ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੇ ਮਹੱਲੇ ਦਾ ਜਲੌਅ ਤੇ ਦਸਮੇਸ਼ ਰਚਨਾ 'ਸ਼ਸਤ੍ਰ ਨਾਮ ਮਾਲਾ'

Ad Position 21
No active advertisement
ਅਜੀਤ ਡੈਸਕ 04-03-2026

ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੱਚੇ ਰੰਗਾਂ ਨਾਲ ਮਨਾਏ ਜਾਂਦੇ ਮੌਸਮੀ ਤਿਉਹਾਰ ਨੂੰ ਬੀਰ ਰਸੀ ਰੰਗਤ ਦੇ ਕੇ ਚੜ੍ਹਦੀ ਕਲਾ ਦਾ ਤਿਉਹਾਰ ਹੋਲੇ ਮਹੱਲੇ ਦਾ ਰੂਪ ਦਿੱਤਾ। ਇਹ ਸ਼ਸਤਰਾਂ ਤੇ ਅਸਤਰਾਂ ਦੀ ਮਸਨੂਈ ਜੰਗ, ਰਣਭੂਮੀ ਦੀ ਬੀਰਤਾ ਭਰਪੂਰ ਕਲਾ ਮਰਦਊਪੁਣੇ ਤੇ ਸਿੰਘਊਪੁਣੇ ਦਾ ਨਿਆਰਾ ਜਲੌਅ ਸੀ। ਇਸ ਵਿਚ ਸਰਬੱਤ ਦੇ ਭਲੇ ਦੀ ਪ੍ਰੇਰਨਾ ਅਤੇ ਨਿਮਾਣੇ-ਨਿਤਾਣੇ ਦੀ ਰੱਖਿਆ ਕਰਨ ਦਾ ਕੌਮੀ ਸਬਕ ਵੀ ਸੀ। ਗ਼ਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਸ਼ਸਤਰਾਂ ਤੋਂ ਬਗੈਰ ਹੋ ਹੀ ਨਹੀਂ ਸਕਦੀ। ਇਸੇ ਲਈ ਕਲਗੀਧਰ ਪਾਤਿਸ਼ਾਹ ਜਦ ਸੰਗਤਾਂ ਦੇ ਨਾਮ ਹੁਕਮਨਾਮਾ ਭੇਜਦੇ ਸਨ ਤਾਂ ਇਹ ਸ਼ਬਦ ਇਤਿਹਾਸਕ ਪੱਖੋਂ ਸਮਕਾਲੀ ਹਾਲਾਤ ਦੀ ਵਿਆਖਿਆ ਵੀ ਐ, ਸੰਗਤਿ ਹਥੀਆਰ ਬੰਨਿ ਕੈ ਦਰਸਨ ਆਵਣਾ, ਜੋ ਸਿਖ ਹਥੀਆਰ ਬੰਨਿ ਕੈ ਦਰਸਨਿ ਆਵਗੁ ਸੋ ਨਿਹਾਲੁ ਹੋਗੁ॥
'ਹੋਲਾ ਮਹੱਲਾ' ਖ਼ਾਲਸਾਈ ਬੋਲਿਆਂ ਦੀ ਬਲਵਾਨਤਾ ਦਾ ਵਜੂਦ ਵੀ ਹੈ, ਜਦ ਹੋਲੀ ਤੋਂ ਹੋਲਾ ਮਹੱਲਾ ਸਿੱਖ ਸੱਭਿਆਚਾਰ ਦਾ ਉਮਾਹਮਈ ਤਿਉਹਾਰ ਬਣ ਗਿਆ। ਇਸੇ ਭਾਵਨਾ ਨੂੰ ਸੰਤ ਨਿਹਾਲ ਸਿੰਘ ਜੀ ਨੇ ਇਉਂ ਕਲਮਬੱਧ ਕੀਤਾ ਹੈ:
ਚਢਯੋ ਚਾਰ ਚੇਤਨ, ਬਸੰਤ ਰਿਦੈ ਸੰਤਨ ਕੈ,
ਹ੍ਰਿਦੈ ਕੇ ਹੁਲਾਸ ਬੋਲੈ, ਸ਼ੁਧ ਬ੍ਰਹਮ ਬੋਲਾ ਹੈ॥
ਸੁਨੋ ਸਾਧਸੰਗਤਿ, ਸਰਬਤ ਅੱਜ ਖ਼ਾਲਸਾ ਜੀ,
ਜਗਤ ਕੀ ਹੋਲੀ, ਔਰ ਸੰਤਨ ਕਾ ਹੋਲਾ ਹੈ॥
ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵਿਚਾਰੀਏ ਤਾਂ ਕਿਸੇ ਖਿੱਤੇ ਦੇ ਲੋਕ ਜੋ ਕੁਝ ਸੁਣਦੇ, ਪੜ੍ਹਦੇ, ਦੇਖਦੇ ਹਨ ਤੇ ਜਿਸ ਤਰ੍ਹਾਂ ਸਮਾਜ ਵਿਚ ਵਿਚਰਦੇ ਤੇ ਵਿਚਾਰ ਰੱਖਦੇ ਹਨ, ਉਹੀ ਉਨ੍ਹਾਂ ਦੇ ਸੁਭਾਅ ਤੇ ਕਰਨੀ ਦਾ ਹਿੱਸਾ ਬਣ ਜਾਂਦਾ ਹੈ। ਕਿਸੇ ਇਨਸਾਨ ਦੀ ਮਾਨਸਿਕ ਸਿਹਤ ਉਹਦੀ ਪੂਜਾ ਅਰਚਨਾ, ਸੰਗਤ, ਵਿੱਦਿਆ ਅਤੇ ਸਮਕਾਲੀ ਸਾਹਿਤ 'ਤੇ ਨਿਰਭਰ ਹੁੰਦੀ ਹੈ। ਭੂਤਾਂ ਪ੍ਰੇਤਾਂ ਦੀਆਂ ਕਾਲਪਨਿਕ ਤੇ ਡਰਾਉਣੀਆਂ ਕਹਾਣੀਆਂ ਸਮਾਜਿਕ ਵਿਚਾਰਧਾਰਾ ਨੂੰ ਅਤਿ ਕਮਜ਼ੋਰ ਕਰ ਦਿੰਦੀਆਂ ਹਨ, ਪਰ ਦੂਜੇ ਪਾਸੇ ਜੰਗੀ ਖੇਡਾਂ, ਯੋਧਿਆਂ ਦਾ ਇਤਿਹਾਸ, ਬੀਰ ਰਸੀ ਵਾਰਾਂ, ਅਮੀਰ ਤੇ ਚੜ੍ਹਦੀ ਕਲਾ ਵਾਲੀਆਂ ਰੂਹਾਨੀ ਕਿਰਤਾਂ ਇਨਸਾਨ ਨੂੰ ਆਸ਼ਾਵਾਦੀ ਤੇ ਸਵੈਮਾਣ ਵਾਲਾ ਜੀਵਨ ਪ੍ਰਦਾਨ ਕਰਦੀਆਂ ਹਨ। ਕਲਗੀਧਰ ਪਾਤਿਸ਼ਾਹ ਬਚਿਤ੍ਰ ਨਾਟਕ ਵਿਚ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ਦਾ ਆਪਣਾ ਉਦੇਸ਼ ਸਪਸ਼ਟ ਵਰਣਨ ਕਰਦੇ ਹਨ। ਸਤਿਗੁਰਾਂ ਨੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਇੱਕ ਸਾਲ ਬਾਅਦ ਚੇਤ ਵਦੀ ਪਹਿਲੀ 1757 ਬਿਕਰਮੀ ਅਨੁਸਾਰ ਸੰਨ 1700 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਹੋਲਗੜ੍ਹ ਕਿਲ੍ਹੇ ਵਾਲੇ ਸਥਾਨ 'ਤੇ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਕਵੀ ਸੁਮੇਰ ਸਿੰਘ ਜੀ ਸਤਿਗੁਰਾਂ ਦੀ ਇਸ ਇਨਕਲਾਬੀ ਪਹਿਲ-ਕਦਮੀ ਨੂੰ ਇਉਂ ਵਰਨਣ ਕਰਦੇ ਹਨ:
ਕਹਿਯੋ ਕ੍ਰਿਪਾਨਿਧ ਬਚਨ ਅਮੋਲਾ,
ਔਰਨ ਕੀ ਹੋਲੀ ਮਮ ਹੋਲਾ।
ਇਸੇ ਸੰਦਰਭ ਵਿਚ ਸਿੰਘ ਸਭਾ ਲਹਿਰ ਦੇ ਸਿਰਮੌਰ ਵਿਦਵਾਨ ਗਿ: ਦਿੱਤ ਸਿੰਘ ਜੀ ਲਿਖਦੇ ਹਨ, ਦਸਮ ਪਿਤਾ ਨੇ ਸੂਰਬੀਰਤਾ ਦੇ ਅਜਿਹੇ ਉਪਦੇਸ਼ ਕੀਤੇ ਤੇ ਸਿੱਖਾਂ ਨੂੰ ਜਤਾਇਆ ਕਿ ਸੰਸਾਰ ਪਰ ਓਹੋ ਪੁਰਖ ਉੱਤਮ ਗਿਣੇ ਜਾਂਦੇ ਹਨ, ਜਿਨ੍ਹਾਂ ਵਿਚ ਸੂਰਬੀਰਤਾ ਹੁੰਦੀ ਹੈ।
ਕਲਗੀਧਰ ਪਾਤਿਸ਼ਾਹ ਜੀ ਦੀ ਕਲਮ ਦੀ ਕਰਾਮਾਤ ਨੂੰ ਬੀਰਤਾ ਭਰਪੂਰ ਨਜ਼ਰੀਏ ਤੋਂ ਵਿਚਾਰੀਏ ਤਾਂ ਜਬਰ ਜ਼ੁਲਮ ਦੇ ਖਿਲਾਫ਼ ਧਰਮ ਯੁੱਧ ਦਾ ਚਾਉ ਪੈਦਾ ਕਰਨ ਵਾਲੀ ਸਤਿਗੁਰਾਂ ਦੀ ਲੰਬੇਰੀ ਰਚਨਾ 'ਸ੍ਰੀ ਸ਼ਸਤ੍ਰ ਨਾਮ ਮਾਲਾ' ਹੈ, ਜੋ ਸ੍ਰੀ ਦਸਮ ਗ੍ਰੰਥ ਦੇ ਪੰਨਾ 717 ਤੋਂ 808 ਤੱਕ ਦਰਜ ਹੈ। ਇਸ ਦੇ ਕੁੱਲ ਪੰਜ ਅਧਿਆਇ ਤੇ 1318 ਬੰਦ ਹਨ। ਇਸ ਰਚਨਾ ਦੇ ਪੰਜ ਵਰਗਾਂ ਵਿਚ ਪੰਜ ਪ੍ਰਮੁੱਖ ਸ਼ਸਤਰਾਂ ਦੇ ਨਾਮ ਹਨ- ਕਿਰਪਾਨ, ਤੀਰ ਕਮਾਨ, ਨੇਜ਼ਾ, ਕਟਾਰ ਤੇ ਬੰਦੂਕ। ਅੱਗੇ ਇਨ੍ਹਾਂ ਦੇ ਅਨੇਕ ਭਾਂਤੀ ਨਾਵਾਂ ਨਾਲ ਅਲੰਕਾਰਕ ਚਮਤਕਾਰ ਸਿਰਜੇ ਗਏ ਹਨ। ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ਇਹ ਰਚਨਾ ਸ਼ਸਤ੍ਰ ਤੇ ਸ਼ਾਸਤ੍ਰ ਦਾ ਚਮਤਕਾਰ ਵੀ ਹੈ। ਇਸ ਵਿਚੋਂ ਯੁੱਧੀਜੀਵੀ ਤੇ ਬੁੱਧੀਜੀਵੀ ਦੋਵਾਂ ਤਰ੍ਹਾਂ ਦੇ ਪਾਠਕ ਅਨੰਦ ਮਾਣਦੇ ਹਨ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਅਨੁਸਾਰ ਦਸਮ ਰਚਨਾ ਕਰਮ ਯੋਗ ਦੀ ਸਿੱਖਿਆ ਹੈ ਜਿਸ ਨੇ ਨਿਤਾਣੇ ਤੇ ਨਿਰਸਾਹਸ ਲੋਕਾਂ ਵਿਚ ਨਵੀਂ ਰੂਹ ਫੂਕ ਦਿੱਤੀ। ਇਸ ਸਮੁੱਚੀ ਰਚਨਾ ਵਿਚ ਛੇ ਪ੍ਰਕਾਰ ਦੇ ਛੰਦ ਵਰਤੇ ਗਏ ਹਨ। ਇਸ ਦਾ ਸ਼ੁਰੂਆਤੀ ਦੋਹਰਾ ਹੈ:
ਸਾਂਗ ਸਰੋਹੀ ਸੈਫ ਅਸ ਤੀਰ ਤੁਪਕ ਤਲਵਾਰ॥
ਸੱਤ੍ਰਾਂਤਕ ਕਵਚਾਂਤਿ ਕਰ ਕਰੀਐ ਰੱਛ ਹਮਾਰ॥
ਸਤਿਗੁਰਾਂ ਨੇ ਕੌਮੀ ਵਾਰਸਾਂ ਨੂੰ ਬੀਰ ਰਸ ਪ੍ਰਦਾਨ ਕਰਨ ਲਈ ਇਸ ਮਹਾਨ ਰਚਨਾ ਦਾ ਉਚਾਰਨ ਕੀਤਾ। ਸ਼ਸਤਰਾਂ ਤੇ ਅਸਤਰਾਂ ਨੂੰ ਮੁਕਤੀ ਦਾ ਸਾਧਨ ਵੀ ਦੱਸਿਆ ਅਤੇ ਉਨ੍ਹਾਂ ਨੂੰ ਪੀਰ ਭਾਵ ਪੂਜਨੀਕ ਮੰਨਦੇ ਹੋਏ ਫ਼ਰਮਾਇਆ ਕਿ ਇਨ੍ਹਾਂ ਨੂੰ ਧਿਆਉਣ ਵਾਲਾ ਮੁਕਤੀ ਦਾ ਲਖਾਇਕ ਹੈ:
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥
ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ॥
(ਸ੍ਰੀ ਦਸਮ ਗ੍ਰੰਥ, ਪੰਨਾ 717)
