ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ)-ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ਵਿਖੇ ਆਯੋਜਿਤ 14ਵੀਂ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ‘ਚ ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਖਿਡਾਰੀ ਅਰਮਾਨ ਸਿੰਘ ਨੇ ਅੰਡਰ-19 ਵਰਗ ਦੇ ਮੁਕਾਬਲੇ ਵਿਚ ਸ਼ਿਰਕਤ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਅਰਮਾਨ ਨੇ 60 ਮੀਟਰ, 100 ਮੀਟਰ ਅਤੇ 200 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਤਿੰਨ ਸੋਨੇ ਦੇ ਤਗਮੇ ਜਿੱਤੇ ਤੇ ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਸੁਲਤਾਨਪੁਰ ਲੋਧੀ ਸਮੇਤ ਆਪਣੇ ਪਰਿਵਾਰ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਇਸ ਦੌਰਾਨ ਸਮਾਗਮ ਦੇ ਮੁੱਖ ਮਹਿਮਾਨ ਰਾਜੀਵ ਭਾਰਗਵ (ਸਾਂਸਦ ਕਾਂਗੜਾ), ਸੁਰੇਸ਼ ਸ਼ਰਮਾ (ਵਿਧਾਇਕ ਧਰਮਸ਼ਾਲਾ) ਅਤੇ ਅਮਿੱਤ ਭਾਰਦਵਾਜ (ਡਾਇਰੈਕਟਰ) ਨੇ ਜੇਤੂ ਖਿਡਾਰੀ ਅਰਮਾਨ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ | ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੇ ਪਿ੍ੰਸੀਪਲ ਨਿਧੀ ਸੰਗੋਤਰਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਣ ਨਾਲ ਕਿਹਾ ਕਿ ਅਰਮਾਨ ਸਿੰਘ ਦੀ ਇਹ ਇਤਿਹਾਸਕ ਪ੍ਰਾਪਤੀ ਸਕੂਲ ਲਈ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਅਰਮਾਨ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਸਦਕਾ ਰਾਸ਼ਟਰੀ ਪੱਧਰ ‘ਤੇ ਤਿੰਨ ਸੋਨੇ ਦੇ ਤਗਮੇ ਜਿੱਤ ਕੇ ਇਹ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਸਮਰਪਣ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅਰਮਾਨ ਸਕੂਲ ਦੇ ਹੋਰ ਵਿਦਿਆਰਥੀਆਂ ਲਈ ਇੱਕ ਪੇ੍ਰਰਨਾ ਸਰੋਤ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿਚ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਉਹ ਸਕੂਲ ਤੇ ਦੇਸ਼ ਦਾ ਨਾਂਅ ਹੋਰ ਉੱਚਾ ਕਰੇਗਾ | ਇਸ ਮੌਕੇ ਗੁਰੂ ਨਾਨਕ ਖ਼ਾਲਸਾ ਕਾਲਜ ਸੁਸਾਇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਨੇ ਅਰਮਾਨ ਸਿੰਘ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਸ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਵੀ ਅਰਮਾਨ ਸਿੰਘ ਦੀ ਇਸ ਵਿਸ਼ੇਸ਼ ਉਪਲਬਧੀ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ |