ਇਹ ਬਹੁਤ ਹੀ ਵਿਲੱਖਣ ਵਰਤਾਰਾ ਹੈ ਕਿ ਭਾਰਤ ਦੀ ਧਰਤੀ ਨਿਵੇਕਲੇ ਤਿਉਹਾਰਾਂ ਤੇ ਮੇਲਿਆਂ ਨਾਲ ਵਰੋਸਾਈ ਹੋਈ ਹੈ। ਸਾਡੇ ਵਿਸ਼ਾਲ ਦੇਸ਼ ਵਿਚ ਹਰ ਦਿਨ ਹੀ ਕਿਤੇ ਨਾ ਕਿਤੇ ਕੋਈ ਤਿਉਹਾਰ ਜਾਂ ਮੇਲਾ, ਲੋਕ ਜੀਵਨ ਵਿਚ ਖੁਸ਼ੀਆਂ, ਮੇਲ ਮਿਲਾਪ ਤੇ ਭਾਈਚਾਰਕ ਸਾਂਝ ਦੇ ਸੂਹੇ ਗੁਲਾਬਾਂ ਦੀ ਮਹਿਕ ਬਿਖੇਰਦਾ ਨਜ਼ਰ ਆਉਂਦਾ ਹੈ। ਤਿਉਹਾਰਾਂ ਦੇ ਖੂਬਸੂਰਤ ਗੁਲਦਸਤੇ ਵਿਚ ਰੰਗਾਂ ਨਾਲ ਪਰੁੱਚੇ ਹੋਲੀ ਦੇ ਤਿਉਹਾਰ ਦਾ ਆਗਮਨ ਬਸੰਤ ਰੁੱਤੇ ਹੁੰਦਾ ਹੈ। ਇਹ ਤਿਉਹਾਰ ਸਾਰੇ ਦੇਸ਼ ਵਿਚ ਹੀ ਮਨਾਇਆ ਜਾਂਦਾ ਹੈ। ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਰਵਾਇਤੀ ਰੂਪ ਵਿਚ ਹੋਲੀ ਮਨਾਈ ਜਾਂਦੀ ਹੈ। ਪੰਜਾਬ ਵਿਚ ਹੋਲਾ-ਮੁਹੱਲਾ ਨਿਵੇਕਲੇ ਰੰਗਾਂ ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਉਣ ਦੀ ਚਿਰਾਂ-ਪੁਰਾਣੀ ਰਵਾਇਤ ਹੈ।
ਅਸਲ ਵਿਚ ਹੋਲੀ ਦਾ ਤਿਉਹਾਰ ਦਾ ਸੰਬੰਧ, ਉਸ ਸਮੇਂ ਦੇ ਸਮਾਜ ਵਿਚ ਪ੍ਰਚੱਲਿਤ ਵਰਨ-ਵੰਡ ਨਾਲ ਹੈ। ਉਸ ਸਮੇਂ ਦਾ ਸਮਾਜ ਬਹੁਤ ਹੀ ਬੁਰੀ ਤਰ੍ਹਾਂ ਵਰਨਾਂ ਵਿਚ ਵੰਡਿਆ ਹੋਇਆ ਸੀ। ਅਖਾਉਤੀ ਉੱਚ ਸ਼੍ਰੇਣੀਆਂ ਦੇ ਲੋਕ ਸਮਾਜ ਦੇ ਕੁਝ ਵਰਗਾਂ ਨਾਲ ਇਸ ਆਧਾਰ 'ਤੇ ਨਫਰਤ ਕਰਦੇ ਸਨ ਕਿ ਉਹ ਕਿਸੇ ਨੀਵੀਂ ਕਹੀ ਜਾਂਦੀ ਜਾਤ ਨਾਲ ਸੰਬੰਧਿਤ ਹਨ। ਸਮਾਜਿਕ ਜੀਵਨ ਵਿਚ ਸਭ ਤੋਂ ਹੇਠਲੀ ਸ਼੍ਰੇਣੀ ਦੇ ਸ਼ੂਦਰ ਕਹੇ ਜਾਣ ਵਾਲੇ ਲੋਕਾਂ ਨੂੰ ਅਜਿਹੇ ਕਈ ਦਰਦ ਸਹਿਣ ਲਈ ਮਜਬੂਰ ਹੋਣਾ ਪੈਂਦਾ ਸੀ ਇਹ ਸਥਿਤੀ ਇੰਨੀ ਬਦਤਰ ਹੋ ਚੁਕੀ ਸੀ ਕਿ ਤਿਉਹਾਰਾਂ ਨੂੰ ਵੀ ਵਰਣਾਂ ਅਨੁਸਾਰ ਵੰਡ ਦਿੱਤਾ ਗਿਆ ਸੀ। ਉਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਵਿਸਾਖੀ ਬ੍ਰਾਹਮਣਾਂ ਦੀ, ਦੁਸਹਿਰਾ ਕਸ਼ੱਤਰੀਆਂ ਦਾ, ਦੀਵਾਲੀ ਵੈਸ਼ਾਂ ਦੀ ਅਤੇ ਹੋਲੀ ਸ਼ੂਦਰਾਂ ਦੀ।
