ਹੋਲਾ ਮਹੱਲਾ ਪੰਜਾਬ ਦਾ ਵਿਰਾਸਤੀ ਤਿਉਹਾਰ ਹੈ | ਖ਼ਾਲਸਾ ਪੰਥ ਦੀ ਸਾਜਨਾ ਦੇ ਸੰਕਲਪ ਨੂੰ ਆਪਣੇ ਜ਼ਿਹਨ ਵਿਚ ਲੈ ਕੇ ਸਮੇਂ ਦੀ ਵੰਗਾਰ ਅਨੁਸਾਰ ਸਾਹਿਤ ਸਿਰਜਣਾ ਤੇ ਕਲਾਤਮਿਕ ਰੁਚੀਆਂ ਦੀ ਪੂਰਤੀ ਲਈ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਵਾਨੀ ਦੇ ਲਗਭਗ ਸਾਢੇ ਚਾਰ ਵਰ੍ਹੇ ਨਾਹਨ ਰਿਆਸਤ ਵਿਚ ਯਮੁਨਾ ਦਰਿਆ ਦੇ ਕਿਨਾਰੇ ਸਥਿਤ ਪਾਉਂਟਾ ਸਾਹਿਬ ਦੀ ਪਾਵਨ ਧਰਤੀ 'ਤੇ ਬਿਤਾਏ | ਗੁਰੂ ਸਾਹਿਬ ਨੇ ਇਸ ਪਵਿੱਤਰ ਧਰਤੀ ਨੂੰ ਆਪਣੇ ਲਾਡਲੇ 52 ਕਵੀਆਂ ਤੇ ਸਾਹਿਤਕ ਰੁਚੀਆਂ ਨੂੰ ਲੈ ਕੇ ਅਦਬੀ ਮਹਿਫਲਾਂ ਨਾਲ ਸ਼ਿੰਗਾਰਿਆ | ਕਲਮ ਦੇ ਧਨੀ ਅਤੇ ਅਨੇਕਾਂ ਭਾਸ਼ਾਵਾਂ ਦੇ ਵਿਦਵਾਨ ਕਲਗੀਧਰ ਪਾਤਿਸ਼ਾਹ ਨੇ ਇਸੇ ਅਸਥਾਨ 'ਤੇ ਚੰਦਨ ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਉਸ ਨੂੰ 65000 ਮੋਹਰਾਂ ਦੇ ਕੇ ਸਨਮਾਨਿਤ ਕੀਤਾ | ਯਮੁਨਾ ਦੇ ਕਲਕਲ ਵਹਿੰਦੇ ਪਾਣੀ ਨਾਲ ਕਲੋਲਾਂ ਕਰਦਿਆਂ ਕੁਦਰਤ ਦੀ ਸੁਹਾਵਣੀ ਗੋਦ ਵਿਚ ਬਿਰਾਜਮਾਨ ਹੋ ਕੇ ਸ੍ਰੀ ਦਸਮ ਗ੍ਰੰਥ ਦੀਆਂ ਅਨੇਕਾਂ ਬਾਣੀਆਂ ਦੀ ਰਚਨਾ ਕੀਤੀ | ਇਸੇ ਪਾਉਂਟਾ ਸਾਹਿਬ ਦੀ ਪਵਿੱਤਰ ਭੂਮੀ 'ਤੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਦੇ ਨਾਲ ਕਾਦਰ ਦੀ ਕੁਦਰਤ ਦੇ ਸੁੰਦਰ ਨਜ਼ਾਰਿਆਂ ਤੋਂ ਬਲਿਹਾਰ ਜਾਂਦਿਆਂ ਅਕਾਲ ਪੁਰਖ ਵਾਹਿਗੁਰੂ ਦੀਆਂ ਗੁੱਝੀਆਂ ਰਮਜ਼ਾਂ ਨੂੰ ਭਾਂਪਦਿਆਂ ਇਕ ਯੋਗ ਕਲਾ ਪਾਰਖੂ ਦੀ ਤਰ੍ਹਾਂ ਆਪਣੇ ਸਿੰਘਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਅਤੇ ਚੰਗੇਰੀਆਂ ਸਾਹਿਤਕ ਰਚਨਾਵਾਂ ਤੇ ਮੁਕਾਬਲਿਆਂ ਵਿਚ ਇਨਾਮ ਦਿੱਤੇ ਜਾਣ ਲੱਗੇ | ਦੇਸ਼ ਦੇ ਕੋਨੇ-ਕੋਨੇ ਤੋਂ ਸਾਹਿਤਕਾਰ ਵਿਸ਼ੇਸ਼ ਕਰਕੇ ਕਵੀ ਆਪਣੀਆਂ ਆਤਮ-ਰਸ ਭਰਪੂਰ ਕਵਿਤਾਵਾਂ, ਜਿਨ੍ਹਾਂ ਵਿਚ ਪ੍ਰੇਮ ਰਸ, ਬੀਰ ਰਸ ਤੇ ਹਾਸ ਰਸ ਸੁਣਾਉਣ ਲਈ ਪਹੁੰਚਦੇ ਸਨ | ਇਸੇ ਅਸਥਾਨ 'ਤੇ ਪੀਰ ਬੁੱਧੂ ਸ਼ਾਹ ਸਢੌਰੇ ਤੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਸੀ | ਭੰਗਾਣੀ ਦੇ ਯੁੱਧ ਤੋਂ ਪਿੱਛੋਂ ਆਪਣੇ ਪੁੱਤਰਾਂ ਤੇ ਮੁਰੀਦਾਂ ਦੀ ਸ਼ਹਾਦਤ ਤੋਂ ਪਿੱਛੋਂ, ਬਖਸ਼ਿਸ਼ ਵਜੋਂ ਛੋਟੀ ਦਸਤਾਰ ਤੇ ਕੇਸਾਂ ਸਮੇਤ ਕੰਘਾ ਪ੍ਰਾਪਤ ਕਰਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ | ਇਸੇ ਪਵਿੱਤਰ ਅਸਥਾਨ 'ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਵੀ ਹੋਇਆ ਸੀ | ਇਥੇ ਹੀ ਕਾਲਪੀ ਰਿਸ਼ੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਗੋਦ ਵਿਚ ਆਖਰੀ ਸੁਆਸ ਲਏ ਸਨ |
ਅਸਲ ਵਿਚ ਸਰਬੰਸਦਾਨੀ ਪਿਤਾ, ਨੀਲੇ ਦੇ ਸ਼ਾਹ ਸਵਾਰ, ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਅਤੇ ਇਤਿਹਾਸਕ ਤਿਉਹਾਰਾਂ ਨੂੰ ਮਨਾਉਣ ਲਈ ਇਕ ਨਿਵੇਕਲੀ ਵਿਚਾਰਧਾਰਾ ਦੀ ਆਰੰਭਤਾ ਹੋਲੇ-ਮਹੱਲੇ ਦੇ ਪਵਿੱਤਰ ਸਮੇਂ ਹੀ ਕੀਤੀ | ਮਨੁੱਖੀ ਸਮਾਜ ਦੇ ਦੋਵੇਂ ਅੰਗਾਂ ਇਸਤਰੀ ਅਤੇ ਪੁਰਸ਼ ਲਈ ਗ੍ਰਹਿਸਤੀ ਹੋਣਾ, ਪਰਉਪਕਾਰ, ਸੇਵਾ ਦੇ ਧਾਰਨੀ ਹੋਣ ਦੇ ਨਾਲ-ਨਾਲ ਹਰ ਸਮੇਂ ਗ਼ਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਾ ਸਮਰਪਿਤ ਕਰਨ ਲਈ ਆਪਣੇ ਸਿੱਖਾਂ ਨੂੰ ਪਾਬੰਦ ਕੀਤਾ | ਅਜਿਹੇ ਫ਼ਰਜ਼ਾਂ ਦੀ ਪੂਰਤੀ ਲਈ ਮਨੁੱਖ ਦਾ ਸਿਹਤਮੰਦ ਤੇ ਬਲਵਾਨ ਹੋਣਾ ਵੀ ਬਹੁਤ ਜ਼ਰੂਰੀ ਹੈ | ਹੋਲੇ-ਮਹੱਲੇ ਦੇ ਪਵਿੱਤਰ ਤਿਉਹਾਰ ਸਮੇਂ ਆਪਣੇ ਸਿੰਘਾਂ ਲਈ ਅਭਿਆਸ ਵਜੋਂ ਖ਼ਾਲਸਾ ਫ਼ੌਜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਰਣਤੱਤੇ ਅੰਦਰ ਅਸਲੀ ਦਾਅ-ਪੇਚਾਂ, ਚਾਲਾਂ, ਹਰਕਤਾਂ ਨੂੰ ਧਿਆਨ ਗੋਚਰੇ ਕਰਕੇ ਅਭਿਆਸ ਕਰਵਾਉਂਦੇ | ਹਰ ਜਥੇ ਨੂੰ ਵੱਖ-ਵੱਖ ਰੰਗਾਂ ਦੀਆਂ ਜੰਗੀ ਵਰਦੀਆਂ ਪਹਿਨਾਈਆਂ ਜਾਂਦੀਆਂ | ਅਜਿਹੇ ਮੌਕੇ 'ਤੇ ਘੋੜਿਆਂ, ਹਾਥੀਆਂ ਦੀ ਵਰਤੋਂ ਵੀ ਕੀਤੀ ਜਾਂਦੀ | ਨਗਾਰੇ ਵੱਜਦੇ, ਹਥਿਆਰਾਂ ਦੇ ਟਕਰਾਅ ਹੁੰਦੇ, ਜੈਕਾਰੇ ਗੰੂਜਦੇ | ਦਸਮ ਪਾਤਿਸ਼ਾਹ ਆਪ ਯੋਧਿਆਂ ਨੂੰ ਹੱਲਾ-ਸ਼ੇਰੀ ਦਿੰਦੇ | ਅੰਤ ਵਿਚ ਫ਼ਤਹਿ ਦੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ | ਸਮਾਜ ਨੂੰ ਨਵੀਂ ਸੇਧ ਦੇ ਕੇ, ਪਸ਼ੂ ਬਿਰਤੀ ਤੋਂ ਆਜ਼ਾਦ ਕਰਵਾਇਆ | ਭਾਰਤੀ ਤਿਉਹਾਰ ਹੋਲੀ ਨੂੰ ਹੋਲੇ ਮਹੱਲੇ ਦਾ ਰੂਪ ਦੇ ਕੇ ਮਨੁੱਖਤਾ ਨੂੰ ਮਰਦਾਨਗੀ ਤੇ ਆਤਮਿਕ ਸ਼ੁੱਧਤਾ ਦੇ ਮੰਡਲਾਂ ਦਾ ਵਾਸੀ ਬਣਾਇਆ |
ਅੱਜ ਤੇਜ਼ੀ ਨਾਲ ਮਸ਼ੀਨੀਕਰਨ ਅਤੇ ਸਨਅਤੀਕਰਨ ਵੱਲ ਵਧ ਰਹੇ ਕੰਪਿਊਟਰ ਯੁੱਗ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਤਰ੍ਹਾਂ ਸ੍ਰੀ ਪਾਉਂਟਾ ਸਾਹਿਬ ਵਿਖੇ ਵੀ ਹੋਲੇ-ਮਹੱਲੇ ਦੀ ਰੌਣਕ ਵੀ ਵੇਖਣਯੋਗ ਹੁੰਦੀ ਹੈ | ਪਾਉਂਟਾ ਸਾਹਿਬ ਦੀ ਧਰਤੀ ਹਿਮਾਚਲ, ਹਰਿਆਣਾ, ਪੰਜਾਬ, ਦਿੱਲੀ, ਉੱਤਰਾਂਚਲ ਖ਼ਾਸ ਕਰਕੇ ਦੂਨ ਅਤੇ ਤਰਾਈ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਲਈ ਵਿਸ਼ੇਸ਼ ਖਿੱਚ ਰੱਖਦੀ ਹੈ | ਲੱਖਾਂ ਸਿੱਖ ਸੰਗਤਾਂ ਇਸ ਪਾਵਨ ਧਰਤੀ ਨੂੰ ਨਤਮਸਤਕ ਹੁੰਦੀਆਂ ਹਨ | ਇਹ ਪਾਉਂਟਾ ਸਾਹਿਬ ਦਾ ਇਤਿਹਾਸਕ ਗੁਰੂ ਘਰ ਪਹਾੜੀ 'ਤੇ ਪੰਜਾਬੀ ਸੱਭਿਆਚਾਰ ਦਾ ਸੁੰਦਰ ਸੁਮੇਲ ਬਣ ਜਾਂਦਾ ਹੈ, ਇਹ ਮੇਲਾ ਚਾਰ ਦਿਨ ਚਲਦਾ ਹੈ | ਇਨ੍ਹਾਂ ਦੀਵਾਨਾਂ ਵਿਚ ਕਵੀ ਦਰਬਾਰ, ਕਥਾ-ਕੀਰਤਨ ਦਰਬਾਰਾਂ ਵਿਚ ਗੁਰੂ ਘਰ ਦੇ ਕੀਰਤਨੀਆਂ, ਕਥਾਕਾਰਾਂ, ਕਵੀਆਂ, ਢਾਡੀਆਂ, ਕਵੀਸ਼ਰਾਂ ਨੂੰ ਲੱਖਾਂ ਸਿੱਖ ਸੰਗਤਾਂ ਸ਼ਰਧਾ ਦੀ ਮੂਰਤੀ ਬਣ ਕੇ ਸਰਵਣ ਕਰਦੀਆਂ ਹਨ | ਮੇਲੇ ਦੇ ਆਖਰੀ ਦਿਨ ਹਿਮਾਚਲ ਦੇ ਲੋਕ ਆਪਣੇ ਰਵਾਇਤੀ ਪਹਿਰਾਵੇ ਵਿਚ ਗੁਰੂ ਸਾਹਿਬ ਨੂੰ ਪ੍ਰਣਾਮ ਕਰਨ ਪੁੱਜਦੇ ਹਨ | ਮੇਲੇ ਨੂੰ ਜਾਣ ਵਾਲੇ ਸਾਰੇ ਰਸਤੇ ਸੰਗਤਾਂ ਦੇ ਕਾਫਲਿਆਂ ਨਾਲ ਭਰੇ ਨਜ਼ਰ ਆਉਂਦੇ ਹਨ |
