ਪੁਰਾਤਨ ਸਮੇਂ 'ਚ ਨਿਹੰਗ ਸਜਣ ਦਾ ਅਰਥ ਸੀ, ਖ਼ਾਲਸਾ ਫ਼ੌਜ ਦਾ 24 ਘੰਟੇ ਦਾ ਸਿਪਾਹੀ, ਗ੍ਰਹਿਸਥੀ ਜੀਵਨ ਤੋਂ ਦੂਰ ਰਹਿੰਦਿਆਂ ਵੀ ਸਮਾਜ ਨੂੰ ਨਾਲ ਲੈ ਕੇ ਚੱਲਣਾ, ਲੋਹੇ ਦੇ ਭਾਂਡਿਆਂ 'ਚ ਛਕਣਾ, ਹਰ ਸਮੇਂ ਲੜਨ ਲਈ ਤਿਆਰ ਰਹਿਣਾ ਤੇ ਜੰਗੀ ਸੁਵਿਧਾ ਲਈ ਵਿਸ਼ੇਸ਼ ਕਿਸਮ ਦੀ ਭਾਸ਼ਾ (ਬੋਲੇ) ਤਿਆਰ ਕਰਨੀ ਨਿਹੰਗ ਫ਼ੌਜਾਂ ਦੀ ਖ਼ਾਸੀਅਤ ਸੀ। ਪਰ ਹੁਣ ਉਹ ਸਮਾਂ ਨਹੀਂ ਰਿਹਾ। ਉਦੋਂ ਉਦੇਸ਼ ਹੁੰਦਾ ਸੀ ਤਾਕਤ ਦਾ ਇਸਤੇਮਾਲ ਸਹੀ ਕੰਮ ਲਈ ਕਰਨਾ ਜਿਵੇਂ ਗ਼ਰੀਬ ਨਾਲ ਧੱਕਾ ਜਾਂ ਕਿਸੇ ਨਾਲ ਕੋਈ ਵਧੀਕੀ ਨਾ ਹੋਵੇ।
ਸਮੇਂ ਦੇ ਬਦਲਣ ਨਾਲ ਨਿਹੰਗ ਸਿੰਘਾਂ ਦੇ ਹੱਥਾਂ 'ਚ ਤਲਵਾਰਾਂ, ਬਰਛਿਆਂ ਦੀ ਗਿਣਤੀ ਘੱਟ ਗਈ ਅਤੇ ਰਫ਼ਲਾਂ, ਬੰਦੂਕਾਂ ਵੱਧ ਗਈਆਂ। ਘੋੜਿਆਂ, ਹਾਥੀਆਂ ਦੀ ਥਾਂ ਜੀਪਾਂ, ਕਾਰਾਂ ਨੇ ਲੈ ਲਈ। ਪਹਿਲਾਂ-ਪਹਿਲ ਨਿਹੰਗ ਛਾਉਣੀਆਂ 'ਚ ਰਹਿੰਦੇ ਸਨ, ਪਰ ਹੁਣ ਸਿੰਘ ਜਿੱਥੇ ਥਾਂ ਮਿਲੇ ਡੇਰਾ ਜਮਾ ਲੈਂਦੇ ਹਨ। ਜੇ ਨਿਹੰਗ ਸਿਘ ਦੇ ਇਤਿਹਾਸ 'ਤੇ ਝਾਤੀ ਮਾਰੀਏ ਤਾਂ ਜ਼ਿਆਦਾਤਰ ਨਿਹੰਗ ਸਿੰਘਾਂ ਦੇ ਦੱਸਣ ਮੁਤਾਬਕ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਇਕ ਦਿਨ ਸੋਹਣਾ ਉੱਚ ਦੁਮਾਲਾ ਅਤੇ ਨੀਲਾ ਬਾਣਾ ਸਜਾ ਕੇ ਦਸਮ ਪਾਤਸ਼ਾਹ ਦੇ ਸਾਹਮਣੇ ਆਏ ਤਾਂ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਇਸ ਲਿਬਾਸ ਵਾਲਾ ਇਕ ਨਿਹੰਗ ਪੰਥ ਹੋਵੇਗਾ। ਇਹ ਵੀ ਪ੍ਰਚੱਲਿਤ ਹੈ ਕਿ ਦਸਮ ਪਿਤਾ ਨੇ 1699 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਨਿਹੰਗ ਸਿੰਘ ਸਰੂਪ ਬਾਣਾ ਬਖ਼ਸ਼ਿਸ਼ ਕੀਤਾ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਿਹੰਗ ਸਿੰਘਾਂ ਦਾ ਸਰੂਪ ਸਿਰਜਣ ਵਾਲੇ ਦਸਮ ਪਿਤਾ ਹੀ ਹਨ। ਇਕ ਹੋਰ ਮੱਤ ਅਨੁਸਾਰ ਜਦੋਂ ਗੁਰੂ ਜੀ ਉੱਚ ਦਾ ਪੀਰ ਬਣ ਕੇ ਜਾ ਰਹੇ ਸਨ ਤਾਂ ਉਨ੍ਹਾਂ ਨੀਲਾ ਬਾਣਾ ਪਹਿਨਿਆ ਹੋਇਆ ਸੀ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ ਨਿਹੰਗ ਸ਼ਬਦ ਦਾ ਅਰਥ ਖ਼ੜਗ, ਤਲਵਾਰ ਦੱਸਿਆ ਗਿਆ ਹੈ, ਜਦਕਿ ਸੰੰਸਕ੍ਰਿਤ ਭਾਸ਼ਾ 'ਚ ਇਸ ਦਾ ਅਰਥ ਨਿਡਰ ਸ਼ਬਦ ਦੀ ਪੂਰਤੀ ਕਰਦਾ ਹੈ। ਪੁਰਾਤਨ ਸਮੇਂ 'ਚ ਨਿਹੰਗ ਸਿੰਘਾਂ ਨੂੰ ਦੋ ਗਰੁੱਪਾਂ ਬੁੱਢਾ ਦਲ ਤੇ ਤਰਨਾ ਦਲ 'ਚ ਵੰਡਿਆ ਗਿਆ। 40 ਸਾਲਾਂ ਤੋਂ ਵੱਧ ਉਮਰ ਵਾਲੇ ਸਿੰਘ ਬੁੱਢਾ ਦਲ 'ਚ ਸ਼ਾਮਿਲ ਕੀਤੇ ਗਏ। ਇਨ੍ਹਾਂ ਦਾ ਕੰਮ ਗੁਰੂ ਘਰਾਂ ਦੀ ਸੰਭਾਲ ਤੇ ਰੱਖਿਆ ਕਰਨਾ ਸੀ। 40 ਸਾਲ ਤੋਂ ਘੱਟ ਉਮਰ ਦੇ ਨਿਹੰਗ ਸਿੰਘ ਤਰਨਾ ਦਲ 'ਚ ਸ਼ਾਮਿਲ ਕੀਤੇ ਗਏ, ਜੋ ਅੱਗੇ ਵੱਧ ਕੇ ਜੰਗੀ ਮੋਰਚੇ ਸਰ ਕਰਦੇ ਸਨ। ਇਸੇ ਤਰ੍ਹਾਂ ਤਰਨਾ ਦਲ ਨੂੰ ਅੱਗੇ 5 ਜਥਿਆਂ 'ਚ ਵੰਡਿਆ ਗਿਆ। ਇਨ੍ਹਾਂ ਜਥਿਆਂ ਦਾ ਕੰਮ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੇ ਵੈਰੀ ਨਾਲ ਲੋਹਾ ਲੈਣਾ ਸੀ। ਹਰ ਇਕ ਜਥੇ ਵਿਚ 15 ਸੌ ਤੋਂ ਲੈ ਕੇ 5 ਹਜ਼ਾਰ ਦੇ ਕਰੀਬ ਹਥਿਆਰਬੰਦ ਸਿੰਘ ਸ਼ਾਮਿਲ ਹੁੰਦੇ ਸਨ। ਜਦੋਂ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਪਹਿਲਾਂ ਨਵਾਬੀ ਤੇ ਜਾਗੀਰ ਦੀ ਖਿੱਲਤ ਪੇਸ਼ ਕਰਕੇ ਸਿੱਖਾਂ ਨਾਲ ਸੰਪਰਕ ਬਣਾਇਆ, ਫਿਰ ਵਿਸ਼ਵਾਸਘਾਤ ਕਰਕੇ ਉਸ ਨੇ ਸਿੱਖਾਂ 'ਤੇ ਦੁਬਾਰਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਮੇਂ ਅਨੁਸਾਰ ਦੋਹਾਂ ਦਲਾਂ ਦੇ ਸੂਰਬੀਰ ਜੰਗਲਾਂ, ਪਹਾੜਾਂ ਵੱਲ ਖਿੱਲਰ ਗਏ। ਇੱਧਰ-ਉਧਰ ਖਿੰਡਣ ਨਾਲ ਇਨ੍ਹਾਂ ਦੇ ਕਈ ਛੋਟੇ- ਛੋਟੇ ਜਥੇ ਬਣਦੇ ਗਏ। ਸਮਾਂ ਬੀਤਦਾ ਗਿਆ ਤੇ 1748 ਦੀ ਵਿਸਾਖੀ ਨੂੰ ਸਾਰੇ ਜਥੇ ਅੰਮ੍ਰਿਤਸਰ ਇਕੱਠੇ ਹੋਏ ਤੇ ਸਰਬੱਤ ਖਾਲਸੇ ਦੇ ਗੁਰਮਤੇ ਨਾਲ ਵੱਡੀ ਜਥੇਬੰਦੀ ਦੀ ਸਥਾਪਨਾ ਕੀਤੀ, ਜਿਸ ਦਾ ਨਾਂਅ ਦਲ ਖ਼ਾਲਸਾ ਰੱਖਿਆ ਗਿਆ ਅਤੇ ਇਸ ਦੀ ਸਰਦਾਰੀ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ। ਦਲ ਖ਼ਾਲਸਾ ਦੀ ਸਥਾਪਨਾ ਨਾਲ ਸਾਰੇ ਛੋਟੇ- ਛੋਟੇ ਜਥਿਆਂ ਨੂੰ 11 ਟੋਲ਼ਿਆਂ 'ਚ ਵੰਡ ਦਿੱਤਾ ਅਤੇ ਇਨ੍ਹਾਂ ਟੋਲ਼ਿਆਂ ਨੂੰ ਮਿਸਲਾਂ ਦਾ ਨਾਂਅ ਦਿੱਤਾ ਗਿਆ। ਸਰਹਿੰਦ ਸੂਬੇ ਨੂੰ ਜਿੱਤਣ ਤੋਂ ਬਾਅਦ ਹਰ ਇਕ ਮਿਸਲ ਨੇ ਆਪਣੀਆਂ-ਆਪਣੀਆਂ ਰਿਆਸਤਾਂ ਕਾਇਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਮਿਸਲਦਾਰਾਂ ਦੀ ਆਪਸੀ ਖ਼ਾਰਬਾਜ਼ੀ ਤੇ ਵੈਰ ਵਧਣਾ ਸ਼ੁਰੂ ਹੋ ਗਿਆ। ਅਸਲ 'ਚ ਇਨ੍ਹਾਂ ਮਿਸਲਾਂ ਦੀ ਸਥਾਪਨਾ ਨਾਲ ਬੁੱਢਾ ਤੇ ਤਰਨਾ ਦਲ ਦੇ ਨਾਂਵਾਂ ਦੀ ਅਹਿਮੀਅਤ ਘਟਦੀ ਗਈ। ਜਦੋਂ ਨਿਹੰਗ ਸਿੰਘ ਜਥੇਬੰਦੀਆਂ ਦਾ ਸੰਗਠਨਤਾਮਕ ਢਾਂਚਾ ਤੈਅ ਕੀਤਾ ਗਿਆ, ਉਦੋਂ ਤੱਕ ਬੁੱਢਾ ਦਲ ਤੇ 5 ਤਰਨਾ ਦਲ ਹੁੰਦੇ ਸਨ, ਪਰ 1984 ਦੇ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਤੋਂ ਬਾਅਦ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਨੇ ਸਰਕਾਰ ਨਾਲ ਮਿਲ ਕੇ ਕਾਰਸੇਵਾ ਸ਼ੁਰੂ ਕਰਵਾਈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ। ਬਾਬਾ ਸੰਤਾ ਸਿੰਘ ਪੰਥ 'ਚੋਂ ਛੇਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਅਤੇ ਅਕਾਲੀਆਂ ਨੇ ਬਾਬਾ ਸੰਤਾ ਸਿੰਘ ਦੀ ਜਥੇਬੰਦੀ ਦੇ ਬਰਾਬਰ ਇਕ ਹੋਰ ਬੁੱਢਾ ਦਲ ਨੂੰ ਮਾਨਤਾ ਦੇ ਦਿੱਤੀ, ਪਰ ਬੁੱਢਾ ਦਲ ਦਾ ਰਲੇਵਾਂ ਨਹੀਂ ਹੋ ਸਕਿਆ। ਇਸ ਸਮੇਂ ਸ਼੍ਰੋਮਣੀ ਕਮੇਟੀ ਦੀ ਮਾਨਤਾ ਪ੍ਰਾਪਤ ਬੁੱਢਾ ਦਲ ਦੀ ਜਥੇਦਾਰੀ ਬਾਬਾ ਬਲਬੀਰ ਸਿੰਘ ਕੋਲ ਹੈ। ਬੁੱਢਾ ਦਲ ਵਾਂਗ ਤਰਨਾ ਦਲ ਵੀ ਪਾਟੋਧਾੜ ਹੈ। ਇਨ੍ਹਾਂ ਦੇ ਗਰੁੱਪਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਇਨ੍ਹਾਂ ਜਥੇਬੰਦੀਆਂ ਵਿਚ ਤਰਨਾ ਦਲ ਹਰੀਆਂ ਵੇਲਾਂ ਵਰਗੇ ਸੰਗਠਨ ਹਨ, ਜੋ ਸਮੇਂ ਨਾਲ ਬਦਲੇ ਸਮਾਜ ਵਿਚ ਆਪਣਾ ਰੋਲ ਅਦਾ ਕਰ ਰਹੇ ਹਨ। ਜ਼ਿਆਦਾਤਰ ਨਿਹੰਗ ਸਿੰਘ ਅੱਜ ਵੀ ਰਵਾਇਤੀ ਪਹਿਰਾਵੇ ਵਿਚ ਰਹਿੰਦੇ ਹਨ ਅਤੇ ਪੁਰਾਤਨ ਕਾਲ ਵਰਗੀ ਜ਼ਿੰਦਗੀ ਜਿਊਂਦੇ ਹਨ, ਪਰ ਸਮੇਂ ਦੇ ਲੰਘਣ ਨਾਲ ਇਨ੍ਹਾਂ ਦੇ ਬਹੁਤ ਸਾਰੇ ਦਲ ਹੋ ਗਏ ਹਨ। ਇਹ ਫ਼ੌਜੀਆਂ ਵਾਂਗ ਰਹਿੰਦੇ ਹਨ ਅਤੇ ਆਪਣੇ ਡੇਰਿਆਂ ਨੂੰ ਛਾਉਣੀਆਂ ਕਹਿੰਦੇ ਹਨ। ਘੋੜੇ, ਪੁਰਾਤਨ ਹਥਿਆਰ ਨਿਹੰਗਾਂ ਦੀ ਪਛਾਣ ਹੈ। ਸਰਬ ਲੋਹ ਦੇ ਭਾਂਡਿਆਂ 'ਚ ਛਕਣਾ ਇਨ੍ਹਾਂ ਦੀ ਆਪਣੀ ਹੀ ਮਰਿਯਾਦਾ ਹੈ।
-ਅਜੀਤ ਪ੍ਰਤੀਨਿਧ, ਜ਼ੀਰਕਪੁਰ।
ਮੋਬਾਈਲ : 98140-95400