ਇਸ ਕਾਰਨ ਹੀ ਹੋਲੀ ਸਮੇਂ ਇਕ ਦੂਜੇ ਉੱਤੇ ਗੰਦ-ਮੰਦ ਸੁੱਟਣਾ ਪ੍ਰਚੱਲਿਤ ਸੀ। ਇਹ ਲੋਕ ਨਾ ਸਿਰ 'ਤੇ ਪਗੜੀ ਸਜਾ ਸਕਦੇ ਸਨ ਤੇ ਕੋਈ ਹਥਿਆਰ ਰੱਖਣਾ ਤਾਂ ਦੂਰ ਦੀ ਗੱਲ ਸੀ। ਇਸ ਤਰ੍ਹਾਂ ਭਾਰਤੀ ਲੋਕਾਂ ਅੰਦਰ ਜੂਝਣ ਤੇ ਆਪਣੀ ਇੱਜ਼ਤ-ਪੱਤ ਦੀ ਰਾਖੀ ਕਰਨ ਦੀ ਜੁਰੱਅਤ ਤੇ ਸ਼ਕਤੀ ਅਲੋਪ ਹੋ ਚੁੱਕੀ ਸੀ। ਸਾਹਸਤਹੀਣ ਹੋਈ ਭਾਰਤੀ ਕੌਮ ਵਿਚ ਨਵੀਂ ਸ਼ਕਤੀ ਤੇ ਜ਼ੁਲਮ-ਜਬਰ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਹੀ ਗੁਰੂੁ ਸਾਹਿਬਾਨ ਨੇ ਹੋਲੀ ਵਰਗੇ ਨਿਰਾਦਰ ਤੇ ਗਲਾਜ਼ਤ ਭਰੇ ਤਿਉਹਾਰ ਦੀ ਥਾਂ ਗ਼ੈਰਤਹੀਣ ਹੋ ਚੁੱਕੇ ਲੋਕਾਂ ਵਿਚ ਨਵਾਂ ਜੋਸ਼ ਤੇ ਅਣਖ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਹੋਲਾ ਮਹੱਲਾ ਮਨਾਉਣਾ ਅਰੰਭ ਕੀਤਾ।
ਅਸਲ ਵਿਚ ਹੋਲੀ ਦਾ ਤਿਉਹਾਰ ਧਾਰਮਿਕ ਤੇ ਪੌਰਾਣਿਕ ਮਹੱਤਵ ਨਾਲ ਰੰਗਿਆ ਹੋਇਆ ਤਿਉਹਾਰ ਹੈ। ਇਸ ਦਾ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇਸ ਤਿਉਹਾਰ ਦੇ ਨਾਲ ਹੀ ਬਦਲਦੇ ਮੌਸਮ ਦੀ ਆਹਟ ਵੀ ਆਣ ਦਸਤਕ ਦਿੰਦੀ ਹੈ। ਬਸੰਤ ਰੁੱਤ ਦੇ ਸ਼ੁਰੂ ਹੋਣ ਨਾਲ ਹੀ ਮੌਸਮੀ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਖ਼ਤ ਸਰਦੀ ਤੋਂ ਰਾਹਤ ਮਿਲਦੀ ਹੈ ਤੇ ਮੌਸਮ ਖੁਸ਼ਗਵਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਮੌਸਮ ਦੇ ਬਦਲਣ ਨਾਲ ਜਿਵੇਂ ਸਾਰੀ ਕਾਇਨਾਤ ਹੀ ਖਿੜ ਉੱਠਦੀ ਹੈ। ਖੇਤਾਂ ਵਿਚ ਝੂਮਦੀ ਸਰ੍ਹੋਂ ਦੀ ਫਸਲ, ਕਿਸੇ ਭਰ-ਜੋਬਨ 'ਤੇ ਆਈ ਮੁਟਿਆਰ ਵਾਂਗ ਪੀਲੇ ਵਸਤਰ ਪਹਿਨ ਕੇ, ਦੂਰ-ਦੂਰ ਤੱਕ ਆਪਣੇ ਸੁਹੱਪਣ ਨਾਲ ਵਾਤਾਵਰਨ ਨੂੰ ਆਕਰਸ਼ਕ ਬਣਾ ਦਿੰਦੀ ਹੈ। ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਵੀ ਨਿੱਸਰ ਉੱਠਦੀ ਹੈ। ਖੇਤ ਦੇ ਬੰਨੇ 'ਤੇ ਖੜ੍ਹਾ ਕਿਸਾਨ, ਕਣਕ ਦੇ ਝੂਮਦੇ ਸਿੱਟਿਆਂ ਨੂੰ ਦੇਖ ਕੇ ਖੁਸ਼ੀ ਨਾਲ ਖਿੜ ਉੱਠਦਾ ਹੈ। ਲੋਕਾਈ ਨੂੰ ਭਾਰੇ ਗਰਮ ਕੱਪੜਿਆਂ ਤੋਂ ਰਾਹਤ ਮਿਲਦੀ ਹੈ ਤੇ ਕੁਝ ਸਮੇਂ ਲਈ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ।
ਰੰਗਾਂ ਦਾ ਤਿਉਹਾਰ ਹੋਲੀ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਭਾਵੇਂ ਅਸੀਂ ਤਿਉਹਾਰਾਂ ਨੂੰ ਵੀ ਧਰਮਾਂ ਦੀ ਵਲਗਣ ਵਿਚ ਕੈਦ ਕਰ ਦਿੱਤਾ ਹੈ। ਪਰ ਹਕੀਕਤ ਇਹ ਹੈ ਕਿ ਵੱਡੀ ਗਿਣਤੀ ਵਿਚ ਦੇਸ਼ ਵਾਸੀ ਹੋਲੀ ਦੇ ਤਿਉਹਾਰ ਨੂੰ ਬਿਨਾਂ ਕਿਸੇ ਧਾਰਮਿਕ ਵਿਤਕਰੇ ਦੇ ਸਾਂਝੇ ਰੂਪ ਵਿਚ ਮਨਾਉਂਦੇ ਆ ਰਹੇ ਹਨ। ਇਸ ਤਿਉਹਾਰ ਦੇ ਮਨਾਉਣ ਪਿੱਛੇ ਸਦੀਆਂ ਤੋਂ ਇਕ ਮਿਥਿਹਾਸਕ ਕਥਾ ਪ੍ਰਚੱਲਿਤ ਹੈ। ਹੋਲਿਕਾ, ਹਰਨਾਖਸ਼ ਦੀ ਭੈਣ ਤੇ ਪ੍ਰਹਿਲਾਦ ਦੀ ਭੂਆ ਸੀ। ਕਿਹਾ ਜਾਂਦਾ ਹੈ ਕਿ ਹੋਲਿਕਾ ਨੂੰ ਇਹ ਵਰ ਪ੍ਰਾਪਤ ਸੀ ਕਿ ਅੱਗ ਉਸ ਨੂੰ ਸਾੜ ਨਹੀਂ ਸਕਦੀ । ਜਦੋਂ ਹਰਨਾਖਸ਼ ਨੇ ਪ੍ਰਹਿਲਾਦ ਨੂੰ ਸਾੜ ਕੇ ਮਾਰਨ ਦੀ ਯੋਜਨਾ ਬਣਾਈ, ਤਾਂ ਇਸ ਕਾਰਜ ਲਈ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦੀ ਵਿਚ ਲੈ ਕੇ ਅੱਗ ਵਿਚ ਬੈਠ ਜਾਵੇ। ਜਦੋਂ ਅੱਗ ਲਾਈ ਗਈ ਤਾਂ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ ਤੇ ਹੋਲਿਕਾ ਸੜ ਕੇ ਸੁਆਹ ਹੋ ਗਈ। ਅਸਲ ਵਿਚ ਹੋਲਿਕਾ ਦੇ ਸੜਨ ਦੀ ਖੁਸ਼ੀ ਵਿਚ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਅਸਲ ਵਿਚ ਲੋਕ-ਮਨਾਂ ਵਿਚ ਇਹ ਗੱਲ ਵਸੀ ਹੋਈ ਹੈ ਕਿ ਜਿਹੜਾ ਵੀ ਕਿਸੇ ਦੂਜੇ ਲਈ ਬੁਰਾ ਕਰਦਾ ਹੈ, ਉਸ ਨੂੰ ਆਪ ਵੀ ਉਹੀ ਕਸ਼ਟ ਸਹਿਣਾ ਪੈਂਦਾ ਹੈ। ਇਹ ਨੇਕੀ ਤੇ ਬਦੀ ਦੀਆਂ ਤਾਕਤਾਂ ਦੀ ਆਪਸੀ ਖਹਿਬਾਜ਼ੀ ਵਿਚ, ਬਦੀ ਉੱਤੇ ਨੇਕੀ ਦੀ ਜਿੱਤ ਦਾ ਵੀ ਪ੍ਰਤੀਕ ਹੈ। ਮਹਾਂਕਵੀ ਕਾਲੀਦਾਸ ਨੇ ਵੀ ਆਪਣੀ ਰਚਨਾ ਵਿਚ ਹੋਲੀ ਦੇ ਤਿਉਹਾਰ ਨੂੰ ਰਿਤੂ-ਉਤਸਵ ਦੇ ਰੂਪ ਵਿਚ ਪੇਸ਼ ਕੀਤਾ ਹੈ। ਅੱਜ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹੋਲੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਬ੍ਰਿਜ ਦੀ ਹੋਲੀ ਸਭ ਤੋਂ ਮਸ਼ਹੂਰ ਹੈ, ਤੇ ਇਹ ਅਜੇ ਵੀ ਪ੍ਰੰਪਰਾਗਤ ਰੂਪ ਵਿਚ ਮਨਾਏ ਜਾਣ ਦਾ ਰਿਵਾਜ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਜੀ ਗੋਪੀਆਂ ਦੇ ਸੰਗ ਹੋਲੀ ਖੇਡਦੇ ਸਨ। ਦੇਸ਼ ਦੇ ਬਹੁਤੇ ਵਿਚ ਲੋਕ ਇਕ ਦੂਜੇ 'ਤੇ ਰੰਗ ਬਿਖੇਰ ਕੇ ਇਹ ਤਿਉਹਾਰ ਮਨਾਉਂਦੇ ਹਨ। ਨਕਲੀ ਰੰਗ ਤੇ ਪਿਚਕਾਰੀਆਂ ਨਾਲ ਇਕ ਦੂਜੇ 'ਤੇ ਰੰਗ ਪਾਉਣ ਨਾਲ ਕਈ ਵਾਰ ਅੱਖਾਂ ਵਿਚ ਰੰਗ ਪੈ ਜਾਣ ਨਾਲ ਹਾਦਸੇ ਵੀ ਵਾਪਰਦੇ ਹਨ। ਦੇਸ਼ ਦੇ ਕਈ ਭਾਗਾਂ ਵਿਚ ਤਾਂ ਕਈ-ਕਈ ਦਿਨਾਂ ਤੱਕ ਇਹ ਤਿਉਹਾਰ ਮਨਾਇਆ ਜਾਂਦਾ ਹੈ। ਕਈ ਥਾਵਾਂ 'ਤੇ ਤਾਂ ਹੁੜਦੰਗ ਮਚਾਉਂਦੀਆਂ ਬੇਕਾਬੂ ਭੀੜਾਂ ਰੰਗ ਵਿਚ ਭੰਗ ਪਾ ਕੇ ਤਿਉਹਾਰ ਦੇ ਅਸਲ ਮਹੱਤਵ ਨੂੰ ਭੁੱਲ ਜਾਂਦੀਆਂ ਹਨ।
