'ਹੋਲਾ-ਮਹੱਲਾ' ਸਿੱਖ ਧਰਮ ਦੀ ਸੂਰਬੀਰਤਾ, ਨਿਰਭੈਅਤਾ ਤੇ ਨਿਆਰੇਪਣ ਦਾ ਪ੍ਰਤੀਕ ਹੋਣ ਕਾਰਨ ਸਮੂਹ ਪੰਥ ਵਲੋਂ, ਹਰੇਕ ਸਾਲ ਬੜੇ ਹੀ ਜਾਹੋ-ਜਲਾਲ ਨਾਲ, ਖ਼ਾਲਸੇ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ | ਪਿ੍ੰਸੀਪਲ ਸਤਿਬੀਰ ਸਿੰਘ ਇਕ ਜਗ੍ਹਾ ਇੰਝ ਲਿਖਦੇ ਹਨ ਕਿ 'ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ | ਸਿੱਖਾਂ ਵਿਚ ਐਸਾ ਗੁਣ ਪੈਦਾ ਕੀਤਾ ਕਿ ਉਹ ਮਰ ਭਾਵੇਂ ਜਾਵੇ ਪਰ ਝੁਕੇਗਾ ਨਹੀਂ | ਜੋ ਜ਼ੁਲਮ ਦੀ ਵਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਵਾ ਲਵੇਗਾ, ਪਰ ਆਦਰਸ਼ ਤੋਂ ਕਦੀ ਨਹੀਂ ਡਿੱਗੇਗਾ |'
ਇਹ ਦਿਹਾੜਾ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ | ਹੋਲੀ ਭਾਰਤ ਦਾ ਇਕ ਪ੍ਰਾਚੀਨ ਤਿਉਹਾਰ ਹੈ ਜੋ ਕੀ ਭਗਤ ਪ੍ਰਹਿਲਾਦ, ਉਸ ਦੇ ਪਿਤਾ ਹਰਨਾਖਸ਼ ਅਤੇ ਉਸ ਦੀ ਭੂਆ ਹੋਲਿਕਾ ਦੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ | ਸਮੇਂ ਦੇ ਨਾਲ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਆਮ ਲੋਕਾਂ ਵਿਚ ਕਈ ਕੁਰੀਤੀਆਂ ਆ ਗਈਆਂ | ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਨ੍ਹਾਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਅਤੇ ਖ਼ਾਲਸੇ ਵਿਚ ਸੂਰਬੀਰਤਾ ਅਤੇ ਨਿਰਭੈਤਾ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਮਤ 1757 (1700 ਈਸਵੀ) ਚੇਤ ਵਦੀ ਇਕ ਨੂੰ ਹੋਲਗੜ੍ਹ ਦੇ ਸਥਾਨ ਤੇ ਹੋਲੇ-ਮਹੱਲੇ ਨੂੰ ਮਨਾਉਣ ਦੀ ਸ਼ੁਰੂਆਤ ਕਰਵਾਈ | ਕਵੀ ਸੁਮੇਰ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦੇ ਆਦੇਸ਼ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ : ਔਰਨ ਕੀ ਹੋਲੀ ਮਮ ਹੋਲਾ ¨ ਕਹਿਯੋ ਕਿ੍ਪਾਨਿਧ ਬਚਨ ਅਮੋਲਾ¨
ਗੁਰੂ ਸਾਹਿਬ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸੈਂਕੜੇ ਸਾਲਾਂ ਤੋਂ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਦੇ ਮਨਾਂ ਵਿਚ ਇਨਕਲਾਬੀ ਸੋਚ ਪੈਦਾ ਕਰਨ ਤੋਂ ਸੀ | ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵਲੋਂ ਜਾਰੀ ਫੁਰਮਾਨ ਅਨੁਸਾਰ ਭਾਰਤੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਸਿਰ ਉੱਤੇ ਦਸਤਾਰ ਸਜਾਉਣ ਦੀ ਮਨਾਹੀ ਸੀ | ਦਸਮੇਸ਼ ਪਿਤਾ ਜੀ ਨੇ ਆਮ ਲੋਕਾਂ ਨੂੰ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਘੋੜ-ਸਵਾਰੀ, ਸ਼ਸਤਰ ਵਿੱਦਿਆ ਦੀ ਸਿੱਖਿਆ ਲੈਣ ਲਈ ਪ੍ਰੇਰਿਆ | ਪ੍ਰਸਿੱਧ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਅਨੁਸਾਰ ਭਾਰਤ ਦੇਸ਼ ਵਿਚ ਬਹੁਤ ਸਾਰੇ ਅਵਤਾਰੀ ਪੁਰਸ਼ ਹੋਏ ਹਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ, ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚ ਸੂਰਬੀਰਤਾ ਭਰ ਰਹੇ ਸਨ ਜੋ ਸਦੀਆਂ ਤੋਂ ਲਿਤਾੜੇ ਹੋਏ ਸਨ | ਸ਼ਸਤਰ ਸਿੱਖੀ ਦਾ ਅਟੁੱਟ ਅੰਗ ਹਨ | ਹੋਲੇ-ਮਹੱਲੇ ਦਾ ਗੁਰੂ ਸਾਹਿਬਾਨ ਵਲੋਂ ਬਖਸ਼ੀ ਸ਼ਸਤਰ ਵਿੱਦਿਆ ਤੇ ਖ਼ਾਲਸੇ ਦੀ ਨਿਰਭੈਅਤਾ, ਚੜ੍ਹਦੀ ਕਲਾ ਨਾਲ ਅਟੁੱਟ ਸੰਬੰਧ ਨੂੰ, ਕਵੀ ਨਿਹਾਲ ਸਿੰਘ ਨੇ ਆਪਣੀ ਰਚਨਾ ਵਿਚ ਇੰਝ ਕਲਮਬੰਦ ਕੀਤਾ ਹੈ:
ਬਰਛਾ ਢਾਲ ਕਟਾਰਾ ਤੇਗਾ
ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ
ਅਰੁ ਕਰਦੌਨਾ ਟੋਲਾ ਹੈ,
ਸੁਭਟ ਸੁਚਾਲਾ ਅਰ ਲਖ ਬਾਹਾਂ
ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ,
ਤੈਸੇ ਬੋਲਾ 'ਹੋਲਾ' ਹੈ |
ਗੁਰੂ ਸਾਹਿਬ ਜੀ ਨੇ ਖ਼ਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਹੋਇਆ ਹੈ, ਪਰ ਹੁਣ ਸਵਾਲ ਉੱਠਦਾ ਹੈ ਕਿ ਅਸੀਂ ਆਪਣੀ ਇਸ ਸ਼ਸਤਰ ਵਿੱਦਿਆ ਨੂੰ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਅਤੇ ਅੰਤਰਰਾਸ਼ਟਰੀ ਮੰਚ ਤੱਕ ਕਿਵੇਂ ਲੈ ਕੇ ਜਾਈਏ, ਪਿਛਲੇ ਸਮੇਂ ਦੌਰਾਨ ਗਤਕੇ ਦੀ ਪੇਸ਼ਕਾਰੀ ਕਈ ਟੀ.ਵੀ. ਮੁਕਾਬਲਿਆਂ ਵਿਚ ਦੇਖਣ ਨੂੰ ਮਿਲੀ, ਪਰ ਲੋੜ ਹੈ ਸਾਡੀ ਇਸ ਸ਼ਸਤਰ ਵਿੱਦਿਆ ਨੂੰ ਬਾਕਾਇਦਾ ਖੇਡਾਂ ਦਾ ਹਿੱਸਾ ਬਣਾਇਆ ਜਾਵੇ, ਜਿਵੇਂ ਕਿ ਤਲਵਾਰਬਾਜ਼ੀ, ਤੀਰ-ਅੰਦਾਜ਼ੀ, ਘੋੜ-ਸਵਾਰੀ, ਨਿਸ਼ਾਨੇਬਾਜ਼ੀ, ਨੇਜ਼ੇਬਾਜ਼ੀ | ਦੁਨੀਆ ਦੀਆਂ ਪ੍ਰਸਿੱਧ ਉਲਪਿੰਕ ਖੇਡਾਂ ਵਿਚ ਉਪਰੋਕਤ ਖੇਡਾਂ ਕਿਸੇ ਨਾ ਕਿਸੇ ਰੂਪ ਵਿਚ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਤਲਵਾਰਬਾਜ਼ੀ (Fencing), ਤੀਰ-ਅੰਦਾਜ਼ੀ (Archery), ਘੋੜ-ਸਵਾਰੀ (Equestrian), ਨਿਸ਼ਾਨੇਬਾਜ਼ੀ (Shooting) | ਤਲਵਾਰਬਾਜ਼ੀ ਖੇਡ 1896 ਈਸਵੀ ਤੋਂ ਹੀ ਉਲਪਿੰਕ ਖੇਡਾਂ ਦਾ ਹਿੱਸਾ ਰਹੀ ਹੈ | ਪੱਛਮੀ ਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਸਕੂਲਾਂ ਵਿਚ ਇਹ ਸਾਰੀਆਂ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ | ਸਾਨੂੰ ਆਪਣੀ ਸ਼ਸਤਰ ਵਿੱਦਿਆ ਦੇ ਨਾਲ-ਨਾਲ ਇਹ ਸਾਰੀਆਂ ਖੇਡਾਂ ਵਿਚ ਆਪਣੇ ਨੌਜਵਾਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਦੇ ਲਈ ਸਾਨੂੰ ਇਕ ਮਾਰਸ਼ਲ ਆਰਟ ਸਕੂਲ ਦੀ ਜ਼ਰੂਰਤ ਪਵੇਗੀ, ਜਿਸ ਵਿਚ ਇਹ ਸਾਰੀਆਂ ਵਿਰਾਸਤੀ ਖੇਡਾਂ ਦੀ ਸਿਖਲਾਈ ਮਾਹਿਰ ਕੋਚ ਸਾਹਿਬਾਨਾਂ ਦੁਆਰਾ ਨੌਜਵਾਨਾਂ ਨੂੰ ਦਿੱਤੀ ਜਾਵੇ | ਸ੍ਰੀ ਅਨੰਦਪੁਰ ਸਾਹਿਬ ਜੋ ਕਿ ਖ਼ਾਲਸੇ ਦਾ ਜਨਮ ਅਸਥਾਨ ਹੈ ਉੱਥੇ ਇਕ ਆਧੁਨਿਕ ਮਾਰਸ਼ਲ ਆਰਟ ਸਕੂਲ ਦੀ ਸਥਾਪਨਾ ਕੀਤੀ ਜਾ ਸਕਦੀ ਹੈ | ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਸਿੱਖੀ ਸਰੂਪ ਵਾਲੇ ਖਿਡਾਰੀ ਤਿਆਰ ਕਰ ਸਕਦੇ ਹਾਂ ਜੋ ਕੌਮ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ | ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਖੇਡਾਂ ਨੂੰ ਆਪਣੇ ਸਕੂਲਾਂ ਕਾਲਜਾਂ ਵਿਚ ਸ਼ਾਮਿਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ |
ਸਾਡੀ ਨੌਜਵਾਨ ਪੀੜ੍ਹੀ ਵਿਚ ਆਪਣੇ ਇਸ ਕੌਮੀ ਤਿਉਹਾਰ ਪ੍ਰਤੀ ਸ਼ਰਧਾ ਤਾਂ ਭਰਪੂਰ ਹੈ ਪਰ ਲੋੜ ਹੈ ਉਸ ਸ਼ਰਧਾ ਨੂੰ ਸਹੀ ਸੇਧ ਦੇਣ ਦੀ, ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਤਿਉਹਾਰ 'ਤੇ ਅੱਗੇ ਹੋ ਕੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਗੌਰਵਮਈ ਇਤਿਹਾਸ ਨਾਲ ਜੋੜਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਤੇ ਉਹ ਕਰ ਵੀ ਰਹੇ ਹਨ ਪਰ ਲੋੜ ਹੈ ਇਸ ਵਿਚ ਹੋਰ ਤੇਜ਼ੀ ਲਿਆਉਣ ਦੀ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਬਚਾ ਸਕੀਏ | ਸੰਵਾਦ ਦੀ ਅੱਜ ਦੇ ਸਮੇਂ ਕੌਮ ਵਿਚ ਬਹੁਤ ਘਾਟ ਮਹਿਸੂਸ ਹੋ ਰਹੀ ਹੈ | ਖਾਸ ਤੌਰ 'ਤੇ ਅਜਿਹੇ ਸੈਮੀਨਾਰ ਕਰਵਾਉਣ ਦੀ ਲੋੜ ਹੈ ਜਿੱਥੇ ਨੌਜਵਾਨਾਂ ਨਾਲ ਅਜੋਕੇ ਸਿੱਖ ਪ੍ਰਸੰਗ ਵਿਚ ਵੱਖ-ਵੱਖ ਸਰੋਕਾਰਾਂ ਤਹਿਤ ਵਿਚਾਰ-ਚਰਚਾ ਕੀਤੀ ਜਾਏ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ, ਵਿਸ਼ਵੀਕਰਨ ਦੇ ਦੌਰ ਵਿਚ ਆਪਣੇ ਸਿੱਖ ਫਲਸਫੇ ਦਾ ਧਾਰਨੀ ਬਣ ਕੇ ਕਿੰਝ ਦੁਨੀਆ ਉਪਰ ਆਪਣੇ ਆਦਰਸ਼ ਜੀਵਨ ਨਾਲ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਦੀ ਸਾਂਝ ਪਾਉਣੀ ਚਾਹੀਦੀ ਹੈ | ਜਲੰਧਰ ਦੇ ਇਕ ਸਿੱਖ ਨੌਜਵਾਨ ਨੇ ਪੰਜਾਬੀ ਬੋਲਣ ਅਤੇ ਸਮਝਣ ਵਾਲਾ ਪਹਿਲਾ ਪੰਜਾਬੀ ਰੋਬੋਟ 'ਸਰਬੰਸ ਸਿੰਘ' ਤਿਆਰ ਕੀਤਾ ਹੈ ਕਿਉਂ ਨਾ ਅਜਿਹੇ ਨੌਜਵਾਨਾਂ ਨੂੰ ਸਾਡੀਆ ਸੰਸਥਾਵਾ ਹੱਲਾਸ਼ੇਰੀ ਦੇਣ ਤਾਂ ਜੋ ਉਹ ਵਿਸ਼ਵ ਪੱਧਰ ਉਪਰ ਆਪਣਾ ਅਤੇ ਕੌਮ ਦਾ ਨਾਂਅ ਰੋਸ਼ਨ ਕਰ ਸਕਣ | ਜੇਕਰ ਕੌਮ ਗੁਰੂ ਸਾਹਿਬ ਵਲੋਂ ਬਖਸ਼ੇ ਨਿਆਰੇਪਨ ਅਤੇ ਚੜ੍ਹਦੀ ਕਲਾ ਵਾਲੇ ਸਿਧਾਂਤ ਉੱਪਰ ਚਲੇਗੀ ਤਾਂ ਗੁਰੂ ਸਾਹਿਬ ਵੀ ਆਪਣਾ ਤੇਜ ਪ੍ਰਦਾਨ ਕਰਦੇ ਰਹਿਣਗੇ ਅਤੇ ਜੇਕਰ ਇਹ ਆਪਣੀ ਇਸ ਜੀਵਨ ਜਾਚ ਨੂੰ ਛੱਡ ਬਿਪਰਨ ਦੀ ਰੀਤ ਅਖ਼ਤਿਆਰ ਕਰੇਗੀ ਤਾਂ ਗੁਰੂ ਸਾਹਿਬ ਵੀ ਸਾਡੀ ਪ੍ਰੀਤ ਨਹੀਂ ਕਰਨਗੇ |
ਜਬ ਲਗ ਖ਼ਾਲਸਾ ਰਹੇ ਨਿਆਰਾ¨
ਤਬ ਲਗ ਤੇਜ ਦੀਉ ਮੈਂ ਸਾਰਾ¨
ਜਬ ਇਹ ਗਹੈ ਬਿਪਰਨ ਕੀ ਰੀਤ¨
ਮੈਂ ਨ ਕਰਉਂ ਇਨ ਕੀ ਪ੍ਰਤੀਤ¨
ਸੋ, ਅੰਤ ਵਿਚ ਅਸੀਂ ਇਹ ਆਖ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਦੇ ਰੂਪ ਵਿਚ ਖ਼ਾਲਸਾ ਪੰਥ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਅਤੇ ਹਰ ਸਿੱਖ ਨੂੰ ਇਕ ਆਦਰਸ਼ ਇਨਸਾਨ ਵਜੋਂ ਸਮਾਜ ਵਿਚ ਵਿਚਰ ਕੇ ਲੋਕ ਭਲਾਈ ਦੇ ਕਾਰਜਾਂ ਵਿਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ | ਪ੍ਰੋ. ਪੂਰਨ ਸਿੰਘ ਜੀ ਦੇ ਸ਼ਬਦਾਂ ਵਿਚ 'ਆਉ ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਬਣੀਏ |
\-ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 94655-76022