ਯਮੁਨਾ ਦਰਿਆ ਕਿਨਾਰੇ ਬਣੀ ਗੁਰਦੁਆਰਾ ਪਾਉਂਟਾ ਸਾਹਿਬ ਦੀ ਆਲੀਸ਼ਾਨ ਸੰਗਮਰਮਰੀ ਇਮਾਰਤ ਸਿੱਖ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ | ਗੁਰਦੁਆਰਾ ਕੰਪਲੈਕਸ ਵਿਚ ਗੁਰਦੁਆਰਾ ਦਸਤਾਰ ਅਸਥਾਨ, ਗੁਰਦੁਆਰਾ ਕਵੀ ਦਰਬਾਰ, ਗੁਰਦੁਆਰਾ ਕਾਲਪੀ ਰਿਸ਼ੀ ਵੀ ਸੁਸ਼ੋਭਿਤ ਹਨ | ਸਾਹਿਤਕਾਰਾਂ ਤੇ ਖੋਜੀਆਂ ਲਈ ਇਕ ਵੱਖਰੀ ਇਮਾਰਤ 'ਵਿਦਿਆਸਰ' ਹੈ, ਜਿਸ ਵਿਚ ਲਾਇਬ੍ਰੇਰੀ ਅਤੇ ਸਿੱਖ ਅਜਾਇਬਘਰ ਬਣੇ ਹੋਏ ਹਨ | ਇਸ ਅਸਥਾਨ ਉੱਪਰ 22 ਮਈ, 1964 ਨੂੰ ਇਕ ਵੱਡਾ ਸ਼ਹੀਦੀ ਖ਼ੂਨੀ ਸਾਕਾ ਵੀ ਵਾਪਰਿਆ | ਗੁਰਦੁਆਰਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਆਜ਼ਾਦ ਕਰਵਾਉਣ ਸਮੇਂ ਗਿਆਰਾਂ ਸਿੰਘਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ |
ਇਸ ਅਸਥਾਨ ਦਾ ਪ੍ਰਬੰਧ ਹਾਈ ਕੋਰਟ ਵਲੋਂ ਬਣਾਈ ਪ੍ਰਬੰਧਕ ਕਮੇਟੀ ਕਰਦੀ ਹੈ | ਜਿਸ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਹੁੰਦਾ ਹੈ | ਸਾਰਾ ਸਾਲ ਇਸ ਅਸਥਾਨ ਦੀ ਯਾਤਰਾ ਲਈ ਵੱਡੀ ਗਿਣਤੀ ਵਿਚ ਸੰਗਤ ਪੁੱਜਦੀ ਹੈ | ਹੋਲੇ ਮਹੱਲੇ ਦੀ ਰੌਣਕ ਆਪਣੀ ਮਿਸਾਲ ਆਪ ਹੀ ਹੁੰਦੀ ਹੈ | ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਮੇਂ ਹਰ ਰੋਜ਼ ਸੰਗਤ ਇਥੇ ਪੜਾਅ ਕਰਦੀ ਹੈ | ਚੰਡੀਗੜ੍ਹ ਤੋਂ 120 ਕਿੱਲੋਮੀਟਰ ਦੂਰ ਵਸਿਆ ਇਹ ਇਤਿਹਾਸਕ ਅਸਥਾਨ ਨਾਹਨ (ਹਿਮਾਚਲ), ਯਮੁਨਾ ਨਗਰ (ਹਰਿਆਣਾ), ਦੇਹਰਾਦੂਨ (ਉੱਤਰਾਖੰਡ) ਤੋਂ ਸਿੱਧੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ | ਹੋਲੇ ਮਹੱਲੇ ਦਾ ਇਹ ਜੋੜ ਮੇਲਾ ਆਤਮਿਕ ਅਨੰਦ ਵਾਲੇ ਰੰਗੀਨ ਸੁਪਨੇ ਛੱਡ ਜਾਂਦਾ ਹੈ |
-ਮੋਬਾਈਲ : 98143-24040
bhagwansinghjohal@gmail.com