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਤੇ ਵਿਲੱਖਣ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੈ। ਹਰ ਸਾਲ ਹੀ ਹੋਲੇ ਮੁਹੱਲੇ ਦਾ ਪੁਰਬ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਪਾਰ ਸ਼ਰਧਾ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਉਣ ਦੀ ਪ੍ਰੰਪਰਾ ਵਰ੍ਹਿਆਂ ਤੋਂ ਬਾਦਸਤੂਰ ਜਾਰੀ ਹੈ। ਭਾਵੇਂ ਹੋਰ ਸਥਾਨਾਂ ਉੱਤੇ ਵੀ ਇਸ ਪੁਰਬ ਦੀਆਂ ਰੌਣਕਾਂ ਹੁੰਦੀਆਂ ਹਨ, ਪਰ ਇਹ ਮੁੱਖ ਰੂਪ ਵਿਚ ਜੋੜ-ਮੇਲੇ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੀ ਮਨਾਇਆ ਜਾਂਦਾ ਹੈ। ਸਿੱਖ ਕੌਮ ਦੇ ਇਸ ਨਿਰਾਲੇ ਪੁਰਬ ਨੂੰ ਦੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਾ ਸੈਲਾਬ ਆ ਜੁੜਦਾ ਹੈ। ਇਸ ਨਿਵੇਕਲੇ ਤਿਉਹਾਰ ਦੇ ਅਲੌਕਿਕ ਨਜ਼ਾਰਿਆਂ ਦਾ ਅਨੰਦ ਮਾਣਨ ਲਈ ਵਿਦੇਸ਼ੀ ਸੈਲਾਨੀ ਵੀ ਹਰ ਸਾਲ ਵੱਡੀ ਗਿਣਤੀ ਵਿਚ ਹਾਜ਼ਰ ਹੁੰਦੇ ਹਨ। ਹੋਲੇ ਮਹੱਲੇ 'ਤੇ ਗੁਰੂੁ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਦਲਾਂ ਦੀ ਰਵਾਇਤੀ ਚੜ੍ਹਤ ਵੀ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀ ਹੈ। ਨਿਹੰਗ ਸਿੰਘਾਂ ਦੇ ਜਲੌਅ ਦੀ ਆਭਾ ਹੋਲੇ ਮਹੱਲੇ ਨੂੰ ਰਵਾਇਤੀ ਖ਼ਾਲਸਾਈ ਰੰਗਤ ਬਖਸ਼ਦੀ ਹੈ। ਉੱਚੇ ਦੁਮਾਲੇ ਸਜਾਈ, ਰਵਾਇਤੀ ਸ਼ਸਤਰਾਂ ਵਿਚ ਸਜੇ ਇਹ ਗੁਰੂ ਦੇ ਖ਼ਾਲਸੇ, ਨਗਾਰੇ ਵਜਾਉਂਦੇ ਪੈਦਲ ਅਤੇ ਘੋੜਿਆਂ 'ਤੇ ਸਵਾਰ ਹੋ ਹਰ ਇਕ ਦਾ ਧਿਆਨ ਖਿਚਦੇ ਹਨ ਤੇ ਮੇਲੇ ਵਿਚ ਨਿਵੇਕਲਾ ਰੰਗ ਭਰਦੇ ਹਨ।
ਅਜੇ ਵੀ ਜਾਤ-ਪਾਤ ਦੇ ਅਖਾਉਤੀ ਦਾਅਵੇਦਾਰ ਆਪਣੀ ਹਉਮੈ ਦਾ ਪ੍ਰਗਟਾਵਾ ਕਰਕੇ, ਗੁਰੂ ਸਾਹਿਬਾਨ ਵਲੋਂ ਦਿੱਤੇ ਆਦਰਸ਼ਾਂ ਨੂੰ ਰੋਲ ਰਹੇ ਹਨ। ਬਹੁਤ ਦੁਖਦਾਈ ਵਰਤਾਰਾ ਹੈ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗੁਲਾਮ ਹੁੰਦੀ ਜਾ ਰਹੀ ਹੈ, ਪਰ ਸਿਆਸੀ ਨੇਤਾ ਇਸ ਮਸਲੇ ਦੇ ਹੱਲ ਲਈ ਵੀ ਗੰਭੀਰ ਨਹੀਂ ਹਨ। ਅੱਜ ਪੰਜਾਬ ਕਿਸੇ ਅੰਨ੍ਹੀ ਗਲੀ ਵੱਲ ਵਧਦਾ ਜਾ ਰਿਹਾ ਹੈ, ਤੇ ਹਰ ਪੱਖ ਤੋਂ ਹੀ ਨਿਘਾਰ ਦਾ ਬੋਲਬਾਲਾ ਹੈ। ਸਚਾਈ ਦੇ ਰਾਹ 'ਤੇ ਤੁਰਨ ਵਾਲਿਆਂ ਨੂੰ ਇਨਸਾਫ ਦੀ ਖਾਤਰ ਜੂਝਣ ਵਾਲਿਆਂ ਨੂੰ ਅੱਜ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਗੁਰੂ ਸਾਹਿਬਾਨ ਨੇ ਅਣਖ ਤੇ ਗੈਰਤ ਨਾਲ ਜੀਵਨ ਜਿਊਣ ਤੇ ਦੂਜਿਆਂ ਨੂੰ ਜਿਊਣ ਦੇਣ ਦੇ ਆਦਰਸ਼ਾਂ ਦੀ ਸਥਾਪਨਾ ਕੀਤੀ ਸੀ ।
ਤਿਉਹਾਰ ਮੁਹੱਬਤ ਤੇ ਸਾਂਝੀਵਾਲਤਾ ਦਾ ਭਰਵਾਂ ਪ੍ਰਗਟਾਵਾ ਹੁੰਦੇ ਹਨ। ਇਨ੍ਹਾਂ ਤੋਂ ਅਸਲੀ ਖੁਸ਼ੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਜੇਕਰ ਸਮਾਜ ਵਿਚ ਭਾਈਚਾਰਕ ਸਾਂਝਾਂ ਹੋਰ ਪੀਡੀਆਂ ਹੋਣ। ਹੋਲੀ ਰੰਗਾਂ ਦਾ ਤਿਉਹਾਰ ਹੈ ਤੇ ਰੰਗ ਮਨੁੱਖੀ ਮਨ ਨੂੰ ਅਚੰਭਿਤ ਕਰਦੇ ਹਨ। ਪਰ ਜੇ ਮੁਹੱਬਤ ਦੇ ਰੰਗਾਂ ਨੂੰ ਹੋਰ ਗੂੜ੍ਹੇ ਕਰਨ ਦੇ ਰਾਹ ਤੁਰ ਪਈਏ ਤਾਂ ਨਕਲੀ ਰੰਗਾਂ ਦੀ ਲੋੜ ਹੀ ਨਹੀਂ ਰਹਿਣੀ। ਹੋਲੀ/ ਹੋਲੇ-ਮਹੱਲੇ ਦੀ ਸਾਰਥਿਕਤਾ ਇਸ ਵਿਚ ਹੀ ਹੈ।
-ਮੋਬਾਈਲ : 9815356086