ਕਲਗੀਧਰ ਪਾਤਿਸ਼ਾਹ ਨੇ ਸ੍ਰੀ ਖੜਗ ਨੂੰ ਨਮਸਕਾਰ ਕਰਦਿਆਂ ਇਸ ਨੂੰ ਫ਼ਤਹਿ ਦਾ ਚਿੰਨ੍ਹ, ਬੀਰਤਾ ਦਾ ਸਾਧਨ ਤੇ ਅਕਾਲ ਦੀ ਸ਼ਕਤੀ ਵਾਂਗ ਸਰਬ ਵਿਆਪੀ ਸ਼ਕਤੀ ਵੀ ਮੰਨਿਆਂ ਹੈ। ਫ਼ਰਮਾਨ ਹੈ:
ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ॥
ਤੁਹੀ ਨਿਸ਼ਾਨੀ ਜੀਤ ਕੀ, ਆਜੁ ਤੁਹੀ ਜਗਬੀਰ॥
ਇਸ ਲਈ ਹੋਲਾ ਮਹੱਲਾ ਦੇ ਬੀਰ ਰਸੀ ਜਲੌਅ ਦਾ ਸੰਦੇਸ਼ ਸ੍ਰੀ ਸ਼ਸਤ੍ਰ ਨਾਮ ਮਾਲਾ ਦੀ ਰਚਨਾ, ਸ਼ੈਲੀ ਤੇ ਭਾਵ ਅਰਥਾਂ ਵਿਚੋਂ ਜਾਣਿਆ ਤੇ ਮਾਣਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਇਸ ਤਿਉਹਾਰ ਦੇ ਜਾਹੋ ਜਲਾਲ ਨੂੰ ਕਾਇਮ ਰੱਖਣਾ ਸਮੂਹ ਕੌਮੀ ਵਾਰਸਾਂ ਦਾ ਮੁੱਖ ਫਰਜ਼ ਹੈ। ਇਹ ਹੁੱਲੜਬਾਜ਼ੀ ਤੇ ਸ਼ੋਰ ਸ਼ਰਾਬੇ ਦਾ ਦਿਨ ਨਹੀਂ ਹੈ, ਜਿਵੇਂ ਬੀਤੇ ਕੁਝ ਸਾਲਾਂ ਤੋ ਕੁਝ ਕੁ ਨੌਜਵਾਨ ਵਰਗ ਅਮੀਰ ਪਰੰਪਰਾਵਾਂ ਤੋਂ ਉਲਟ ਪ੍ਰਦਰਸ਼ਿਤ ਕਰ ਰਿਹਾ ਹੈ। ਅਨੰਦਾਂ ਦੀ ਪੁਰੀ ਵਿਚ ਅਨੰਦਮਈ ਅਵਸਥਾ ਉਦੋਂ ਪ੍ਰਾਪਤ ਹੋਵੇਗੀ, ਜਦ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਪਾਤਿਸ਼ਾਹ ਜੀ ਦੇ, ਅਨੰਦਮਈ ਸਬਕ ਦੇ ਵੀ ਧਾਰਨੀ ਹੋਵਾਂਗੇ। ਕਲਗੀਧਰ ਪਾਤਿਸ਼ਾਹ ਜੀ ਦੇ ਇਸ ਰਹੱਸ ਤੇ ਰਮਜ਼ ਨੂੰ ਸਮਝਣਾ ਅਤਿ ਜ਼ਰੂਰੀ ਹੈ, ਇਸ ਵਿਚ ਸਰਬੱਤ ਦਾ ਭਲਾ ਤੇ ਚੜ੍ਹਦੀ ਕਲਾ ਹੈ।

-ਮੁਖੀ, ਧਰਮ ਅਧਿਐਨ ਵਿਭਾਗ, ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ।
ਮੋਬਾਈਲ : 98159-85559

Ad Position 22
No active advertisement
ਪਿਛਲੀ ਖ਼ਬਰ ਸ਼ਾਨਾਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ-ਰਵਾਇਤੀ ਲਿਬਾਸ, ਘੋੜੇ ਤੇ ਪੁਰਾਤਨ ਹਥਿਆਰ ਹਨ ਮੁੱਖ ਪਛਾਣ ਅਗਲੀ ਖ਼ਬਰ ਹੋਲੀ ਦੇ ਦਿਲ ਨੂੰ ਛੂਹ ਲੈਣ ਵਾਲੇ ਰੰਗ
Ad Position 24
No active advertisement