ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਨਾਲ ਸਿਖ ਧਰਮ ਨੂੰ ਅੰਤਿਮ ਤੇ ਸੰਪੂਰਨ ਸਰੂਪ ਪ੍ਰਦਾਨ ਕਰ ਕੇ ਕੁਝ ਵਿਸ਼ੇਸ਼ ਉਤਸਵ ਪ੍ਰਦਾਨ ਕੀਤੇ ਜਿਹੜੇ ਸਿੱਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਜਾਮਨ ਹਨ ਅਤੇ ਸਿੱਖੀ ਦੀ ਵਿਲੱਖਣਤਾ ਦੇ ਹਵਾਲੇ ਨਾਲ ਸਿੱਖ ਸੱਭਿਆਚਾਰ ਦੇ ਵਿਗਾਸ ਨੂੰ ਵੀ ਪ੍ਰਗਟਾਉਂਦੇ ਹਨ | 'ਸੱਭਿਆਚਾਰਕ ਵਿਗਾਸ' ਰੂਹਾਨੀਅਤ ਦੀ ਚੜ੍ਹਦੀ ਕਲਾ ਦੇ ਖੂਬਸੂਰਤ ਅਮੂਰਤ ਵਰਤਾਰੇ ਦਾ ਲਖਾਇਕ ਹੈ | ਹੋਲਾ ਮਹੱਲਾ ਅਜਿਹਾ ਹੀ ਇਕ ਸਿੱਖ ਉਤਸਵ ਹੈ | ਹੋਲਾ-ਮਹੱਲਾ ਮਨਾਉਣ ਦੀ ਰਵਾਇਤ ਅਨੁਸਾਰ ਚੇਤ ਵਦੀ 1 ਨੂੰ ਤਖ਼ਤ ਸ੍ਰੀ ਕੇਸਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਸਿੱਖ ਸੰਗਤਾਂ ਉਚੇਚੇ ਤੌਰ 'ਤੇ ਨਿਹੰਗ ਸਿੰਘ ਇਕੱਤਰ ਹੋ ਕੇ ਇਹ ਉਤਸਵ ਮਨਾਉਂਦੇ ਹਨ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ | ਇਹ ਉਤਸਵ ਹਰ ਸਿੱਖ ਦੇ ਪੂਰਾ ਸਿਪਾਹੀ ਅਤੇ ਸ਼ਸਤ੍ਰ ਵਿੱਦਿਆ ਤੋਂ ਜਾਣੂ ਹੋਣ ਦੇ ਫਰਜ਼ ਨੂੰ ਚੇਤੇ ਕਰਵਾਉਂਦਾ ਹੈ |
ਭਾਰਤੀ ਮਿਥਿਹਾਸ ਵਿਚਲੇ ਹਰਨਾਖਸ਼ ਦੀ ਭੈਣ ਹੋਲਿਕਾ ਦੇ ਨਾਂਅ 'ਤੇ ਪ੍ਰਚਲਿਤ 'ਹੋਲੀ' ਦਾ ਤਿਉਹਾਰ, ਇਕ ਦੂਸਰੇ 'ਤੇ ਰੰਗ ਸੁੱਟ ਕੇ ਮਨਾਇਆ ਜਾਂਦਾ ਹੈ | ਲੋਕ ਫਗਣ ਸੁਦੀ 11 ਤੋਂ 15 ਤੱਕ ਲੋਕ ਫਾਗ (ਹੋਲੀ) ਖੇਡਦੇ ਅਤੇ ਅਰ ਊਧਮ ਮਚਾਉਂਦੇ ਹਨ | ਗੁਰਮਤਿ ਵਿਚ ਅਜਿਹੇ ਅਭਿਆਸ ਦੀ ਪ੍ਰਵਾਨਗੀ ਨਹੀਂ |
ਗੁਰਬਾਣੀ ਵਿਚ ਹੋਲੀ ਲਈ 'ਫਾਗ' ਸ਼ਬਦ ਵੀ ਵਰਤਿਆ ਗਿਆ ਹੈ | ਗੁਰੂ ਸਾਹਿਬਾਨ ਨੇ ਇਸ ਰੀਤੀ ਦੀ ਥਾਂ ਉੱਤਮ ਫਾਗ ਦਾ ਉਪਦੇਸ਼ ਦਿੱਤਾ ਹੈ | ਗੁਰਬਾਣੀ ਦਾ ਨਿਮਨ ਲਿਖਤ ਮਹਾਂਵਾਕ ਭਾਵੇਂ ਆਤਮਿਕ ਪ੍ਰਸੰਗ ਵਿਚ ਸਤਿਸੰਗੀਆਂ ਦੇ ਨਾਮ ਰੰਗ ਵਿਚ ਰੰਗੇ ਜਾਣ ਵਾਲੀ ਉੱਤਮ ਹੋਲੀ ਦਾ ਉਪਦੇਸ਼ ਦਿ੍ੜ੍ਹ ਕਰਵਾਉਂਦਾ ਹੈ, ਲੇਕਿਨ ਹੋਲੀ ਦੇ ਵਿਗੜੇ ਰੂਪ ਨੂੰ ਰੱਦ ਕਰਦਿਆਂ ਗੁਰਮਤਿ ਦੀ ਨਿਵੇਕਲੀ ਹੋਲੀ ਜਾਂ ਫਾਗ ਦੇ ਦਰਸ਼ਨ ਕਰਵਾਉਂਦਾ ਹੈ :
ਆਜੁ ਹਮਾਰੈ ਬਨੇ ਫਾਗ¨ ਪ੍ਰਭ ਸੰਗੀ ਮਿਲਿ ਖੇਲਨ ਲਾਗ¨
ਹੋਲੀ ਕੀਨੀ ਸੰਤ ਸੇਵ¨ ਰੰਗੁ ਲਾਗਾ ਅਤਿ ਲਾਲ ਦੇਵ¨
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 1180)
ਹੋਲੀ ਇਕ ਮੌਸਮੀ ਤਿਉਹਾਰ ਹੈ | ਜਦੋਂ ਸਿਆਲ ਬੀਤਦਾ ਹੈ ਤੇ ਗੁਲਾਬੀ ਰੁੱਤ ਹੁੰਦੀ ਹੈ ਤਾਂ ਹਰ ਦੇਸ਼ ਵਿਚ ਖੁਸ਼ੀ ਤੇ ਅਨੰਦ ਦੇ ਆਪੋ ਆਪਣੇ ਰਿਵਾਜ ਹੁੰਦੇ ਹਨ |
ਗੁਰਸਿੱਖਾਂ ਵਿਚ ਇਹ ਕੀਰਤਨ, ਸੰਤ ਸੇਵਾ, ਪ੍ਰਸ਼ਾਦ, ਗੁਰ-ਦਰਸ਼ਨ ਆਦਿ ਰੰਗਾਂ ਵਿਚ ਹੁੰਦੀ ਸੀ | ਆਮ ਤੌਰ 'ਤੇ ਸੋਹਣੇ ਤਰੀਕੇ ਦੀ ਹੋਲੀ ਵੀ ਸਿੱਖ ਖੇਡਿਆ ਕਰਦੇ ਸਨ | ਗੁਰੂ ਦਰਬਾਰਾਂ ਵਿਚ ਅਤਰ, ਗੁਲਾਬ ਆਦਿ ਦਾ ਵਰਤਾਉ ਵੀ ਹੁੰਦਾ ਸੀ | ਸੰਮਤ 1757 (1700 ਈ.) ਦੀ ਜਦੋਂ ਹੋਲੀ ਸੀ ਤਾਂ ਗੁਰੂ ਦਸਮੇਸ਼ ਪਿਤਾ ਜੀ ਦੀ ਹਜ਼ੂਰੀ ਵਿਚ ਪਹਿਲੋਂ ਤਿਆਰੀ ਆਰੰਭੀ ਗਈ | ਹੋਲਗੜ੍ਹ ਇਕ ਨਵਾਂ ਸਥਾਨ ਰਚਿਆ ਗਿਆ | ਹੋਲੇ ਤੋਂ ਅਗਲੇ ਦਿਨ ਖਾਲਸਾ ਦਲ ਦੇ ਦੋ ਹਿੱਸੇ ਕੀਤੇ ਗਏ | ਇਕ ਹਿੱਸਾ ਤਾਂ ਹੋਲਗੜ੍ਹ ਉਤੇ ਕਬਜ਼ਾ ਕਰ ਮੋਰਚੇ ਲਾ ਕੇ ਬੈਠ ਗਿਆ ਤੇ ਦੂਸਰਾ ਹਿੱਸਾ ਉਨ੍ਹਾਂ ਉਤੇ ਧਾਵੀ ਹੋ ਕੇ ਚੜਿ੍ਹਆ | ਇਸ ਦੀ ਅਗਵਾਈ ਗੁਰੂ ਜੀ ਆਪ ਕਰ ਰਹੇ ਸਨ | ਅੱਗੇ ਨਿਸ਼ਾਨ ਸਾਹਿਬ ਲਾਏ ਗਏ | ਵਿਉਂਤ ਦਰਸਾਈ ਗਈ ਕਿ ਸਮਝੋ ਹੋਲਗੜ੍ਹ ਇਕ ਕਿਲ੍ਹਾ ਹੈ ਜੋ ਵੈਰੀ ਦੇ ਹੱਥ ਹੈ | ਅਸਾਂ ਅੱਜ ਹੱਲਾ ਕਰਕੇ ਪੈਣਾ ਹੈ | ਅੱਗੋਂ ਓਹ ਤਿਆਰ-ਬਰ-ਤਿਆਰ ਹਨ ਕਿ ਸਾਨੂੰ ਕਬਜ਼ਾ ਨਾ ਕਰਨ ਦੇਣ | ਗੋਲੀ ਨਾਲ ਮਾਰ ਦੇਣ ਦਾ ਹੁਕਮ ਬੰਦ ਸੀ, ਕਿਉਂਕਿ ਦੋਵੇਂ ਪਾਸੇ ਖਾਲਸਾ ਸੀ | ਇਹ ਤਾਂ ਖ਼ਾਲਸੇ ਨੇ ਆਪੋ ਵਿਚ ਮਸ਼ਕ ਕਰਨੀ ਸੀ ਤੇ ਗੁਰੂ ਸਾਹਿਬ ਨੇ ਇਸ ਨਕਲੀ ਯੁੱਧ ਰਾਹੀਂ ਜਾਚ ਸਿਖਾਉਣੀ ਸੀ | ਸੋ ਗੁਰੂ ਜੀ ਨਿਸ਼ਾਨਾਂ ਦੀ ਤਾਬਿਆ ਸਾਰੇ ਦਲ ਨੂੰ ਨਾਲ ਲੈ ਕੇ ਅੱਗੇ ਵਧੇ ਅਤੇ ਹੋਲਗੜ੍ਹ 'ਤੇ ਜਾ ਬਿਰਾਜੇ | ਕਾਫੀ ਸਮਾਂ (ਡੇਢ ਪਹਿਰ) ਦੁਵੱਲੀ ਘਮਸਾਣ ਪਿਆ ਰਿਹਾ | ਰੋਕਣ ਵਾਲੇ ਦਲ ਦੇ ਸਫੈਦ ਕੱਪੜੇ ਸਨ ਅਤੇ ਸਤਿਗੁਰਾਂ ਦੇ ਦਲ ਦੇ ਹਲਕੇ ਕੇਸਰ ਰੰਗ ਦੇ ਕੱਪੜੇ ਸਨ | ਇਤਨਾ ਕੁ ਫਰਕ ਹੁੰਦਾ ਸੀ | ਕਾਫੀ ਸਮੇਂ ਦੀ ਦੁਵੱਲੀ ਜੱਦੋ-ਜਹਿਦ ਮਗਰੋਂ ਹੋਲਗੜ੍ਹ ਵਾਲੇ ਹਾਰ ਗਏ ਤੇ ਸਤਿਗੁਰੂ ਜੀ ਜੈਕਾਰੇ ਗਜਾਉਂਦੇ ਅੰਦਰ ਆ ਵੜੇ | ਧਾਵਾ ਕਾਮਯਾਬ ਹੋਇਆ ਤੇ ਸਾਰੀ ਫ਼ੌਜ ਇਕਮਿਕ ਹੋ ਗਈ | ਉਸੇ ਥਾਵੇਂ ਦੀਵਾਨ ਸਜਿਆ | ਫਿਰ ਅਤਰ, ਅੰਬੀਰ ਕੇਸਰ ਅਤੇ ਗੁਲਾਬ ਉੱਡੇ | ਸੱਚੇ ਪਾਤਿਸ਼ਾਹ ਕੇਸਰੀ ਰੰਗ ਦੀਆਂ ਪਿਚਕਾਰੀਆਂ ਚਲਾਉਂਦੇ ਰਹੇ | ਗੁਲਾਬ ਆਪਣੇ ਹਥੀਂ ਉਡਾਇਆ | ਅੱਜ ਕੜਾਹ ਪ੍ਰਾਸ਼ਦਿ ਨਹੀਂ ਵਰਤਾਇਆ | ਇਸ ਤਰ੍ਹਾਂ ਇਸ ਹੱਲੇ ਜਾਂ ਹੋਲੇ ਦਾ ਨਾਂਅ ਹੋਲਾ ਮਹੱਲਾ ਟਿਕ ਗਿਆ | ਇਹ ਬੋਲਾ 'ਮਾਯ ਹਲਾ' ਸਤਿਗੁਰਾਂ ਨੇ ਆਪ ਰਚਿਆ ਸੀ, ਜਿਸ ਦਾ ਮਤਲਬ ਸੀ ਬਨਾਉਟੀ ਹਮਲਾ | ਪਹਿਲਾ ਮਾਯ ਹਲਾ ਸਤਿਗੁਰਾਂ ਨੇ ਹੋਲੇ 'ਤੇ ਮੁਕਰਰ ਕੀਤਾ | ਇਹ ਮਾਯ ਹਲਾ ਬੋਲਚਾਲ ਵਿਚ 'ਮਹੱਲਾ' ਬਣ ਗਿਆ | ਮਹਾਨ ਕੋਸ਼ ਅਨੁਸਾਰ 'ਹੋਲੇ' ਦਾ ਅਰਥ ਹੱਲਾ ਅਤੇ ਹੱਲੇ ਦੀ ਥਾਂ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਹਿਤ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਮੁਖੀ ਸਿੰਘਾਂ ਦੀ ਅਗਵਾਈ ਹੇਠ ਇਕ ਖ਼ਾਸ ਥਾਂ 'ਤੇ ਕਬਜ਼ਾ ਕਰਨਾ | ਗੁਰੂ ਸਾਹਿਬ ਇਸ ਨਕਲੀ ਜੰਗ ਦੇ ਜੌਹਰ ਦੇਖਦੇ ਸਨ ਤੇ ਦੋਵਾਂ ਦਲਾਂ ਨੂੰ ਸਿੱਖਿਆ ਦਿੰਦੇ ਸਨ | ਜਿਹੜਾਂ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ | (ਮਹਾਨ ਕੋਸ਼, ਪੰਨਾ 283)
ਅੱਜ ਤੱਕ ਖ਼ਾਲਸਾ ਪੰਥ ਵਿਚ 'ਮਹੱਲੇ' ਦਾ ਰਿਵਾਜ਼ ਹੈ ਜਿਸ ਤਹਿਤ ਖ਼ਾਲਸਾ ਨਿਸ਼ਾਨਾਂ ਦੀ ਤਾਬਿਆ ਇਕ ਗੁਰ ਅਸਥਾਨ ਤੋਂ ਦੂਜੇ ਤੱਕ ਜਾਂ ਮੁੜ ਉਸੇ ਟਿਕਾਣੇ ਤਕ ਚੜ੍ਹ ਕੇ ਜਾਂਦਾ ਹੈ | ਹੁਣ ਇਹ ਨਿਰੋਲ ਧਾਰਮਿਕ ਰੂਪ ਵਿਚ ਹੈ | ਸ਼ਬਦ ਗਾਏ ਜਾਂਦੇ ਹਨ, ਸੰਗਤਾਂ ਪ੍ਰਸ਼ਾਦ ਭੇਟ ਕਰਦੀਆਂ ਅਤੇ ਟਿਕਾਣੇ ਅੱਪੜ ਕੇ ਭੋਗ ਪਾਇਆ ਜਾਂਦਾ ਹੈ | ਸ੍ਰੀ ਅੰਮਿ੍ਤਸਰ ਵਿਚ ਹੋਲੇ ਦੇ ਤਿਉਹਾਰ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਹੱਲਾ ਹੁਣ ਤੱਕ ਨਿਸ਼ਾਨਾਂ ਦੀ ਤਾਬਿਆ ਧੌਂਸਿਆਂ ਨਾਲ ਚੜ੍ਹਦਾ ਹੈ |
ਅਜੋਕੇ ਸਮੇਂ ਵੀ ਹੋਲੇ-ਮਹੱਲੇ ਦੇ ਉਤਸਵ 'ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਖ਼ਾਲਸਾਈ ਕਰਤਬ ਦਿਖਾਉਂਦੇ ਹਨ | ਸ਼ਸਤਰਾਂ ਦਾ ਅਭਿਆਸ, ਘੋੜ ਦੌੜ, ਗਤਕਾਬਾਜ਼ੀ, ਨੇਜਾਬਾਜ਼ੀ, ਤੀਰ ਅੰਦਾਜ਼ੀ ਅਤੇ ਚਾਂਦ ਮਾਰੀ (ਬੰਦੂਕ ਚਲਾਉਣ ਦਾ ਅਭਿਆਸ ਕਰਨ ਲਈ ਚੰਦਰਮਾ ਦੇ ਆਕਾਰ ਦੀ ਬੈਲ ਅੱਖ ਜਿਹੇ ਚਿੰਨ੍ਹ ਵਿਚ ਨਿਸ਼ਾਨਾ ਲਾਉਣ ਦੀ ਕਿਰਿਆ) ਦੇ ਕਰਤਬ ਇਸ ਤਿਉਹਾਰ ਦੇ ਅੰਗ ਹਨ | ਹੋਲੇ-ਮਹਲੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਨਿਹੰਗ-ਸਿੰਘ ਸਿੱਖ ਸੰਗਤਾਂ ਦੀ ਵਿਸ਼ੇਸ਼ ਖਿਚ ਦਾ ਕੇਂਦਰ ਹੁੰਦੇ ਹਨ |
ਹੋਲੇ-ਮਹੱਲੇ ਦਾ ਉਤਸਵ ਨਿਹੰਗ ਸਿੰਘਾਂ ਨਾਲ ਹੀ ਜੋਬਨ ਦਿਖਾਉਂਦਾ ਹੈ | ਦਰਅਸਲ ਨਿਹੰਗ ਸਿੰਘ ਹੀ ਇਸ ਉਤਸਵ ਦੇ ਨਾਇਕ ਹਨ | 'ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸੰਗ' ਦੇ ਬੋਲਾਂ ਤੋਂ ਨਿਹੰਗ ਸਿੰਘਾਂ ਦੇ ਸ਼ੁੱਧ ਚਰਿੱਤਰ ਦੇ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਹ ਜਾਇਦਾਦ ਦੇ ਕਬਜ਼ੇ ਦੇ ਅਸੂਲ (Law of Property) ਦੇ ਪਾਬੰਦ ਨਹੀਂ ਸਨ | ਇਨ੍ਹਾਂ ਅਨੁਸਾਰ ਸਭ ਕੁਝ ਵਾਹਿਗੁਰੂ ਦਾ ਹੈ ਅਤੇ ਮਲਕੀਅਤ ਦੇ ਦਾਅਵੇ ਨੂੰ ਮਨੁੱਖ ਦੀ ਭੁੱਲ ਮੰਨਦੇ ਸਨ | ਇਨ੍ਹਾਂ ਦੀ ਧਾਰਨਾ ਸੀ ਕਿ ਜਿਵੇਂ ਹਵਾ ਤੇ ਪਾਣੀ ਸਭ ਦਾ ਸਾਂਝਾ ਹੈ, ਉਸੇ ਤਰ੍ਹਾਂ ਜ਼ਮੀਨ ਅਤੇ ਇਸ ਦੀ ਉਤਪਤੀ ਸਭ ਦੀ ਸਾਂਝੀ ਹੈ | ਇਸ ਧਾਰਨਾ ਨੂੰ ਉਹ ਆਪਾ ਲੁਟਾਉਣ ਦੇ ਅਮਲ ਰਾਹੀਂ ਬੋਧ ਕਰਵਾਉਂਦੇ ਸਨ | ਸੰਪੂਰਨ ਖ਼ਾਲਸਾਈ ਬਾਣੇ ਵਿਚ ਸਜੇ ਨਿਹੰਗ ਸਿੰਘ ਜੰਗੀ ਜੌਹਰ ਦਿਖਾਉਂਦੇ ਸਮੁੱਚੀ ਸੰਗਤ ਲਈ ਚਾਨਣ ਮੁਨਾਰਾ ਬਣਦੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭੀ ਗਈ ਇਸ ਜੰਗਜੂ ਰੀਤੀ ਨੂੰ ਬਾਦਸਤੂਰ ਜਾਰੀ ਰੱਖ ਰਹੇ ਹਨ |
-ਮੋਬਾਈਲ : 94638-61316