ਲੈ ਕਿਰਨਾਂ ਦਾ ਕਾਫ਼ਲਾ, ਆਈ ਏ ਪ੍ਰਭਾਤ,
ਜੇ ਤੂੰ ਸੁੱਤਾ ਰਹਿ ਗਿਆ, ਖੁਸ ਜਾਣੀ ਸੌਗਾਤ।
ਲੈ ਕਿਰਨਾਂ ਦਾ ਕਾਫ਼ਲਾ, ਦਰ 'ਤੇ ਢੁੱਕੀ ਆਣ,
ਬੁੱਕਲ ਖੋਲ੍ਹੀ ਪੂਰਬੋਂ, ਭਰ ਮਿੱਠੀ ਮੁਸਕਾਨ।
ਲੈ ਕਿਰਨਾਂ ਦਾ ਕਾਫ਼ਲਾ, ਵੰਡਣ ਆਈ ਨੂਰ,
ਅੱਖਾਂ ਖੋਲ੍ਹ ਕੇ ਵੇਖਣਾ, ਬੰਦੇ ਦਾ ਦਸਤੂਰ।
ਲੈ ਕਿਰਨਾਂ ਦਾ ਕਾਫ਼ਲਾ, ਹੱਥ 'ਚ ਫੜ੍ਹੀ ਮਸ਼ਾਲ.
ਪਲਾਂ- ਛਿਣਾਂ ਵਿਚ ਏਸ ਨੇ, ਧਰਤੀ ਕਰਨੀ ਲਾਲ।
ਲੈ ਕਿਰਨਾਂ ਦਾ ਕਾਫ਼ਲਾ, ਸੂਹੀ ਚੜ੍ਹੀ ਸਵੇਰ.
ਵੇਖਦਿਆਂ ਹੀ ਧਰਤੀਓਂ, ਜਾਣਾ ਮੁੱਕ ਹਨੇਰ।
ਲੈ ਕਿਰਨਾਂ ਦਾ ਕਾਫ਼ਲਾ, ਬੁੱਕਲ ਖੋਲ੍ਹੀ ਆਣ,
ਭਰ ਅੰਗੜਾਈ ਉੱਠ ਪਈ, ਲੈ ਸੋਨੇ ਦੀ ਖਾਣ।
ਲੈ ਕਿਰਨਾਂ ਦਾ ਕਾਫ਼ਲਾ, ਮੋਤੀਆਂ ਭਰੀ ਚੰਗੇਰ,
ਜਾਣਾ,ਭੱਜ ਹਨੇਰ ਨੇ, ਹੁਣ ਨਾ ਹੋਣੀ ਦੇਰ।
ਲੈ ਕਿਰਨਾਂ ਦਾ ਕਾਫ਼ਲਾ, ਦਰ 'ਤੇ ਚੋਇਆ ਤੇਲ,
ਪਰਤ ਆਉਣ ਖੁਸ਼ਹਾਲੀਆਂ, ਕੁਦਰਤ ਦੇ ਸੰਗ ਮੇਲ।
ਲੈ ਕਿਰਨਾਂ ਦਾ ਕਾਫ਼ਲਾ, ਕਰ ਸ਼ਗਨਾਂ ਦੇ ਚਾਅ,
ਧਰਤ ਸੁਹਾਵੀ ਖਿੜ ਗਈ, ਵਗੀ ਪੁਰੇ ਦੀ ਵਾਅ।
ਲੈ ਕਿਰਨਾਂ ਦਾ ਕਾਫ਼ਲਾ, ਦੇਣਾ ਨ੍ਹੇਰ ਭਜਾਅ,
ਕਣ ਕਣ ਵਿਚ ਓਸਨੇ, ਦੇਣਾ ਨੂਰ ਜਗਾਅ।
ਲੈ ਕਿਰਨਾਂ ਦਾ ਕਾਫ਼ਲਾ, ਮੋਤੀਆਂ ਭਰਿਆ ਥਾਲ,
ਪਲਾਂ-ਛਿਣਾਂ ਵਿਚ ਨੂਰ ਨੇ, ਦੇਣਾ ਰੰਗ ਵਿਖਾਲ।
-ਬੱਲ ਸਚੰਦਰ ( ਅੰਮ੍ਰਿਤਸਰ )।
ਮੋਬਾਈਲ : 94647 80299