ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ)-ਪਵਿੱਤਰ ਕਾਲੀ ਵੇਈਂ ਦੀ 26 ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਰਤਨ ਤੇ ਕਵੀ ਦਰਬਾਰ ਵਿਚ ਕਾਦਿਰ ਦੀ ਕੁਦਰਤ ਦਾ ਗੁਣਗਾਨ ਕੀਤਾ ਗਿਆ | ਸਮਾਗਮ ਦੌਰਾਨ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦਾ ਮਨਮੋਹਕ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ, ਜਦਕਿ ਕਵੀ ਦਰਬਾਰ ਵਿਚ ਕਵੀਆਂ ਨੇ ਕੁਦਰਤ, ਵਾਤਾਵਰਨ ਅਤੇ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਦਾ ਗੁਣਗਾਨ ਕੀਤਾ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ, ਜਿਸ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ | ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿਚ ਵੱਖ-ਵੱਖ ਕਵੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ, ਪਵਿੱਤਰ ਵੇਈਾ ਦੀ ਮਹੱਤਤਾ, ਵਾਤਾਵਰਣ ਸੰਭਾਲ ਅਤੇ ਸਮਾਜਿਕ ਏਕਤਾ ਨਾਲ ਸੰਬੰਧਿਤ ਆਪਣੀਆਂ ਰਚਨਾਵਾਂ ਪੇਸ਼ ਕਰਕੇ ਹਾਜ਼ਰੀਨ ਤੋਂ ਭਰਪੂਰ ਵਾਹ-ਵਾਹ ਖੱਟੀ | ਕਵੀ ਦਰਬਾਰ ਵਿਚ ਸ਼ਾਮਲ ਕਵੀਆਂ ਨੂੰ ਸਨਮਾਨਿਤ ਕਰਨ ਉਪਰੰਤ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 26 ਸਾਲ ਪਹਿਲਾਂ ਜਦੋਂ ਪਵਿੱਤਰ ਵੇਈਂ ਦੀ ਸਫ਼ਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਸ਼ੰਕੇ ਸਨ ਕਿ ਇੰਨਾ ਵੱਡਾ ਕਾਰਜ ਕਿਵੇਂ ਸੰਪੰਨ ਹੋਵੇਗਾ | ਪਰ ਕਾਰ ਸੇਵਾ ਨਾਲ ਜੁੜੇ ਸੇਵਾਦਾਰਾਂ ਦਾ ਇਹ ਵਿਸ਼ਵਾਸ ਅਟੱਲ ਸੀ ਕਿ ਭਾਵੇਂ ਸਮਾਂ ਲੱਗੇ, ਇਹ ਕਾਰਜ ਜ਼ਰੂਰ ਸਿਰੇ ਚੜ੍ਹੇਗਾ | ਕਵੀ ਦਰਬਾਰ ਵਿਚ ਪ੍ਰੋ. ਕੁਲਵੰਤ ਸਿੰਘ ਔਜਲਾ, ਗੁਰਬਖ਼ਸ਼ ਸਿੰਘ ਭੰਡਾਲ, ਸਿੱਖ ਚਿੰਤਕ ਭਗਵੰਤ ਸਿੰਘ ਜੌਹਲ, ਸੰਤ ਸਿੰਘ ਸੰਧੂ, ਰਾਮ ਸਿੰਘ ਇਨਸਾਫ਼, ਜਪ ਕੌਰ, ਆਸ਼ੀ ਈਸਪੁਰੀ, ਲਾਡੀ ਭੁੱਲਰ, ਗੁਰਜੋਤ ਸਿੰਘ, ਹਜ਼ਾਰਾ ਸਿੰਘ ਗਿੱਲ, ਡਾ. ਰਾਮ ਮੂਰਤੀ ਅਤੇ ਮੁਖ਼ਤਿਆਰ ਸਿੰਘ ਚੰਦੀ ਨੇ ਆਪਣੀਆਂ ਰਚਨਾਵਾਂ ਰਾਹੀਂ ਕੁਦਰਤ, ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ | ਸਮਾਗਮ ਦੇ ਅੰਤ ਵਿਚ ਗੁਰੂ ਨਾਨਕ ਪ੍ਰੈੱਸ ਕਲੱਬ, ਸੁਲਤਾਨਪੁਰ ਲੋਧੀ ਦੇ ਪੱਤਰਕਾਰ ਸਾਥੀਆਂ, ਰਾਗੀ ਜਥਿਆਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦਾ ਮੰਚ ਸੰਚਾਲਨ ਸੰਤ ਸੁਖਜੀਤ ਸਿੰਘ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ |