟ ਵਰਗੇ ਕਈ ਪ੍ਰੋਜੈਕਟ ਅਜੇ ਵੀ ਅਧੂਰੇ ਪਏ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕਮੇਟੀ ਬਣਦੇ ਹੀ ਇਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਹਰ ਵਾਰਡ ਵਿੱਚ ਪਾਰਕਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਅਤੇ ਸ਼ਹਿਰ ਦੀ ਸਾਫ਼-ਸਫ਼ਾਈ ਨੂੰ ਖਾਸ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਸੁਲਤਾਨਪੁਰ ਲੋਧੀ ਨੂੰ ਇੱਕ ਸੁੰਦਰ ਅਤੇ ਵਿਕਸਤ ਸ਼ਹਿਰ ਬਣਾਇਆ ਜਾ ਸਕੇ |