ਹੋਲੀ ਪ੍ਰਾਚੀਨ ਦੱਖਣੀ ਏਸ਼ਿਆਈ ਤਿਉਹਾਰ ਹੈ। ਭਾਰਤ 'ਚ ਬਸੰਤ ਰੁੱਤ 'ਚ ਮਨਾਏ ਜਾਣ ਵਾਲੇ ਹੋਲੀ ਦੇ ਤਿਉਹਾਰ ਦੇ ਹੋਲਿਕਾ, ਹੋਲਾਕਾ, ਫਾਲਗੁਣੀ, ਫਗੁਆ/ਫੱਗਵਾ, ਧੁਲੰਡੀ, ਢੋਲ, ਧੁਰੱਡੀ, ਧੁਰਖੇਲ ਅਤੇ ਧੂਲੀਵੰਦਨ ਆਦਿ ਵਿਭਿੰਨ ਨਾਂਅ ਪ੍ਰਚੱਲਿਤ ਹਨ। ਸਰਦੀ ਦੇ ਅਲਵਿਦਾ ਕਹਿਣ 'ਤੇ ਫੱਗਣ ਆ ਦਸਤਕ ਦਿੰਦਾ ਹੈ ਅਤੇ ਫੱਗਣ (ਫੱਗਣ ਸੁਦੀ ਦੀ ਪੰਦ੍ਹਰਵੀਂ) ਭਾਵ ਮਾਰਚ 'ਚ ਪੂਰਨਮਾਸ਼ੀ ਦੇ ਦਿਨ ਇਕ-ਦੂਜੇ 'ਤੇ ਰੰਗ/ਗੁਲਾਲ ਲਗਾ ਕੇ, ਰੰਗਾਂ ਦੀ ਵਾਛੜ ਕਰਕੇ ਤੇ ਢੋਲ-ਨਗਾਰਿਆਂ ਨਾਲ ਹੋਲੀ ਮਨਾਈ ਜਾਂਦੀ ਹੈ। ਜਦੋਂ ਪ੍ਰਕਿਰਤੀ ਰੰਗ-ਬਰੰਗੀ ਜਵਾਨੀ ਦੀ ਚਰਮ ਸੀਮਾ 'ਤੇ ਪੁੱਜਦੀ ਹੈ ਤਾਂ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਬਸੰਤ ਦੇ ਸੰਦੇਸ਼ਵਾਹਕ ਤਿਉਹਾਰ ਨੂੰ 'ਬਸੰਤ ਉਤਸਵ' ਤੇ 'ਕਾਮ ਮਹੋਤਸਵ' ਨਾਂਅ ਨਾਲ ਜਾਣਿਆ ਜਾਂਦਾ ਹੈ।
ਇਤਿਹਾਸਕਾਰ ਦੱਸਦੇ ਹਨ ਕਿ ਆਰੀਆ ਲੋਕ ਵੀ ਹੋਲੀ ਦਾ ਤਿਉਹਾਰ ਮਨਾਉਂਦੇ ਸਨ। ਪੁਰਾਤਨ ਧਾਰਮਿਕ ਸਰੋਤਾਂ (ਜੈਮਿਨੀ ਦੇ ਪੂਰਵ ਮੀਮਾਂਸਾ ਸੂਤਰ, ਭਵਿੱਖ ਪੁਰਾਣ ਤੇ ਨਾਰਦ ਪੁਰਾਣ ਦੀਆਂ ਪ੍ਰਾਚੀਨ ਹੱਥ-ਲਿਖਤਾਂ ਅਤੇ ਗ੍ਰੰਥਾਂ) 'ਚ ਵੀ ਹੋਲੀ ਮਨਾਉਣ ਦਾ ਜ਼ਿਕਰ ਮਿਲਦਾ ਹੈ। ਸ੍ਰੀਮਦ ਭਗਵਤ ਮਹਾਂਪੁਰਾਣ 'ਚ ਰਸਾਂ ਦੇ ਸਮੂਹ ਰਾਸ ਦਾ ਵਰਣਨ ਹੈ। ਵਿੰਦਯ ਖੇਤਰ 'ਚ ਰਾਮਗੜ੍ਹ ਸਥਾਨ 'ਤੇ ਸਥਿਤ ਈਸਾ ਤੋਂ 300 ਵਰ੍ਹੇ ਪਹਿਲਾਂ ਦਾ ਇਕ ਸ਼ਿਲਾਲੇਖ ਅਤੇ ਪ੍ਰਾਚੀਨ ਮੰਦਰਾਂ ਦੀਆਂ ਕੰਧਾਂ ਉਤੇ ਕੀਤੀ ਗਈ ਮੂਰਤੀਕਾਰੀ ਹੋਲੀ ਉਤਸਵ ਦੀ ਪੁਰਾਤਨਤਾ ਦੀ ਗਵਾਹੀ ਭਰਦੀ ਹੈ। 11ਵੀਂ ਸਦੀ 'ਚ ਹੋਏ ਮੁਸਲਮਾਨ ਯਾਤਰੀ ਅਲਬਰੂਨੀ ਨੇ ਆਪਣੀ ਇਤਿਹਾਸਕ ਯਾਤਰਾ ਦਾ ਵਰਣਨ ਕਰਦਿਆਂ ਹੋਲੀ ਦਾ ਜ਼ਿਕਰ ਕੀਤਾ। ਤੀਜੇ ਮੁਗ਼ਲ ਬਾਦਸ਼ਾਹ ਅਕਬਰ (1542-1605) ਦੇ ਮਹਿਲ 'ਚ ਸੋਨੇ-ਚਾਂਦੀ ਦੇ ਵਿਸ਼ਾਲ-ਆਕਾਰੀ ਬਰਤਨਾਂ 'ਚ ਕੇਵੜੇ ਅਤੇ ਕੇਸਰ ਨਾਲ ਭਰਪੂਰ ਟੇਸੂ ਦਾ ਰੰਗ ਘੋਲਿਆ ਜਾਂਦਾ ਸੀ ਅਤੇ ਰਾਜਾ ਆਪਣੀ ਬੇਗਮ ਤੇ ਹਰਮ ਦੀਆਂ ਸੁੰਦਰੀਆਂ ਨਾਲ ਹੋਲੀ ਖੇਡਦਾ ਸੀ। ਚੌਥੇ ਮੁਗ਼ਲ ਬਾਦਸ਼ਾਹ ਜਹਾਂਗੀਰ (1569-1627) ਵੇਲੇ 'ਮਹਿਫ਼ਲ-ਏ-ਹੋਲੀ' ਨਾਂਅ ਦਾ ਵੱਡਾ ਸਮਾਗਮ ਕਰਵਾਇਆ ਜਾਂਦਾ ਸੀ। ਸ਼ਾਹਜਹਾਂ ਵੇਲੇ ਹੋਲੀ ਨੂੰ 'ਈਦ-ਏ-ਗੁਲਾਬੀ' ਜਾਂ 'ਆਬ-ਏ-ਪਾਸ਼ੀ' (ਰੰਗਾਂ ਦੀ ਵਾਛੜ/ਰੰਗਾਂ ਦਾ ਛਿੜਕਾਓ) ਕਿਹਾ ਜਾਂਦਾ ਸੀ। ਬਹਾਦਰ ਸ਼ਾਹ ਜ਼ੱਫ਼ਰ ਦੇ ਮੰਤਰੀ ਉਸ ਦੇ ਰੰਗ ਲਾਉਣ ਆਉਂਦੇ ਸਨ। ਅਲਵਰ ਮਿਊਜ਼ੀਅਮ 'ਚ ਇਕ ਚਿੱਤਰ 'ਚ ਜਹਾਂਗੀਰ ਨੂੰ ਹੋਲੀ ਖੇਡਦੇ ਦਿਖਾਇਆ ਗਿਆ ਹੈ। ਮੁਗ਼ਲ ਕਾਲ ਦੇ ਚਿੱਤਰਾਂ ਅਤੇ ਮੁਸਲਮਾਨ ਕਵੀਆਂ ਦੀਆਂ ਰਚਨਾਵਾਂ ਜਿਨ੍ਹਾਂ 'ਚ ਅਕਬਰ ਦਾ ਜੋਧਾਬਾਈ ਤੇ ਜਹਾਂਗੀਰ ਦਾ ਨੂਰਜਹਾਂ ਨਾਲ ਹੋਲੀ ਖੇਡਣ ਦਾ ਵਰਣਨ ਮਿਲਦਾ ਹੈ, ਤੋਂ ਗਿਆਤ ਹੁੰਦਾ ਹੈ ਕਿ ਮੁਸਲਮਾਨ ਵੀ ਹੋਲੀ ਦਾ ਤਿਉਹਾਰ ਮਨਾਉਂਦੇ ਰਹੇ ਹਨ। ਸਿਮ੍ਰਤੀ ਕਾਲ 'ਚ ਕਈ ਕਿਸਮ ਦੀਆਂ ਵੰਡੀਆਂ ਪਈਆਂ ਅਤੇ ਰੀਤੀ-ਰਿਵਾਜਾਂ ਤੇ ਤਿਉਹਾਰਾਂ 'ਚ ਵੀ। ਬ੍ਰਾਹਮਣਾਂ ਅਨੁਸਾਰ 4 ਪ੍ਰਮੁੱਖ ਤਿਉਹਾਰ ਵਿਸਾਖੀ, ਦੁਸਹਿਰਾ, ਦੀਵਾਲੀ ਤੇ ਹੋਲੀ ਰਹੇ। ਵਿਸਾਖੀ ਨੂੰ ਉਹ ਆਪਣਾ, ਦੁਸਹਿਰੇ ਨੂੰ ਖੱਤਰੀਆਂ, ਦੀਵਾਲੀ ਨੂੰ ਵੈਸ਼ਾਂ ਅਤੇ ਹੋਲੀ ਨੂੰ ਨਿਮਨ ਵਰਗ ਦੇ ਤਿਉਹਾਰ ਵਜੋਂ ਮਾਨਤਾ ਦਿੰਦੇ ਰਹੇ। ਸਿੱਖ ਗੁਰੂ ਸਾਹਿਬਾਨ ਨੇ ਸਮਾਜ 'ਚ ਪ੍ਰਚਲਿਤ ਅਗਿਆਨਤਾ ਨਾਲ ਭਰਪੂਰ ਵਹਿਮਾਂ-ਭਰਮਾਂ ਅਤੇ ਗ਼ਲਤ ਰੀਤਾਂ-ਰਸਮਾਂ ਦਾ ਖੰਡਨ ਕਰਦਿਆਂ ਤਿਉਹਾਰਾਂ ਨੂੰ ਮਨਾਉਣ ਦਾ ਸਹੀ ਮਾਰਗ ਦਰਸਾਇਆ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ 'ਚ ਹੋਲੀ ਨੂੰ ਸੰਤਾਂ ਦੀ ਸੇਵਾ ਰਾਹੀਂ ਆਤਮਾ ਨੂੰ ਕਰਤਾਪੁਰਖ ਦੇ ਰੰਗ 'ਚ ਰੰਗ ਕੇ ਮਨਾਉਣ ਦਾ ਸੰਦੇਸ਼ ਦਿੱਤਾ :
'ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍ਰ ਬੇਅੰਤ॥੧॥ ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥੨॥'
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1180)
ਇਸ ਸੰਪੂਰਨ ਸ਼ਬਦ 'ਚ ਆਏ ਤਿੰਨੇ ਲਫ਼ਜ਼ ਬਸੰਤ, ਫਾਗ ਅਤੇ ਹੋਲੀ ਖ਼ੁਸ਼ੀ ਦੀ ਭਾਵਨਾ ਵੱਲ ਇਸ਼ਾਰਾ ਕਰਦੇ ਹਨ ਅਤੇ ਰੰਗਾਂ ਦੇ ਤਿਉਹਾਰ ਹੋਲੀ ਨਾਲ ਜੁੜੇ ਹੋਏ ਹਨ। ਤਕੜੇ ਤੇ ਨਿਰੋਗ ਸਰੀਰ ਅੰਦਰ ਸਿਹਤਮੰਦ ਮਨ ਨਿਵਾਸ ਕਰਦਾ ਹੈ। ਇਸ ਲਈ ਕੱਚੇ ਰੰਗਾਂ ਨਾਲ ਹੋਲੀ ਖੇਡਣ ਦੀ ਥਾਂ ਸਰੀਰ ਨੂੰ ਸ਼ੁਭ ਕਰਮ ਕਰਨ 'ਚ ਲਾਈ ਰੱਖਣਾ ਤੇ ਮਾੜੀਆਂ ਰੁਚੀਆਂ ਦਾ ਤਿਆਗ ਕਰਨ ਦੀ ਭਾਵਨਾ ਗੁਰਬਾਣੀ 'ਚ ਭਰਪੂਰ ਰੂਪ 'ਚ ਸਮਾਈ ਹੋਈ ਹੈ।
ਇਸ ਮੌਸਮੀ ਤਿਉਹਾਰ ਨਾਲ ਅਨੇਕ ਇਤਿਹਾਸਕ-ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ। ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਖ਼ਾਤਰ ਭਗਵਾਨ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਹਰਨਾਖ਼ਸ਼ ਨੂੰ ਮੌਤ ਦੇ ਘਾਟ ਉਤਾਰਿਆ। ਵੈਰ ਦੀ ਪ੍ਰਤੀਕ ਪ੍ਰਹਿਲਾਦ ਦੀ ਭੂਆ ਹੋਲਿਕਾ ਸੜਦੀ ਹੈ ਤੇ ਪ੍ਰਭੂ ਪ੍ਰੀਤ 'ਚ ਰੰਗੇ ਪ੍ਰਹਿਲਾਦ ਦਾ ਵਾਲ ਵੀ ਵਿੰੰਗਾ ਨਹੀਂ ਹੁੰਦਾ। ਕਹਿੰਦੇ ਨੇ ਉਸ ਤੋਂ ਬਾਅਦ ਹੋਲੀ ਪ੍ਰਹਿਲਾਦ ਦੀ ਯਾਦ 'ਚ ਮਨਾਈ ਜਾਣ ਲੱਗੀ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਪੂਤਨਾ ਨਾਮੀ ਰਾਖਸ਼ਣੀ ਨੂੰ ਮਾਰਿਆ ਸੀ ਤਾਂ ਖ਼ੁਸ਼ੀ 'ਚ ਗੋਪੀਆਂ ਤੇ ਗਵਾਲਿਆਂ ਨੇ ਰਾਸ-ਲੀਲ੍ਹਾ ਕੀਤੀ ਸੀ ਅਤੇ ਰੰਗ ਖੇਡਿਆ ਸੀ। ਕੁਝ ਲੋਕ ਇਸ ਤਿਉਹਾਰ ਨੂੰ ਕਾਮਦੇਵ ਦੇ ਪੁਨਰ ਜਨਮ ਨਾਲ ਜੋੜਦੇ ਹਨ ਤੇ ਕੁਝ ਲੋਕ ਰੰਗ ਲਗਾ ਕੇ ਸ਼ਿਵ ਦੇ ਗਣਾਂ (ਸ਼ਿਵ ਦੇ ਸੇਵਕਾਂ) ਦਾ ਭੇਸ ਧਾਰਨ ਕਰਕੇ ਸ਼ਿਵ ਦੀ ਬਰਾਤ ਦਾ ਦ੍ਰਿਸ਼ ਸਜਾਉਣ ਦੀ ਕੋਸ਼ਿਸ਼ ਕਰਦੇ ਹਨ।
ਸੰਗੀਤ ਅਤੇ ਰੰਗ ਭਾਰਤ 'ਚ ਹੋਲੀ ਦੇ ਮੁੱਖ ਅੰਗ ਹਨ। ਇਸ ਲਈ ਕਈ ਪ੍ਰਾਂਤਾਂ 'ਚ ਬਸੰਤ ਪੰਚਮੀ ਵਾਲੇ ਦਿਨ ਪਹਿਲੀ ਵਾਰ ਗੁਲਾਲ ਉਡਾ ਕੇ ਫੱਗਣ ਤੇ ਧਮਾਰ ਆਦਿ ਸ਼ਾਸਤਰੀ-ਸੰਗੀਤ ਵੰਨਗੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪਰੰਪਰਿਕ ਤੌਰ 'ਤੇ ਹੋਲੀ ਦੋ ਦਿਨ ਮਨਾਈ ਜਾਂਦੀ ਹੈ। ਪਹਿਲੇ ਦਿਨ ਹੋਲਿਕਾ (ਬਾਲਣ ਵਾਲੀ ਲੱਕੜੀ) ਨੂੰ ਅਗਨਭੇਟ ਕੀਤਾ ਜਾਂਦਾ ਹੈ ਤੇ ਦੂਜੇ ਦਿਨ ਇਕ-ਦੂਜੇ 'ਤੇ ਰੰਗ ਪਾਉਂਦੇ ਹੋਏ ਜਾਂ ਰੰਗ ਲਾਉਂਦੇ ਹੋਏ ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹਨ। ਪਹਿਲੇ ਦਿਨ ਦੇ ਕਰਮ ਵਜੋਂ ਕਿਸੇ ਸਾਂਝੇ ਸਥਾਨ ਜਾਂ ਘਰ ਦੇ ਵਿਹੜੇ 'ਚ ਝੰਡਾ ਜਾਂ ਡੰਡਾ ਗੱਡ ਲਿਆ ਜਾਂਦਾ ਹੈ। ਉਸ ਦੇ ਨੇੜੇ ਹੋਲਿਕਾ ਦੀਆਂ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਕੇ ਅਗਨੀ ਬਾਲੀ ਜਾਂਦੀ ਹੈ। ਬਲਦੀ ਹੋਲੀ ਨੂੰ ਨਵੀਂ ਫ਼ਸਲ ਵਜੋਂ ਕਣਕ ਦੀਆਂ ਬੱਲੀਆਂ ਤੇ ਹੋਲਾਂ ਭੇਟ ਕਰਨੀਆਂ ਵੈਦਿਕ ਯੱਗ ਦੀ ਪਰੰਪਰਾ ਦਾ ਅੰਗ ਜਾਪਦਾ ਹੈ। ਪਿੰਡਾਂ ਦੇ ਲੋਕ ਦੇਰ ਰਾਤ ਤਕ ਨੱਚਦੇ ਤੇ ਹੋਲੀ ਦੇ ਗੀਤ ਗਾਉਂਦੇ ਹਨ। ਅਗਲੇ ਦਿਨ ਟੋਲੀਆਂ ਬਣਾ ਕੇ ਰੰਗਾਂ ਨਾਲ ਖੇਡਦਿਆਂ ਤੇ ਨੱਚਦਿਆਂ-ਟੱਪਦਿਆਂ ਦੂਜਿਆਂ ਦਾ ਸਵਾਗਤ ਕੀਤਾ ਜਾਂਦਾ ਹੈ। ਬੱਚੇ ਪਿਚਕਾਰੀਆਂ ਨਾਲ ਇਕ-ਦੂਜੇ 'ਤੇ ਰੰਗ ਪਾਉਂਦੇ ਹਨ। ਵੱਡਿਆਂ ਸਮੇਤ ਸਾਰਾ ਵਾਤਾਵਰਨ ਹੋਲੀ ਦੇ ਰੰਗਾਂ ਨਾਲ ਰੰਗਿਆ ਜਾਂਦਾ ਹੈ। ਦੁਪਹਿਰ ਤਕ ਇਹ ਪ੍ਰਕਿਰਿਆ ਚਲਦੀ ਹੈ। ਫਿਰ ਨਹਾ-ਧੋ ਕੇ, ਆਰਾਮ ਕਰਕੇ ਨਵੇਂ ਕੱਪੜੇ ਪਾ ਕੇ ਇਕ-ਦੂਜੇ ਦੇ ਘਰ ਮਿਲਣ ਜਾਇਆ ਜਾਂਦਾ ਹੈ। ਘਰਾਂ 'ਚ ਖੀਰ, ਪੂੜੇ, ਪੂਰੀ-ਛੋਲੇ, ਗੁਜੀਆ, ਮਠਿਆਈ ਅਤੇ ਹੋਰ ਪਕਵਾਨ ਬਣਦੇ ਹਨ।
ਭਾਰਤ ਦੇ ਵਿਭਿੰਨ ਪ੍ਰਾਂਤਾਂ 'ਚ ਹੋਲੀ ਵੱਖ-ਵੱਖ ਤਰੀਕਿਆਂ ਨਾਲ ਮਨਾਈ ਜਾਂਦੀ ਹੈ। ਮਥੁਰਾ-ਵ੍ਰਿੰਦਾਵਨ ਵਿਚ ਹੋਲੀ ਉਤਸਵ ਪੰਦਰਾਂ ਦਿਨ ਚਲਦਾ ਹੈ। ਬ੍ਰਜ ਦੀ ਹੋਲੀ ਸਮੂਹ ਦੇਸ਼-ਵਾਸੀਆਂ ਦੀ ਖਿੱਚ ਦਾ ਕੇਂਦਰ ਰਹਿੰਦੀ ਹੈ। ਨੰਦ ਗਾਂਵ ਦੇ ਗਵਾਲੇ, ਬੱਚੇ ਹੋਲੀ ਖੇਡਣ ਲਈ ਰਾਧਾ ਰਾਣੀ ਦੇ ਪਿੰਡ ਬਰਸਾਨੇ ਜਾਂਦੇ ਹਨ। ਬਰਸਾਨੇ ਦੀ ਲੱਠ ਮਾਰ ਹੋਲੀ ਵਿਚ ਪੁਰਸ਼, ਮਹਿਲਾਵਾਂ 'ਤੇ ਰੰਗ ਪਾਉਂਦੇ ਹਨ ਅਤੇ ਮਹਿਲਾਵਾਂ ਉਨ੍ਹਾਂ ਨੂੰ ਲਾਠੀਆਂ ਤੇ ਕੱਪੜਿਆਂ ਤੋਂ ਬਣੇ ਕੋੜਿਆਂ ਨਾਲ ਮਾਰਦੀਆਂ ਹਨ। ਹਰਿਆਣੇ ਦੀ ਧੁਲੰਡੀ ਵਿਚ ਭਾਬੀਆਂ ਨੂੰ ਇਸ ਦਿਨ ਖੁੱਲ੍ਹੀ ਛੁੱਟੀ ਹੁੰਦੀ ਹੈ ਕਿ ਉਹ ਸਾਲ ਭਰ ਮਸ਼ਕਰੀਆਂ ਕਰਨ ਵਾਲੇ ਦਿਉਰਾਂ ਨੂੰ ਜਿਹੜਾ ਮਰਜ਼ੀ ਦੰਡ ਦੇ ਸਕਦੀਆਂ ਹਨ। ਸ਼ਾਮ ਨੂੰ ਦਿਉਰ ਆਪਣੀਆਂ ਭਾਬੀਆਂ ਨੂੰ ਤੋਹਫ਼ੇ ਦਿੰਦੇ ਹਨ। ਪੰਜਾਬ 'ਚ ਹੋਲੇ ਮਹੱਲੇ ਵੇਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਵਲੋਂ ਸ਼ਕਤੀ ਪ੍ਰਦਰਸ਼ਨ ਦੀ ਪਰੰਪਰਾ ਰਹੀ ਹੈ। ਚੈਤੰਨਯ ਮਹਾਂਪ੍ਰਭੂ ਦੇ ਜਨਮ ਦਿਵਸ ਵਜੋਂ ਬੰਗਾਲ ਦੀ ਢੋਲ ਯਾਤਰਾ/ਪੂਰਨਿਮਾ ਪ੍ਰਸਿੱਧ ਹੈ। ਸ੍ਰੀ ਕ੍ਰਿਸ਼ਨ ਤੇ ਰਾਧਾ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਬੰਗਾਲ ਦਾ ਬਸੰਤ ਉਤਸਵ ਡਾ. ਰਾਬਿੰਦਰ ਨਾਥ ਟੈਗੋਰ ਵਲੋਂ ਸ਼ਾਂਤੀ ਨਿਕੇਤਨ 'ਚ ਸ਼ੁਰੂ ਕੀਤੇ ਬੰਗਾਲ ਉਤਸਵ ਵਜੋਂ ਮਨਾਇਆ ਜਾਂਦਾ ਹੈ। ਬਿਹਾਰ 'ਚ ਫਗੁਆ/ਕੁੜਤਾ ਫਾੜ ਹੋਲੀ ਮੌਜ-ਮਸਤੀ ਕਰਕੇ ਅਤੇ ਮਹਾਰਾਸ਼ਟਰ ਦੀ ਰੰਗ ਪੰਚਮੀ ਸੁੱਕੇ ਗੁਲਾਲ ਨਾਲ ਖੇਡੀ ਜਾਂਦੀ ਹੈ। ਯਾਓਸਾਂਗ (ਮਨੀਪੁਰ) 'ਚ ਯੋਂਗਸਾਂਗ ਨਾਂਅ ਦੀ ਨਿੱਕੀ ਝੌਂਪੜੀ ਪੂਰਨਮਾਸ਼ੀ ਵਾਲੇ ਦਿਨ ਹਰ ਪਿੰਡ ਤੇ ਸ਼ਹਿਰ 'ਚ ਨਦੀ ਜਾਂ ਸਰੋਵਰ ਕਿਨਾਰੇ ਬਣਾਈ ਜਾਂਦੀ ਹੈ। ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਦੇ ਆਦਿਵਾਸੀ ਇਲਾਕਿਆਂ 'ਚ ਭੀਲਾਂ ਵਲੋਂ ਹੋਲੀ ਭਗੋਰੀਆ ਦੇ ਰੂਪ 'ਚ ਮਨਾਈ ਜਾਂਦੀ ਹੈ। ਪਾਣੀ ਬਚਾਉਣ ਤੇ ਰਸਾਇਣਕ ਰੰਗਾਂ ਤੋਂ ਛੁਟਕਾਰੇ ਲਈ ਝਾਰਖੰਡ 'ਚ ਤਿਲਕ ਹੋਲੀ ਦਾ ਪ੍ਰਚਲਨ ਕੀਤਾ ਜਾ ਰਿਹਾ ਹੈ, ਜੋ ਪ੍ਰਸੰਸਾਯੋਗ ਉਪਰਾਲਾ ਹੈ। ਇਕ ਵਾਰ ਹੋਲੀ 'ਤੇ ਯੂ.ਪੀ. ਜਾਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਾ ਕਿ ਉਥੋਂ ਦੇ ਪਰਿਵਾਰਾਂ 'ਚ ਸਵਾਦਿਸ਼ਟ ਪਕਵਾਨ ਬਣਾਉਣ ਦਾ ਰਿਵਾਜ ਹੈ। ਉਥੇ ਸ਼ਾਮ ਨੂੰ ਪ੍ਰੀਤੀ ਭੋਜ ਤੇ ਕੀਰਤਨ ਮੰਡਲੀਆਂ ਦੇ ਗਾਉਣ ਵਜਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਰੰਗਾਂ ਦੇ ਤਿਉਹਾਰ ਯਾਨੀ ਹੋਲੀ ਦਾ ਸੰਬੰਧ ਸਿਰਫ਼ ਭਾਰਤ ਨਾਲ ਹੀ ਨਹੀਂ ਹੈ। ਇਹ ਹੋਰ ਦੇਸ਼ਾਂ 'ਚ ਵੀ ਵੱਖੋ-ਵੱਖ ਤਰੀਕਿਆਂ ਨਾਲ ਮਨਾਈ ਜਾਂਦੀ ਹੈ। ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਅਤੇ ਮਾਰੀਸ਼ਸ 'ਚ ਭਾਰਤੀ ਪਰੰਪਰਾ ਵਾਂਗ ਹੋਲੀ ਮਨਾਈ ਜਾਂਦੀ ਹੈ। ਗੁਆਂਢੀ ਦੇਸ਼ ਨਿਪਾਲ ਗਈ ਤਾਂ ਉਥੋਂ ਦੀ ਹੋਲੀ 'ਚ ਧਾਰਮਿਕ-ਸੱਭਿਆਚਾਰਕ ਰੰਗ ਨਜ਼ਰ ਆਇਆ। ਯੂਰਪੀਅਨ ਦੇਸ਼ਾਂ 'ਚੋਂ ਸਵਿਟਜ਼ਰਲੈਂਡ, ਜਰਮਨ ਅਤੇ ਫ਼ਰਾਂਸ 'ਚ ਬਰਫੀਲੀ ਠੰਢ ਦੇ ਅਲਵਿਦਾ ਕਹਿਣ ਕਰਕੇੇ ਬਸੰਤ ਦੇ ਸਵਾਗਤ 'ਚ ਰੰਗਾਂ ਤੇ ਸੰਗੀਤ ਦਾ ਤਿਉਹਾਰ ਮਨਾਇਆ ਜਾਂਦਾ ਹੈ। ਫ਼ਰਕ ਕੇਵਲ ਨਾਵਾਂ ਦਾ ਹੈ। ਅਸੀਂ ਇਸ ਤਿਉਹਾਰ ਨੂੰ ਹੋਲੀ ਪਰੰਤੂ ਉਨ੍ਹਾਂ ਦੇਸ਼ਾਂ 'ਚ ਫਾਸਨਾਕ ਕਿਹਾ ਜਾਂਦਾ ਹੈ। ਫਾਸਨਾਕ ਭਾਵ ਮਾਸ-ਮੀਟ ਨਾ ਖਾ ਕੇ ਪਿਤਾ ਯਸੂ ਮਸੀਹ ਨੂੰ ਯਾਦ ਕਰਦਿਆਂ ਵਰਤ ਰੱਖਿਆ ਜਾਂਦਾ ਹੈ। ਹੋਲਿਕਾ ਦਹਿਨ ਵਾਂਗ ਫਾਸਨਾਕ ਤੋਂ ਇਕ ਦਿਨ ਪਹਿਲਾਂ ਲਗਭਗ ਸੌ ਕਿਲੋ ਵਜ਼ਨ ਦੇ ਬਰਾਬਰ ਲੱਕੜੀ ਦੇ ਝਾੜੂ ਇਕੱਠੇ ਕਰਕੇ ਉਨ੍ਹਾਂ ਨੂੰ ਅਗਨਭੇਟ ਕੀਤਾ ਜਾਂਦਾ ਹੈ। ਇਹ ਰਸਮ ਸੂਰਜ ਦੀ ਗਰਮੀ ਦੀ ਪ੍ਰਤੀਨਿਧਤਾ ਕਰਦੀ ਹੈ।
ਸਾਹਿਤ 'ਚ ਹੋਲੀ ਉਤਸਵ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪੁਰਾਤਨ ਸੰਸਕ੍ਰਿਤ ਸਾਹਿਤਕਾਰਾਂ ਨੇ ਬਸੰਤ ਰੁੱਤ ਅਤੇ ਬਸੰਤ ਤਿਉਹਾਰ ਨੂੰ ਆਪਣੀ ਸਾਹਿਤ ਰਚਨਾ ਦਾ ਹਿੱਸਾ ਬਣਾਇਆ। ਕਾਲੀਦਾਸ ਦੇ 'ਕੁਮਾਰਸੰਭਵ' ਅਤੇ 'ਰਿਤੂਸੰਹਾਰ' 'ਚ ਰੰਗ ਉਤਸਵ ਦਾ ਭਰਪੂਰ ਵਰਨਣ ਮਿਲਦਾ ਹੈ। ਇਸੇ ਤਰ੍ਹਾਂ ਮੱਧਕਾਲੀ ਹਿੰਦੀ ਸਾਹਿਤ ਤੇ ਕ੍ਰਿਸ਼ਨ ਲੀਲ੍ਹਾਵਾਂ 'ਚ ਹੋਲੀ ਦਾ ਵਿਸਥਾਰ ਪੂਰਵਕ ਵਰਨਣ ਮਿਲਦਾ ਹੈ। ਇਤਿਹਾਸਕ ਮੰਦਰਾਂ ਦੀਆਂ ਦੀਵਾਰਾਂ 'ਤੇ ਵੀ ਹੋਲੀ ਸੰਬੰਧੀ ਚਿੱਤਰ ਮਿਲਣੇ ਇਸ ਤਿਉਹਾਰ ਦੀ ਪ੍ਰਾਚੀਨਤਾ ਦੀ ਬਾਤ ਪਾਉਂਦੇ ਹਨ। ਚਾਂਦ ਬਰਦਾਈ ਦੇ ਪਹਿਲੇ ਮਹਾਂਕਾਵਿ 'ਪ੍ਰਿਥਵੀਰਾਜ ਰਾਸੋ' 'ਚ ਹੋਲੀ ਦਾ ਜ਼ਿਕਰ ਆਇਆ ਹੈ। ਕਬੀਰ, ਜਾਯਸੀ, ਸੂਰਦਾਸ, ਮੀਰਾ, ਰਹੀਮ ਅਤੇ ਰਸਖਾਨ ਰਚਿਤ ਭਗਤੀ ਕਾਵਿ ਅਤੇ ਕੇਸ਼ਵਦਾਸ, ਘਨਾਨੰਦ ਤੇ ਬਿਹਾਰੀ ਆਦਿ ਰੀਤੀ ਕਾਲ ਦੇ ਕਵੀਆਂ ਦਾ ਹੋਲੀ ਮਨਭਾਉਂਦਾ ਵਿਸ਼ਾ ਰਿਹਾ। ਅਮੀਰ ਖ਼ੁਸਰੋ, ਸੂਫ਼ੀ ਸੰਤ ਨਿਜ਼ਾਮੂਦੀਨ ਔਲੀਆ ਅਤੇ ਬਹਾਦਰ ਸ਼ਾਹ ਜ਼ਫ਼ਰ ਨੇ ਵੀ ਹੋਲੀ 'ਤੇ ਰਚਨਾਵਾਂ ਲਿਖੀਆਂ। ਆਧੁਨਿਕ ਸਾਹਿਤ 'ਚ ਤਾਂ ਹੋਲੀ ਦਾ ਵਿਸ਼ੇਸ਼ ਸਥਾਨ ਹੈ। ਇਸੇ ਤਰ੍ਹਾਂ ਫ਼ਿਲਮਾਂ 'ਚ ਵੀ ਵੱਖ-ਵੱਖ ਰਾਗਾਂ 'ਤੇ ਆਧਾਰਿਤ ਹੋਲੀ ਸੰਬੰਧੀ ਅਣਗਿਣਤ ਗੀਤ ਸ਼ਾਮਿਲ ਕੀਤੇ ਜਾਂਦੇ ਹਨ ਅਤੇ ਫ਼ਿਲਮਾਂ ਵਿਚ ਹੋਲੀ ਦੇ ਦ੍ਰਿਸ਼ਾਂ ਨੂੰ ਵੀ ਅਕਸਰ ਬੜੇ ਉਤਸ਼ਾਹ ਨਾਲ ਫ਼ਿਲਮਾਇਆ ਜਾਂਦਾ ਹੈ। ਅਜਿਹੇ ਗੀਤਾਂ 'ਤੇ ਦ੍ਰਿਸ਼ਾਂ ਕਰਕੇ ਭਾਵੇਂ ਅੱਜ ਹੋਲੀ ਦੀ ਲੋਕਪ੍ਰਿਯਤਾ ਅੰਤਰਰਾਸ਼ਟਰੀ ਪੱਧਰ 'ਤੇ ਫੈਲ ਰਹੀ ਹੈ ਫਿਰ ਵੀ ਸੰਜੀਦਾ ਸੁਭਾਅ ਵਾਲੇ ਲੋਕ ਆਧੁਨਿਕ ਮਨੋਰੰਜਨ ਦੇ ਸਾਧਨਾਂ ਨਾਲ ਜੁੜ ਕੇ ਘਰੇ ਰਹਿਣਾ ਵਧੇਰੇ ਪਸੰਦ ਕਰਦੇ ਹਨ। ਭਾਰਤ 'ਚ ਭਾਵੇਂ ਹੋਲੀ ਕਈ ਤਰੀਕਿਆਂ ਨਾਲ ਮਨਾਈ ਜਾਂਦੀ ਹੈ ਪਰੰਤੂ ਸਭ ਥਾਂਵਾਂ 'ਤੇ ਮਨਾਈ ਜਾਣ ਵਾਲੀ ਹੋਲੀ ਦਾ ਉਦੇਸ਼ ਅਤੇ ਭਾਵਨਾ ਭਗਤੀ, ਸੰਤ ਸੇਵਾ, ਪਿਆਰ, ਸੱਚਾਈ ਪ੍ਰਤੀ ਵਿਸ਼ਵਾਸ ਅਤੇ ਮਨੋਰੰਜਨ ਨਾਲ ਜੁੜੀ ਹੋਈ ਹੈ। ਹੋਲਿਕਾ ਨੂੰ ਅਗਨਦਾਹ ਕਰਨਾ ਸਮਾਜ ਦੀਆਂ ਸਮੂਹ ਬੁਰਾਈਆਂ ਦਾ ਅੰਤ ਕਰਨ ਅਤੇ ਬੁਰਿਆਈ ਉਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਪਰੰਤੂ ਇਕ-ਦੂਜੇ ਨੂੰ ਵੱਖੋ-ਵੱਖ ਰੰਗਾਂ 'ਚ ਰੰਗਣ ਦੀ ਇੱਛਾ ਪੁਰਾਣੀਆਂ ਦੁਸ਼ਮਣੀਆਂ ਭੁਲਾ ਕੇ ਦੋਸਤੀ ਦੀ ਸਾਂਝ ਮੁੜ ਵਧਾਉਣ ਦਾ ਸੰਦੇਸ਼ ਦਿੰਦੀ ਹੈ।
ਹੋਲੀ ਦਾ ਤਿਉਹਾਰ ਅਤੀਤ ਤੋਂ ਵਰਤਮਾਨ ਤੱਕ
ਅਜੀਤ ਡੈਸਕ
25-03-2024