ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-03-2025

ਨਿਵੇਕਲੇ ਰੰਗਾਂ ਦਾ ਜਲੌਅ ਹੈ ਹੋਲਾ ਮਹੱਲਾ <br/>

Ad Position 21
No active advertisement
ਅਜੀਤ ਡੈਸਕ 14-03-2025

ਮੇਲੇ ਤੇ ਤਿਉਹਾਰ ਕਿਸੇ ਵੀ ਦੇਸ਼ ਦੀ ਸੱਭਿਆਚਾਰਕ ਵਿਰਾਸਤ ਹੁੰਦੇ ਹਨ | ਇਹ ਲੋਕਾਂ ਵਿਚ ਆਪਸੀ ਪਿਆਰ ਤੇ ਭਾਈਚਾਰਕ ਸਾਂਝਾਂ ਦਾ ਸੁਨੇਹਾ ਦੇ ਕੇ ਸਮਾਜਿਕ ਵਾਤਾਵਰਨ ਨੂੰ ਖੁਸ਼ਗਵਾਰ ਬਣਾਉਂਦੇ ਹਨ | ਭਾਰਤ ਦੀ ਭੂਮੀ 'ਤੇ ਕਈ ਰੁੱਤਾਂ ਤੇ ਬਦਲਦੇ ਮੌਸਮਾਂ ਦੀ ਆਭਾ ਖਿੱਲਰੀ ਹੋਈ ਹੈ | ਬਹੁਤੇ ਤਿਉਹਾਰ ਕਿਸੇ ਨਾ ਕਿਸੇ ਰੁੱਤ ਨਾਲ ਜੁੜੇ ਹੋਏ ਹਨ | ਤਿਉਹਾਰਾਂ ਦੇ ਖੂਬਸੂਰਤ ਗੁਲਦਸਤੇ ਵਿਚ ਰੰਗਾਂ ਨਾਲ ਪਰੁੱਚੇ ਹੋਲੀ ਦੇ ਤਿਉਹਾਰ ਦਾ ਆਗਮਨ ਬਸੰਤ ਰੁੱਤੇ ਹੁੰਦਾ ਹੈ | ਇਹ ਤਿਉਹਾਰ ਸਾਰੇ ਦੇਸ਼ ਵਿਚ ਹੀ ਮਨਾਇਆ ਜਾਂਦਾ ਹੈ | ਅਸਲ ਵਿਚ ਹੋਲੀ ਦਾ ਤਿਉਹਾਰ ਮਿਥਹਾਸਿਕ ਤੇ ਪੁਰਾਣਿਕ ਤਿਉਹਾਰ ਹੈ | ਇਸ ਦਾ ਸੰਬੰਧ ਉਸ ਸਮੇਂ ਦੇ ਸਮਾਜ ਵਿਚ ਪ੍ਰਚੱਲਿਤ ਵਰਣ-ਵੰਡ ਨਾਲ ਹੈ | ਉਸ ਸਮੇਂ ਦਾ ਸਮਾਜ ਬਹੁਤ ਹੀ ਬੁਰੀ ਤਰ੍ਹਾਂ ਵਰਣਾਂ ਵਿਚ ਵੰਡਿਆ ਹੋਇਆ ਸੀ | ਅਖੌਤੀ ਸਮਾਜਿਕ ਜੀਵਨ ਵਿਚ ਸਭ ਤੋਂ ਹੇਠਲੀ ਸ਼੍ਰੇਣੀ ਵਾਲੇ ਲੋਕਾਂ ਨੂੰ ਅਜਿਹੇ ਕਈ ਦਰਦ ਸਹਿਣ ਲਈ ਮਜਬੂਰ ਹੋਣਾ ਪੈਂਦਾ ਸੀ |
ਇਸ ਤਰ੍ਹਾਂ ਭਾਰਤੀ ਲੋਕਾਂ ਅੰਦਰ ਜੂਝਣ ਤੇ ਆਪਣੀ ਇੱਜ਼ਤ ਪੱਤ ਦੀ ਰਾਖੀ ਕਰਨ ਦੀ ਜੁਰਅਤ ਤੇ ਸ਼ਕਤੀ ਅਲੋਪ ਹੋ ਚੁੱਕੀ ਸੀ | ਸਾਹ-ਸਤਹੀਣ ਹੋਈ ਭਾਰਤੀ ਕੌਮ ਵਿਚ ਨਵੀਂ ਸ਼ਕਤੀ ਤੇ ਜ਼ੁਲਮ ਜਬਰ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਹੀ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਹੋਲੀ ਵਰਗੇ ਨਿਰਾਦਰ ਤੇ ਗਲਾਜ਼ਤ ਭਰੇ ਤਿਉਹਾਰ ਦੀ ਥਾਂ ਗ਼ੈਰ-ਤਹੀਣ ਹੋ ਚੁੱਕੇ ਲੋਕਾਂ ਵਿਚ ਨਵਾਂ ਜੋਸ਼ ਤੇ ਅਣਖ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਹੋਲਾ ਮਹੱਲਾ ਮਨਾਉਣਾ ਆਰੰਭ ਕੀਤਾ | ਹੋਲਾ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਦੂਜਿਆਂ ਦੀ ਭਲਾਈ ਕਰਨ ਦੇ ਕੰਮਾਂ ਲਈ ਜੂਝਣਾ ਤੇ ਜ਼ੁਲਮ ਦਾ ਮੁਕਾਬਲਾ ਕਰਨਾ | ਅਸਲ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਦੇ ਇਤਿਹਾਸਕ ਅਮਲ ਤੋਂ ਪਹਿਲਾਂ ਹੀ ਸਿੱਖਾਂ ਵਿਚ ਜੂਝਣ ਦੀ ਚੇਤਨਾ ਪੈਦਾ ਕਰਨ ਅਤੇ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਡਟਣ ਦਾ ਸੰਕਲਪ ਪੈਦਾ ਕਰਨ ਲਈ, ਹੋਲੇ ਮਹੱਲੇ ਦੇ ਪੁਰਬ 'ਤੇ ਸਿੱਖਾਂ ਵਿਚ ਸ਼ਸਤਰ ਅਭਿਆਸ ਕਰਾਉਣੇ ਆਰੰਭ ਕਰ ਦਿੱਤੇ ਸਨ | ਇਸ ਸੰਬੰਧੀ ਦਸਮ ਗ੍ਰੰਥ ਵਿਚ ਵੀ ਹਵਾਲਾ ਮਿਲਦਾ ਹੈ-'ਅਸ ਕਿ੍ਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ¨ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ¨ ਇਸ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਪੰਥ ਨੂੰ ਸ਼ਸਤਰਧਾਰੀ ਕੀਤਾ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਪ੍ਰਮਾਣ ਦਿੰਦਿਆਂ ਸਮੇਂ ਦੀ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਤੇ ਫ਼ਤਹਿ ਦੇ ਡੰਕੇ ਵਜਾਏ | ਖ਼ਾਲਸੇ ਦੀ ਸਿਰਜਣਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿ੍ਪਾਨ ਨੂੰ ਪੰਜ ਕਕਾਰਾਂ ਵਿਚ ਸ਼ਾਮਿਲ ਕਰ ਕੇ ਖ਼ਾਲਸੇ ਨੂੰ ਹਮੇਸ਼ਾ ਲਈ ਨਿਮਾਣਿਆਂ ਤੇ ਨਿਤਾਣਿਆਂ ਦੀ ਰੱਖਿਆ ਦਾ ਜਾਮਨ ਬਣਾ ਦਿੱਤਾ |
ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਤੇ ਨਵੇਂ ਸੰਕਲਪਾਂ ਦੀ ਸਥਾਪਨਾ ਦੇ ਮਕਸਦ ਨਾਲ ਗੁਰੂ ਸਾਹਿਬਾਨ ਨੇ ਪ੍ਰਚੱਲਿਤ ਤਿਉਹਾਰ ਦੀ ਥਾਂ ਹੋਲੇ ਮਹੱਲੇ ਦਾ ਮੁੱਢ ਬੰਨਿ੍ਹਆ | ਗੁਰੂੁ ਗੋਬਿੰਦ ਸਿੰਘ ਜੀ ਨੇ ਸਰੀਰਕ, ਮਾਨਸਿਕ ਤੇ ਆਤਮਿਕ ਤੌਰ 'ਤੇ ਕਮਜ਼ੋਰ ਤੇ ਬਲਹੀਣ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕੀ | ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ ਤੇ ਹੋਰ ਵਿਤਕਰਿਆਂ ਨੂੰ ਦੂਰ ਕਰ ਕੇ ਸਾਹ ਸਤਹੀਣ ਹੋਈ ਕੌਮ ਦੇ ਮਨੋਬਲ ਨੂੰ ਉੱਚਿਆਂ ਚੁੱਕਣ ਦੇ ਉਪਰਾਲੇ ਕੀਤੇ | ਖਾਲਸਾਈ ਫ਼ੌਜਾਂ ਨੂੰ ਦੋ ਦਲਾਂ ਵਿਚ ਵੰਡ ਕੇ ਮੈਦਾਨ-ਏ-ਜੰਗ ਦਾ ਦਿ੍ਸ਼ ਸਿਰਜਿਆ ਜਾਂਦਾ | ਸ਼ਸਤਰਧਾਰੀ ਗਰੁੱਪਾਂ ਦੇ ਦੋ ਦਲ ਬਣਾ ਕੇ ਜੰਗੀ ਮੁਕਾਬਲੇ ਕਰਾਏ ਜਾਂਦੇ | ਗਤਕਾ , ਘੋੜਸਵਾਰੀ ਤੇ ਸ਼ਸਤਰਾਂ ਦੀ ਮੁਹਾਰਤ ਨੇ ਖਾਲਸੇ ਵਿਚ ਨਵਾਂ ਜੋਸ਼ ਤੇ ਜਜ਼ਬਾ ਪੈਦਾ ਕੀਤਾ | ਜਦੋਂ ਸੁੱਤੀ ਹੋਈ ਅਣਖ ਤੇ ਗ਼ੈਰਤ ਨੂੰ ਵੰਗਾਰਿਆ ਤਾਂ ਨਿਤਾਣੇ ਮਨੁੱਖ ਵੀ ਜੂਝਣ ਲਈ ਤਿਆਰ ਹੋ ਗਏ | ਗੁਰਮਤਿ ਵਿਚਾਰਧਾਰਾ ਨੇ ਕਈ ਨਵੇਂ ਆਦਰਸ਼ ਪੈਦਾ ਕੀਤੇ | ਸ਼ਸਤਰ ਨੂੰ ਵੀ ਮਾੜੇ ਤੇ ਮਜ਼ਲੂਮ ਦੀ ਰਾਖੀ ਲਈ ਵਰਤੇ ਜਾਣ ਦੀ ਤਾਕੀਦ ਕੀਤੀ ਗਈ | ਹੱਕ, ਸੱਚ ਤੇ ਇਨਸਾਫ਼ ਦੀ ਖ਼ਾਤਰ ਜੇ ਆਪਾ ਕੁਰਬਾਨ ਵੀ ਕਰਨਾ ਪਵੇ ਤਾਂ ਮੈਦਾਨ-ਏ-ਜੰਗ ਵਿਚ ਪਿੱਠ ਨਹੀਂ ਦਿਖਾਉਣੀ | ਕਿਸੇ ਨਿਹੱਥੇ ਉੱਤੇ ਵਾਰ ਨਹੀਂ ਕਰਨਾ | ਸਿੱਖ ਇਤਿਹਾਸ ਵਿਚ ਜਬਰ ਵਿਰੁੱਧ ਲੜੀਆਂ ਜਿਨ੍ਹਾਂ ਜੰਗਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿਚ ਸਿੱਖ ਸੂਰਬੀਰਾਂ ਦੀ ਬਹਾਦਰੀ ਤੇ ਵੱਡੀਆਂ ਫ਼ੌਜਾਂ ਦਾ ਮੁਕਾਬਲਾ ਕਰ ਕੇ ਫ਼ਤਹਿ ਹਾਸਿਲ ਕਰਨੀ ਅਜਿਹੀ ਭਾਵਨਾ ਦਾ ਹੀ ਪ੍ਰਗਟਾਵਾ ਸੀ |
ਸਹੀ ਅਰਥਾਂ ਵਿਚ ਹੋਲਾ ਮਹੱਲਾ ਖਾਲਸਾਈ ਜਾਹੋ-ਜਲਾਲ ਤੇ ਵਿਲੱਖਣ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੈ | ਹਰ ਸਾਲ ਹੀ ਹੋਲਾ ਮਹੱਲਾ ਦਾ ਪੁਰਬ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਪਾਰ ਸ਼ਰਧਾ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਉਣ ਦੀ ਪ੍ਰੰਪਰਾ ਵਰਿ੍ਹਆਂ ਤੋਂ ਜਾਰੀ ਹੈ | ਭਾਵੇਂ ਹੋਰ ਸਥਾਨਾਂ ਉੱਤੇ ਵੀ ਇਸ ਪੁਰਬ ਦੀਆਂ ਰੌਣਕਾਂ ਹੁੰਦੀਆਂ ਹਨ, ਪਰ ਇਹ ਮੁੱਖ ਰੂਪ ਵਿਚ ਜੋੜ-ਮੇਲੇ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੀ ਮਨਾਇਆ ਜਾਂਦਾ ਹੈ | ਸਿੱਖ ਕੌਮ ਦੇ ਇਸ ਨਿਰਾਲੇ ਪੁਰਬ ਨੂੰ ਦੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਾ ਸੈਲਾਬ ਆ ਜੁੜਦਾ ਹੈ | ਇਸ ਨਿਵੇਕਲੇ ਤਿਉਹਾਰ ਦੇ ਅਲੌਕਿਕ ਨਜ਼ਾਰਿਆਂ ਦਾ ਅਨੰਦ ਮਾਣਨ ਲਈ ਵਿਦੇਸ਼ੀ ਸੈਲਾਨੀ ਵੀ ਹਰ ਸਾਲ ਵੱਡੀ ਗਿਣਤੀ ਵਿਚ ਹਾਜ਼ਰ ਹੁੰਦੇ ਹਨ | ਸਾਰੇ ਪੰਜਾਬ ਵਿਚ ਹੀ ਥਾਂ-ਥਾਂ 'ਤੇ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਲਈ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ | ਸੰਗਤਾਂ ਦੀ ਇਹ ਨਿਰਸਵਾਰਥ ਸੇਵਾ ਭਾਵਨਾ ਦੇਖਿਆਂ ਹੀ ਬਣਦੀ ਹੈ | ਹੋਲੇ ਮਹੱਲੇ 'ਤੇ ਗੁਰੂੁ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਦਲਾਂ ਦੀ ਰਵਾਇਤੀ ਚੜ੍ਹਤ ਵੀ ਵੱਖਰਾ ਹੀ ਨਜ਼ਾਰਾ ਬੰਨ੍ਹਦੀ ਹੈ | ਨਿਹੰਗ ਸਿੰਘਾਂ ਦੇ ਜਲੌਅ ਦੀ ਆਭਾ ਹੋਲੇ ਮਹੱਲੇ ਨੂੰ ਰਵਾਇਤੀ ਖ਼ਾਲਸਾਈ ਰੰਗਤ ਬਖਸ਼ਦੀ ਹੈ | ਉੱਚੇ ਦੁਮਾਲੇ ਸਜਾਈ, ਰਵਾਇਤੀ ਸ਼ਸਤਰਾਂ ਵਿਚ ਸਜੇ ਇਹ ਗੁਰੂ ਦੇ ਖ਼ਾਲਸੇ, ਨਗਾਰੇ ਵਜਾਉਂਦੇ ਪੈਦਲ ਅਤੇ ਘੋੜਿਆਂ 'ਤੇ ਸਵਾਰ ਹੋ ਹਰ ਇਕ ਦਾ ਧਿਆਨ ਖਿੱਚਦੇ ਹਨ ਤੇ ਇਸ ਜੋੜ-ਮੇਲੇ ਦੀ ਆਭਾ ਵਿਚ ਨਿਵੇਕਲਾ ਰੰਗ ਭਰਦੇ ਹਨ | ਵਿਸ਼ੇਸ਼ ਸਮਾਗਮਾਂ ਵਿਚ ਰਾਗੀ , ਢਾਡੀ ਤੇ ਕਥਾ-ਵਾਚਕ ਸ਼ਾਨਾਂਮੱਤੇ ਸਿੱਖ ਇਤਿਹਾਸ ਅਤੇ ਬੀਰ-ਰਸੀ ਵਾਰਾਂ ਦੇ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ |

-ਮੋਬਾਈਲ : 9815356086

Ad Position 22
No active advertisement
ਪਿਛਲੀ ਖ਼ਬਰ ਰੰਗੁ ਲਾਗਾ ਅਤਿ ਲਾਲ... <br/> ਅਗਲੀ ਖ਼ਬਰ 'ਹੋਲੀ' ਰੰਗਾਂ ਦਾ ਤਿਉਹਾਰ <br/>
Ad Position 24
No active advertisement