ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੋਲਾ ਮਹੱਲਾ

Ad Position 21
No active advertisement
ਅਜੀਤ ਡੈਸਕ 04-03-2026

ਹੋਲਾ ਮਹੱਲਾ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ, ਜਿਸ ਦੀ ਸ਼ੁਰੂਆਤ ਪਿੱਛੇ ਉੱਚੀਆਂ ਸੁੱਚੀਆਂ ਤੇ ਸਾਰਥਕ ਕਦਰਾਂ-ਕੀਮਤਾਂ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਾਂ ਦੀ ਸ਼ਖ਼ਸੀਅਤ ਉਸਾਰੀ ਲਈ ਅਗਾਂਹਵਧੂ ਸੋਚ ਹੋਲੇ ਮਹੱਲੇ ਦੀ ਪ੍ਰੰਪਰਾ ਪਿੱਛੇ ਸ਼ਕਤੀ ਅਤੇ ਪ੍ਰੇਰਣਾ ਵਜੋਂ ਕੰਮ ਕਰਦੀ ਹੈ। ਗੁਰੂ ਸਾਹਿਬਾਨ ਦਾ ਮੰਤਵ ਨਿਰਾਰਥਕ ਅਤੇ ਉਦੇਸ਼ਹੀਣ ਮਾਨਵਸ਼ਕਤੀ ਨੂੰ ਚੜ੍ਹਦੀ ਕਲਾ ਨਾਲ ਜੋੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਸੀ ਅਤੇ ਇਸੇ ਦਿਸ਼ਾ ਵਿਚ ਹੀ ਉਨ੍ਹਾਂ ਨੇ ਖ਼ਾਲਸਾਈ ਦਿਹਾੜਿਆਂ ਨੂੰ ਆਰੰਭ ਕੀਤਾ। ਇਤਿਹਾਸ ਅੰਦਰ ਜਿਨ੍ਹਾਂ ਖ਼ਾਲਸਈ ਰੰਗ ਵਿਚ ਪੇਸ਼ ਦਿਹਾੜਿਆਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿਚ ਹੋਲੇ ਮਹੱਲੇ ਤੋਂ ਇਲਾਵਾ ਬੰਦੀ ਛੋੜ ਦਿਵਸ ਤੇ ਖ਼ਾਲਸਾ ਸਾਜਨਾ ਦਿਵਸ ਆਦਿ ਪ੍ਰਮੁੱਖ ਹਨ। ਇਨ੍ਹਾਂ ਖ਼ਾਲਸਾਈ ਦਿਹਾੜਿਆਂ ਨੇ ਇਕੱਲਾ ਸਿੱਖਾਂ ਨੂੰ ਹੀ ਨਵਾਂ ਜੋਸ਼ ਅਤੇ ਸ਼ਕਤੀ ਨਹੀਂ ਦਿੱਤੀ, ਸਗੋਂ ਸਮੁੱਚੀ ਮਾਨਵਤਾ ਨੇ ਹੀ ਚੇਤ, ਅਚੇਤ ਰੂਪ ਵਿਚ ਇਨ੍ਹਾਂ ਦਾ ਪ੍ਰਭਾਵ ਕਬੂਲਿਆ।
ਹੋਲਾ ਮਹੱਲਾ ਬਸੰਤ ਰੁੱਤ ਦੇ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਦਸਮੇਸ਼ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ 'ਤੇ ਹੋਲੇ ਮਹੱਲੇ ਦਾ ਆਰੰਭ ਕੀਤਾ ਸੀ। ਗੁਰੂ ਸਾਹਿਬ ਦਾ ਮੰਤਵ ਤੇ ਉਦੇਸ਼ ਬੜਾ ਉਸਾਰੂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਸਿੱਖਾਂ ਦੇ ਅੰਦਰ 'ਫ਼ਤਹਿ' ਦੇ ਮੰਤਵ ਨੂੰ ਹੋਰ ਦ੍ਰਿੜ੍ਹ ਕਰਨਾ ਚਾਹੁੰਦੇ ਸਨ। ਦਸਮੇਸ਼ ਪਿਤਾ ਜੀ ਨੇ ਮਾਨਵਤਾ ਨੂੰ ਸਵੈਮਾਣ ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਦੇ ਮਕਸਦ ਨਾਲ ਹੋਲੀ ਦੀ ਥਾਂ ਹੋਲੇ ਮਹੱਲੇ ਦਾ ਪ੍ਰਚਲਨ ਕੀਤਾ। ਕੌਮ ਅੰਦਰ ਆਜ਼ਾਦੀ ਦੀ ਸਪਿਰਟ ਭਰਨ ਲਈ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ ਉਥੇ ਭਾਰਤੀ ਸਮਾਜ ਲਈ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਰਸਮਾਂ ਨੂੰ ਮਨਾਉਣ ਦੇ ਢੰਗ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਇਆ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ, ਪਰਮਾਤਮਾ ਦੀ ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।
ਪ੍ਰਚੱਲਤ ਤਿਉਹਾਰ ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿਚ ਕ੍ਰਾਂਤੀਕਾਰੀ ਸੰਕਲਪ ਵਜੋਂ ਸੀ, ਜਿਸ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਨਿਸ਼ਚਿਤ ਕੀਤਾ। ਇਸ ਦੀ ਅਲੌਕਿਕ ਮਹਿਮਾ ਦਾ ਵਰਨਣ ਕਰਦਿਆਂ ਕਵੀ ਸੁਮੇਰ ਸਿੰਘ ਇਸ ਤਰ੍ਹਾਂ ਲਿਖਦੇ ਹਨ:
ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤੀ ਅਨੁਸਾਰ ਚੇਤ ਵਦੀ 1 ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਨਸੂਈ ਲੜਾਈ ਹੈ। ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ਹਮਲਾ ਕਰਦੇ ਹਨ। ਕਲਗੀਧਰ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਤੇ ਦੋਵਾਂ ਜਥਿਆਂ ਨੂੰ ਲੋੜੀਂਦੀ, ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ ਉਸ ਨੂੰ ਸਿਰੋਪਾਓ ਬਖਸ਼ਿਸ਼ ਕਰਦੇ। ਭਾਈ ਵੀਰ ਸਿੰਘ ਅਨੁਸਾਰ- ਮਹੱਲਾ ਸ਼ਬਦ ਤੋਂ ਭਾਵ 'ਮਯ ਹੱਲਾ' ਭਾਵ ਬਨਾਉਟੀ ਹਮਲਾ ਹੈ।
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਹੋਲੇ ਮਹੱਲੇ ਦੀ ਖ਼ਾਲਸਈ ਰਵਾਇਤ ਆਰੰਭ ਕੀਤੀ। ਇਤਿਹਾਸ ਗਵਾਹ ਹੈ ਕਿ ਪਾਤਸ਼ਾਹ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲੇ-ਮਹੱਲੇ ਦੇ ਰੂਪ ਵਿਚ ਮਨਾਏ ਜਾਂਦੇ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ 'ਚੋਂ ਨਿਕਲ ਕੇ ਇਸ ਉਤਸਵ ਵਿਚ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਿਲ ਹੋਣ ਲੱਗੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੋਲਾ ਮਹੱਲਾ ਮਨਾਉਣ ਦੀ ਚਲਾਈ ਪ੍ਰੰਪਰਾ ਸਿੱਖਾਂ ਅੰਦਰ ਸ਼ਕਤੀ ਤੇ ਅਣਖ ਨੂੰ ਪ੍ਰਗਟ ਕਰਨ ਦਾ ਅਨੋਖਾ ਢੰਗ ਸੀ। ਇਹ ਖ਼ਾਲਸਾ ਪੰਥ ਲਈ ਸਵੈਮਾਣ, ਖ਼ਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਨਾਲ ਸਿੱਖਾਂ ਅੰਦਰ ਜਬਰ ਜ਼ੁਲਮ ਵਿਰੁੱਧ ਜੂਝਣ ਲਈ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ। ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਦਰਸਾਉਂਦੇ ਇਸ ਕੌਮੀ ਤਿਉਹਾਰ ਮੌਕੇ ਹਰ ਸਾਲ ਲੱਖਾਂ ਸੰਗਤਾਂ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਪੁੱਜਦੀਆਂ ਹਨ। ਇਸ ਮੌਕੇ ਜਿਥੇ ਧਾਰਮਿਕ ਦੀਵਾਨ ਸਜਦੇ ਹਨ, ਉਥੇ ਨਿਹੰਗ ਸਿੰਘਾਂ ਦੇ ਜੰਗਜੂ ਕਰਤਬ ਸੰਗਤਾਂ ਦੀ ਖਿੱਚ ਦਾ ਕੇਂਦਰ ਹੁੰਦੇ ਹਨ। ਖ਼ਾਲਸੇ ਦਾ ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖ਼ਾਲਸਾ ਪੰਥ ਲਈ ਸਵੈਮਾਣ, ਖ਼ਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ, ਪ੍ਰਭੂ-ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇੰਝ ਖ਼ਾਲਸਾ ਪੰਥ ਵਿਚ 'ਹੋਲੇ ਮਹੱਲੇ' ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਿਕ ਹਨ।
ਅੱਜ ਆਪਣੇ ਵਿਰਸੇ ਤੋਂ ਦੂਰ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਤਿਉਹਾਰ ਪ੍ਰੇਰਨਾ ਸਰੋਤ ਹੋ ਸਕਦੇ ਹਨ। ਅਜੋਕੀ ਪੀੜ੍ਹੀ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ, ਗੌਰਵਮਈ ਵਿਰਸੇ ਅਤੇ ਬੀਰ-ਰਸੀ ਰਵਾਇਤਾਂ ਤੋਂ ਜਾਣੂ ਕਰਵਾ ਕੇ ਪਤਿਤਪੁਣੇ ਅਤੇ ਨਸ਼ਿਆਂ ਤੋਂ ਰੋਕਿਆ ਜਾ ਸਕਦਾ ਹੈ। ਅੱਜ ਲੋੜ ਹੈ ਕਿ ਹਰ ਸਿੱਖ ਆਪਣੇ ਵਿਰਸੇ ਨੂੰ ਜਾਣਦਾ ਹੋਇਆ ਸ਼ਸਤਰ ਵਿੱਦਿਆ ਵਿਚ ਵੀ ਨਿਪੁੰਨ ਹੋਵੇ। ਸੋ, ਆਓ ਖ਼ਾਲਸਾ ਪੰਥ ਦੇ ਨਿਆਰੇ ਤਿਉਹਾਰ ਹੋਲੇ ਮਹੱਲੇ ਮੌਕੇ ਆਪਣੇ ਜੀਵਨ ਅੰਦਰ ਖ਼ਾਲਸਾਈ ਜਜ਼ਬੇ ਦੀ ਭਾਵਨਾ ਭਰਦਿਆਂ ਉੱਦਮੀ ਜੀਵਨ ਜਿਊਣ ਲਈ ਅੱਗੇ ਵਧੀਏ। ਸਮਾਜ ਵਿਚ ਫੈਲੀਆਂ ਕੁਰੀਤੀਆਂ ਦੇ ਖਾਤਮੇ ਲਈ ਵਚਨਬੱਧ ਹੋਈਏ ਅਤੇ ਸਾਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਬਖਸ਼ੀ ਰਹਿਣੀ ਦਾ ਪ੍ਰਚਾਰ ਪ੍ਰਸਾਰ ਕਰੀਏ।

-ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਅਜੋਕੇ ਸਮੇਂ ਵਿਚ ਹੋਲਾ-ਮਹੱਲਾ ਦੀ ਸਾਰਥਿਕਤਾ ਅਗਲੀ ਖ਼ਬਰ 04-03-26
Ad Position 24
No active advertisement