ਹਰ ਸਾਲ ਭਾਰਤ ਵਿਚ ਮਨਾਏ ਜਾਂਦੇ ਤਿਉਹਾਰਾਂ ਵਿਚੋਂ ਹੋਲੀ ਦਾ ਤਿਉਹਾਰ ਵੀ ਇਕ ਪ੍ਰਮੁੱਖ ਤਿਉਹਾਰ ਹੈ | ਇਹ ਸ਼ਾਨਦਾਰ ਸਮਾਜਿਕ ਤਿਉਹਾਰ ਮਾਰਚ (ਦੇਸੀ ਫੱਗਣ ਜਾਂ ਚੇਤ) ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ | ਇਸ ਤਿਉਹਾਰ ਵਿਚ ਧਾਰਮਿਕ ਸਰਗਰਮੀਆਂ ਸਭ ਤੋਂ ਘੱਟ ਅਤੇ ਮੌਜ-ਮਸਤੀ ਸਭ ਤੋਂ ਵੱਧ ਹੁੰਦੀ ਹੈ | ਇਹ ਤਿਉਹਾਰ ਬਸੰਤ ਰੁੱਤ ਦਾ ਪ੍ਰਤੀਕ ਹੈ | ਇਹ ਤਿਉਹਾਰ ਰੰਗਾਂ ਦੇ ਨਾਲ ਪੂਰੇ ਦੇਸ਼ ਵਿਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਸਾਲ ਇਹ ਤਿਉਹਾਰ 14 ਮਾਰਚ ਨੂੰ ਮਨਾਇਆ ਜਾਣਾ ਹੈ |
ਹੋਲੀ ਦਾ ਇਤਿਹਾਸ
ਹੋਲੀ ਦਾ ਇਤਿਹਾਸ ਪ੍ਰਾਚੀਨ ਹੈ | ਇਸ ਨਾਲ ਜੁੜੀਆਂ ਸਾਰੀਆਂ ਪ੍ਰਾਚੀਨ ਕਹਾਣੀਆਂ ਅਤੇ ਰੀਤੀ-ਰਿਵਾਜਾਂ ਵਿਚ ਬਹੁਤ ਸਾਰੇ ਅੰਤਰ ਹਨ | ਪੁਰਾਤਨ ਇਤਿਹਾਸ ਫਰੋਲਣ 'ਤੇ ਪਤਾ ਲੱਗਦਾ ਹੈ ਕਿ ਆਕਸਫੋਰਡ ਡਿਕਸ਼ਨਰੀ 17ਵੀਂ ਸਦੀ ਤੋਂ ਹੀ ਇਸ ਤਿਉਹਾਰ ਬਾਰੇ ਜ਼ਿਕਰ ਕਰਦੀ ਰਹੀ ਹੈ ਕਿ 1687 ਵਿਚ ਉਸ ਨੇ ਇਸ ਨੂੰ ਹਉਲੀ (Houly) ਲਿਖਿਆ, ਫਿਰ 1698 ਵਿਚ ਇਸ ਨੂੰ ਹੂਲੀ (Hoolee) ਲਿਖਿਆ, 1798 ਵਿਚ ਉਸ ਨੇ ਹੁਲੀ (Huli) ਸ਼ਬਦ ਲਿਖਿਆ, ਫਿਰ 1809 ਵਿਚ ਇਹ ਹੋਹ ਲੀ (Hoh-lee) ਬਣ ਗਿਆ ਅਤੇ ਇਹ ਰੁਝਾਨ ਜਾਰੀ ਰਿਹਾ, ਜਿਸ ਦਾ ਬਾਅਦ 'ਚ ਬਦਲਵਾਂ ਨਾਂਅ ਹੋਲੀ ਪ੍ਰਚੱਲਿਤ ਹੋਇਆ |
ਇਕ ਮਿੱਥ ਅਨੁਸਾਰ ਇਹ ਤਿਉਹਾਰ ਭਗਵਾਨ ਵਿਸ਼ਣੂ ਦੇ ਭਗਤ ਪ੍ਰਹਿਲਾਦ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ | ਪ੍ਰਹਿਲਾਦ ਦੇ ਪਿਤਾ ਹਰਣਾਖਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਹਿਲਾਦ ਨੇ ਆਪਣੀ ਭਗਤੀ ਨਹੀਂ ਛੱਡੀ | ਹਰਣਾਖਸ਼ ਨੇ ਰਿੱਧੀਆਂ-ਸਿੱਧੀਆਂ ਰੱਖਣ ਵਾਲੀ ਆਪਣੀ ਭੈਣ ਹੋਲਿਕਾ ਨੂੰ ਕਿਹਾ ਸੀ ਕਿ ਪ੍ਰਹਿਲਾਦ ਨੂੰ ਅੱਗ ਵਿਚ ਜਲਾ ਦੇਵੇ | ਹੋਲਿਕਾ ਨੇ ਆਪਣੇ ਭਤੀਜੇ ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਅੱਗ ਵਿਚ ਪ੍ਰਵੇਸ਼ ਕੀਤਾ ਸੀ | ਕਿਉਂਕਿ ਉਸ ਨੂੰ ਲੱਗਦਾ ਸੀ ਕਿ ਅੱਗ ਉਸ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅਤੇ ਉਸ ਦਾ ਭਤੀਜਾ ਜ਼ਰੂਰ ਸੜ ਕੇ ਸੁਆਹ ਹੋ ਜਾਵੇਗਾ | ਪਰ ਕੁਦਰਤ ਦੀ ਖੇਡ ਅਨੁਸਾਰ ਬਿਲਕੁਲ ਇਸ ਦੇ ਉਲਟ ਹੋਇਆ | ਪ੍ਰਹਿਲਾਦ ਸੁਰੱਖਿਅਤ ਰਿਹਾ ਤੇ ਬਚ ਗਿਆ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ ਸੀ | ਇਸ ਤਰ੍ਹਾਂ ਇਹ ਤਿਉਹਾਰ ਧਾਰਮਿਕ ਆਸਥਾ ਨਾਲ ਵੀ ਜੁੜਿਆ ਹੋਇਆ ਹੈ |
ਇਕ ਹੋਰ ਕਥਾ ਕਾਮਦੇਵ ਬਾਰੇ ਹੈ, ਜੋ ਕਿ ਪਿਆਰ ਦਾ ਦੇਵਤਾ ਹੈ | ਇਹ ਕਹਾਣੀ ਇਕ ਰੂਪਕ ਵੀ ਹੋ ਸਕਦੀ ਹੈ ਅਤੇ ਇਸ ਕਹਾਣੀ ਦੇ ਰੂਪ ਵਿਚ ਠੰਢੇ ਪਾਣੀ ਦੀ ਧਾਰਾ ਨਾਲ ਇਸ ਮੌਜ-ਮਸਤੀ ਭਰੇ ਤਿਉਹਾਰ ਵਿਚ ਦਿਖਾਈ ਦੇਣ ਵਾਲੀ ਆਜ਼ਾਦੀ ਅਤੇ ਆਜ਼ਾਦੀ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ |
ਹੋਲੀ ਦਾ ਮਹੱਤਵ : ਹੋਲੀ ਦਾ ਮਹੱਤਵ ਨਾ ਸਿਰਫ਼ ਧਾਰਮਿਕ ਹੈ, ਬਲਕਿ ਇਹ ਸਮਾਜਿਕ ਅਤੇ ਸੱਭਿਆਚਾਰਕ ਵੀ ਹੈ | ਇਹ ਤਿੳਹਾਰ ਲੋਕਾਂ ਨੂੰ ਆਪਸ ਵਿਚ ਜ਼ੋੜਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੱਤ-ਭੇਦਾਂ ਨੂੰ ਭੁੱਲਣ ਦਾ ਮੌਕਾ ਪ੍ਰਦਾਨ ਕਰਦਾ ਹੈ | ਹੋਲੀ ਵਾਲੇ ਦਿਨ ਦੋਸਤ, ਪਰਿਵਾਰ ਅਤੇ ਰਿਸ਼ਤੇਦਾਰ ਆਪਸ ਵਿਚ ਇਕ-ਦੂਜੇ ਨੂੰ ਰੰਗ ਲਗਾਉਂਦੇ ਹਨ |
ਹੋਲੀ ਦੀ ਤਿਆਰੀ : ਹੋਲੀ ਦੇ ਤਿਓਹਾਰ ਦਾ ਇੰਤਜ਼ਾਰ ਕਾਫ਼ੀ ਸਮਾਂ ਪਹਿਲਾਂ ਬਹੁਤ ਬੇ-ਸਬਰੀ ਨਾਲ ਕੀਤਾ ਜਾਂਦਾ ਹੈ | ਲੋਕ ਅਪਣੇ ਪਰਿਵਾਰਾਂ ਲਈ ਰੰਗੀਨ ਕੱਪੜੇ ਅਤੇ ਰੰਗ ਆਦਿ ਖਰੀਦ ਦੇ ਹਨ | ਹੋਲੀ ਵਾਲੇ ਦਿਨ ਲੋਕ ਸਵੇਰ ਤੋਂ ਹੀ ਰੰਗ ਖੇਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਤਿਉਹਾਰ ਸਾਰਾ ਦਿਨ ਚੱਲਦਾ ਹੈ |
ਹੋਲੀ ਦਾ ਰੰਗ : ਹੋਲੀ ਦਾ ਤਿਉਹਾਰ ਇਕ ਵੱਖਰੇ ਢੰਗ ਦਾ ਤਿਉਹਾਰ ਹੈ | ਵੱਖੋ-ਵੱਖਰੇ ਰੰਗਾਂ ਦਾ ਆਪੋ-ਆਪਣਾ ਖਾਸ ਮਹੱਤਵ ਹੁੰਦਾ ਹੈ | ਲਾਲ ਰੰਗ ਪਿਆਰ ਅਤੇ ਊਰਜਾ ਦਾ ਪ੍ਰਤੀਕ ਹੈ, ਜਦੋਂ ਕਿ ਹਰਾ ਰੰਗ ਕੁਦਰਤ ਦਾ ਅਤੇ ਜੀਵਨ ਦਾ ਪ੍ਰਤੀਕ ਹੈ | ਪੀਲਾ ਰੰਗ ਖੁਸ਼ੀ ਅਤੇ ਉਮੀਦ ਦਾ ਪ੍ਰਤੀਕ ਹੈ | ਨੀਲਾ ਰੰਗ ਸ਼ਾਂਤੀ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ |
ਹੋਲੀ ਦਾ ਸੰਦੇਸ਼ : ਹੋਲੀ ਦਾ ਸੰਦੇਸ਼ ਬਹੁਤ ਗਹਿਰਾ ਹੈ | ਇਹ ਤਿਉਹਾਰ ਇਕ-ਦੂਜੇ ਵਿਚ ਪੈਦਾ ਹੋਏ ਮਤਭੇਦਾਂ ਨੂੰ ਭੁਲਾ ਕੇ ਇਕ-ਦੂਜੇ ਨਾਲ ਮਿਲ ਕੇ ਰਹਿਣ ਦਾ ਸੁਨੇਹਾ ਦਿੰਦਾ ਹੈ | ਇਹ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਜੀਵਨ ਵਿਚ ਰੰਗਾਂ ਦਾ ਬਹੁਤ ਮਹੱਤਵ ਹੈ | ਇਸ ਲਈ ਸਾਨੂੰ ਅਪਣਾ ਜੀਵਨ ਰੰਗੀਨ ਬਣਾਉਣ ਲਈ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ | ਹੋਲੀ ਦੇ ਮੌਕੇ 'ਤੇ ਹੋਲੀ ਦੇ ਗੀਤ ਗਾਉਣਾ ਅਤੇ ਢੋਲ ਦੀਆਂ ਤਾਲਾਂ 'ਤੇ ਖੁਸ਼ੀ ਨਾਲ ਨੱਚਣਾ ਜ਼ਿੰਦਗੀ 'ਚ ਚਲਦੀ ਪ੍ਰੰਪਰਾ ਅੱਜ ਵੀ ਨਿਰੰਤਰ ਚਲੀ ਆ ਰਹੀ ਹੈ | ਹੋਲੀ ਦੇ ਰੰਗਾਂ ਦੀ ਝਲਕ, ਖੁਸ਼ੀ, ਮਸਤੀ ਭਰੇ ਗਾਣੇ ਅਤੇ ਨਾਚ ਅੱਜ ਵੀ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ | ਭਾਰਤ ਤੋਂ ਵਿਦੇਸ਼ਾਂ ਵਿਚ ਜਾਣ ਵਾਲੀ ਸੱਭਿਆਚਾਰਕ ਵਿਰਾਸਤ ਦੀ ਲੰਬੀ ਸੂਚੀ ਵਿਚ ਇਕ ਹੋਰ ਨਾਂਅ ਹੋਲੀ ਸ਼ਾਮਿਲ ਹੋ ਗਿਆ ਹੈ | ਮੌਜੂਦਾ ਸਮੇਂ 'ਚ ਹੁਣ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਮਨਚਲੇ ਲੋਕਾਂ ਵਲੋਂ ਕੁਝ ਪੱਕੇ ਰੰਗਾਂ ਦੀ ਵਰਤੋਂ ਕਰਕੇ ਦੂਜਿਆ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ | ਦੋ ਪਹੀਆ ਵਾਹਨਾਂ ਦੇ ਸਲੈਂਸਰ ਖੋਲ੍ਹ ਕੇ ਅਤੇ ਨਸ਼ਿਆਂ ਦੀ ਵਰਤਾੋ ਕਰਕੇ ਗਰੁੱਪਾਂ ਵਿਚ ਬੇ-ਵਜ੍ਹਾ ਘੁੰਮ ਕੇ ਹੁੱਲ੍ਹੜਬਾਜ਼ੀ ਕੀਤੀ ਜਾਂਦੀ ਹੈ | ਇਸ ਤਰ੍ਹਾਂ ਦਾ ਅਪਣਾਇਆ ਜਾਣ ਵਾਲਾ ਰੁਝਾਨ ਠੀਕ ਨਹੀਂ ਹੈ | ਇਸ ਤਰ੍ਹਾਂ ਕਰਨਾ ਜਾਇਜ਼ ਨਹੀਂ ਹੈ | ਤਿਉਹਾਰ ਦੀ ਧਾਰਮਿਕ ਅਤੇ ਸਮਾਜਿਕ ਮਹੱਤਤਾ ਨੂੰ ਸਮਝਦੇ ਹੋਏ ਸਹੀ ਤਰੀਕੇ ਨਾਲ ਮਨਾਉਂਦੇ ਹੋਏ ਇਥੇ ਸੱਚੇ ਨਾਗਰਿਕ ਵਾਲੇ ਫਰਜ਼ ਨਿਭਾਉਣੇ ਚਾਹੀਦੇ ਹਨ |
-ਮੋਬਾਈਲ : 98888-42244