ਹੁਸੈਨਪੁਰ, 15 ਜੁਲਾਈ (ਤਰਲੋਚਨ ਸਿੰਘ ਸੋਢੀ)-ਆਰ. ਸੀ. ਐਫ਼. ਪ੍ਰਸ਼ਾਸਨ ਵਲੋਂ ਆਲ ਇੰਡੀਆ ਐਸ. ਸੀ. ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ. ਸੀ. ਐਫ਼. ਨਾਲ ਇਕ ਵਿਸ਼ੇਸ਼ ਮਹੱਤਵ ਪੂਰਨ ਮੀਟਿੰਗ ਕੀਤੀ ਗਈ | ਜਿਸ ਵਿਚ ਆਰ. ਸੀ. ਐਫ਼. ਦੇ ਜਨਰਲ ਮੈਨੇਜਰ ਅਜੇ ਨੰਦਨ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਵਿਚ ਸ਼ਾਮਿਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਕਰਮਚਾਰੀਆਂ ਦੇ ਹੱਕਾਂ ਤੇ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਤੇ ਪੀ.ਸੀ.ਪੀ.ਓ. ਨੂੰ ਨਿਰਦੇਸ਼ ਜਾਰੀ ਕੀਤਾ ਕਿ ਭਵਿੱਖ ਵਿਚ ਇਹ ਸਹੀ ਸਮੇਂ ਸਿਰ ਕੀਤੀ ਜਾਵੇ | ਜਨਰਲ ਮੈਨੇਜਰ ਅਜੇ ਨੰਦਨ ਨੇ ਕਿਹਾ ਕਿ ਸਾਨੂੰ ਰੇਲ ਵਿਚ ਨਵੀਂ ਤਕਨਾਲੋਜੀ ਨੂੰ ਅਪਣਾ ਕੇ ਰੇਲ ਨੂੰ ਤਰੱਕੀ ਲੈ ਜਾਣ ਦਾ ਪ੍ਰਣ ਕਰਨਾ ਚਾਹੀਦਾ ਹੈ ਅਤੇ ਹਰ ਇਕ ਕਰਮਚਾਰੀ ਨੂੰ ਗੌਰਵ ਹੋਣਾ ਚਾਹੀਦਾ ਕਿ ਅਸੀਂ ਰੇਲ ਸੇਵਾ ਦੇ ਜਰੀਏ ਦੇਸ਼ ਨੂੰ ਅੱਗੇ ਲਿਜਾਣ ਵਿਚ ਹਿੱਸੇਦਾਰ ਬਣਦੇ ਹਾਂ | ਇਸ ਮੌਕੇ ਰਮੇਸ਼ ਕੁਮਾਰ ਜੈਨ ਪੀ.ਸੀ.ਓ.ਆਰ.ਸੀ.ਐਫ਼. ਨੇ ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਸਥਾਰਪੂਰਵਕ ਚਰਚਾ ਕਰਦਿਆਂ ਬਹੁਤ ਸਾਰੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਕੁੱਝ ਮੰਗਾਂ ਨੂੰ ਰੇਲਵੇ ਬੋਰਡ ਕੋਲ ਰੈਫ਼ਰ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਕਰਮਚਾਰੀਆਂ ਦੀਆਂ ਸਿਹਤ ਪ੍ਰਤੀ ਸਮੱਸਿਆਵਾਂ ਦੇ ਹੱਲ ਲਈ ਡਾਕਟਰ ਰਜੇਸ਼ ਮੋਹਨ ਏ. ਸੀ. ਐਮ. ਓ. ਵਿਚਾਰ ਚਰਚਾ ਕੀਤੀ | ਇਸੇ ਦੌਰਾਨ ਕਰਮਚਾਰੀਆਂ ਦੇ ਮਕਾਨਾਂ ਨਾਲ ਸੰਬੰਧਿਤ ਅਤੇ ਹੋਰ ਮਸਲਿਆਂ ਲਈ ਹਿਤੇਸ਼ ਕੁਮਾਰ ਡਿਪਟੀ ਸੀ.ਈ. ਤੇ ਕੁਲਵਿੰਦਰ ਸਿੰਘ ਡਿਪਟੀ ਸੀ.ਪੀ.ਐਲ.ਈ. ਲੋੜੀਂਦੀਆਂ ਮੰਗਾਂ ਪ੍ਰਤੀ ਚਰਚਾ ਕੀਤੀ ਗਈ | ਐਸ.ਸੀ.ਐਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ. ਸੀ. ਐਫ਼. ਦੇ ਜ਼ੋਨਲ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਧੰਨਵਾਦ ਨਾਲ ਕੀਤੀ ਅਤੇ ਆਰ. ਸੀ. ਮੀਣਾ ਜ਼ੋਨਲ ਸਕੱਤਰ ਅਤੇ ਸਮੂਹ ਟੀਮ ਨੇ ਜਨਰਲ ਮੈਨੇਜਰ ਅਜੇ ਨੰਦਨ ਨੂੰ ਲੋਈ ਅਤੇ ਪਲਾਂਟ ਨਾਲ ਸਨਮਾਨਿਤ ਕੀਤਾ ਅਤੇ ਪੀ.ਸੀ. ਪੀ. ਓ. ਆਰ. ਸੀ. ਐਫ. ਨੂੰ ਲੋਈ ਨਾਲ ਸਨਮਾਨਿਤ ਕੀਤਾ | ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿਚ ਸੋਹਣ ਬੈਠਾ, ਦੇਸ ਰਾਜ, ਧਰਮਵੀਰ ਸਿੰਘ, ਜਸਪਾਲ ਚੌਹਾਨ, ਕਸ਼ਮੀਰ ਸਿੰਘ, ਮੁਕੇਸ਼ ਮੀਣਾ, ਬਿਮਲਾ ਰਾਣੀ, ਆਰ. ਸੀ. ਮੀਨਾ, ਰਿਸ਼ੀਕੇਸ਼ ਮੀਨਾ, ਕ੍ਰਿਸ਼ਨ ਸਿੰਘ, ਅਸ਼ੀਸ਼ ਮਨਵਾਲ, ਸੰਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |