ਰੰਗ ਅਤੇ ਗੁਲਾਲ ਦੇ ਛਿੜਕਾਅ ਨਾਲ ਜੁੜਿਆ ਆਪਸੀ ਪਿਆਰ-ਮੁਹੱਬਤ ਅਤੇ ਅਪਣੱਤ ਦਾ ਪ੍ਰਤੀਕ ਤਿਉਹਾਰ ਹੋਲੀ ਸਦੀਆਂ ਤੋਂ ਚਾਵਾਂ ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ, ਪਰ 1947 ਈਸਵੀ ਵਿਚ ਇਹ ਤਿਉਹਾਰ ਪੰਜਾਬ ਦੇ ਹੋਰ ਬਹੁਤ ਸਾਰੇ ਸਥਾਨਾਂ ਵਾਂਗ ਗੁਰੂ ਕੀ ਨਗਰੀ ਵਿਚ ਵੀ ਕਤਲੋਗਾਰਤ ਅਤੇ ਖ਼ੂਨ ਖ਼ਰਾਬੇ ਵਾਲਾ ਤਿਉਹਾਰ ਬਣ ਗਿਆ ਸੀ |
ਇਸ ਸਾਲ (1947) ਇਹ ਤਿਉਹਾਰ ਪੰਜ ਮਾਰਚ ਨੂੰ ਪੈਂਦਾ ਸੀ | ਤਿਉਹਾਰ ਦੇ ਦਿਨ ਤੋਂ ਬਹੁਤ ਪਹਿਲਾਂ ਹੀ ਆਜ਼ਾਦੀ ਅਤੇ ਦੇਸ਼ ਵੰਡ ਦੀ ਗੱਲ ਚੱਲ ਪੈਣ ਕਾਰਨ ਸਾਰਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ | ਅੰਤਿ੍ਮ ਸਰਕਾਰ ਬਣਾ ਕੇ ਰਾਜਭਾਗ ਕਾਂਗਰਸ ਨੇ ਸਾਂਭ ਲਿਆ ਸੀ | ਇਹ ਗੱਲ ਮੁਸਲਿਮ ਲੀਗ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੀ | ਇਸ ਲਈ ਉਸ ਨੇ ਦੇਸ਼ ਭਰ ਵਿਚ ਥਾਂ-ਥਾਂ ਦੰਗੇ ਫਸਾਦ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ | ਪੰਜਾਬ ਵਿਚ 1946 ਵਿਚ ਹੋਈਆਂ ਚੋਣਾਂ ਵਿਚ ਬਹੁਮਤ ਕਿਸੇ ਪਾਰਟੀ ਨੂੰ ਨਾ ਮਿਲਿਆ, ਪਰ ਯੂਨੀਅਨਿਸਟ ਪਾਰਟੀ ਹੋਰਨਾਂ ਧੜਿਆਂ ਨੂੰ ਨਾਲ ਲੈ ਕੇ ਸਰਕਾਰ ਬਣਾਉਣ ਵਿਚ ਸਫਲ ਹੋਈ | ਇਸ ਪਾਰਟੀ ਵਲੋਂ ਮਲਿਕ ਖਿਜ਼ਰ ਹਯਾਤ ਨੂੰ ਪੰਜਾਬ ਦਾ ਵਜ਼ੀਰ-ਏ-ਆਜ਼ਮ (ਜੋ ਨਾਉਂ ਉਨ੍ਹੀਂ ਦਿਨੀਂ ਪ੍ਰਾਂਤ ਦੇ ਮੁਖੀ ਨੂੰ ਦਿੱਤਾ ਹੋਇਆ ਸੀ) ਬਣਾਇਆ ਗਿਆ | ਮੁਸਲਿਮ ਲੀਗ ਨੂੰ ਯੂਨੀਅਨਿਸਟ ਪਾਰਟੀ ਦੀ ਇਹ ਨੀਤੀ ਪਸੰਦ ਨਹੀਂ ਸੀ | ਉਹ ਚਾਹੁੰਦੀ ਸੀ ਕਿ ਉਹ ਆਪਣੇ ਅਹੁਦੇ ਅਤੇ ਯੂਨੀਅਨਿਸਟ ਪਾਰਟੀ ਤੋਂ ਅਸਤੀਫ਼ਾ ਦੇ ਕੇ ਮੁਸਲਿਮ ਲੀਗ ਦੀ ਸਰਕਾਰ ਬਣਾਉਣ ਵਿਚ ਮਦਦ ਕਰੇ ਪਰ ਮਲਿਕ ਲੀਗੀ ਲਾਈਨ ਉੱਤੇ ਨਹੀਂ ਸੀ ਆ ਰਿਹਾ | ਉਸ ਉੱਤੇ ਦਬਾਅ ਪਾ ਕੇ ਉਸ ਨੂੰ ਮੁਸਲਿਮ ਲੀਗ ਦੇ ਪਾਲੇ ਵਿਚ ਲਿਆਉਣ ਵਾਸਤੇ ਲੀਗ ਨੇ ਮੁਸਲਮਾਨ ਵਸੋਂ ਨੂੰ ਮਲਿਕ ਦੇ ਖਿਲਾਫ਼ ਯੋਜਨਾਬੱਧ ਢੰਗ ਨਾਲ ਭੜਕਾਉਣਾ ਸ਼ੁਰੂ ਕੀਤਾ | ਇਸ ਵਿਉਂਤ ਉੱਤੇ ਅਮਲ ਕਰਦਿਆਂ ਮੁਸਲਿਮ ਲੀਗ ਨੇ ਫਰਵਰੀ 1947 ਦੇ ਆਖਰੀ ਦਿਨ ਅੰਮਿ੍ਤਸਰ ਵਿਚ ਵਜ਼ੀਰ-ਏ-ਆਜ਼ਮ ਦਾ ਰੂਪ ਧਾਰੀ ਇਕ ਵਿਅਕਤੀ ਦੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਅਤੇ ਉਸਨੂੰ ਗਧੇ ਉੱਤੇ ਬਿਠਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ | ਮੁਸਲਮਾਨ ਭਾਈਚਾਰੇ ਵਿਚ ਇਸ ਤਰ੍ਹਾਂ ਹੋ ਰਹੀ ਮਿੱਟੀ ਪਲੀਤ ਨੂੰ ਨਾ ਸਹਾਰਦਿਆਂ ਆਖਰ ਖਿਜ਼ਰ ਹਯਾਤ ਖਾਂ ਨੇ ਦੋ ਮਾਰਚ ਨੂੰ ਅਸਤੀਫ਼ਾ ਦੇ ਦਿੱਤਾ | ਇਸ ਨਾਲ ਮੁਸਲਿਮ ਲੀਗ ਦੀ ਹੋਰ ਵੀ ਚੜ੍ਹ ਮਚ ਗਈ ਅਤੇ ਉਸ ਨੇ ਅਗਲੇ ਦਿਨ ਭਾਵ ਤਿੰਨ ਮਾਰਚ ਨੂੰ ਸ਼ਹਿਰ ਵਿਚ ਖੂਬ ਖਰੂਦ ਕੀਤਾ |
ਮੁਸਲਿਮ ਲੀਗ ਦੀ ਚੜ੍ਹਤ ਨੂੰ ਠੱਲ੍ਹਣ ਲਈ ਕਾਂਗਰਸ ਅਤੇ ਅਕਾਲੀਆਂ ਨੇ ਚਾਰ ਮਾਰਚ ਦੇ ਦਿਨ ਐਂਟੀ-ਪਾਕਿਸਤਾਨ ਦਿਨ ਮਨਾਉਣ ਦਾ ਐਲਾਨ ਕਰ ਦਿੱਤਾ | ਅਕਾਲੀ ਦਲ ਵਲੋਂ ਚਾਰ ਮਾਰਚ ਦੇ ਪ੍ਰੋਗਰਾਮ ਦੀ ਵਿਉਂਤ ਬਣਾਉਣ ਵਾਸਤੇ ਤਿੰਨ ਮਾਰਚ ਦੀ ਸ਼ਾਮ ਵੇਲੇ ਦਰਬਾਰ ਸਾਹਿਬ ਅੰਮਿ੍ਤਸਰ ਦੇ ਨੇੜੇ ਮੰਜੀ ਸਾਹਿਬ ਵਿਖੇ ਦੀਵਾਨ ਸਜਾਉਣ ਦਾ ਫੈਸਲਾ ਕੀਤਾ | ਚਾਰ ਸਿੱਖ ਲੜਕੇ ਇਕ ਟਾਂਗੇ ਉੱਤੇ ਸਵਾਰ ਹੋ ਕੇ ਦੀਵਾਨ ਦਾ ਢੰਡੋਰਾ ਦੇ ਰਹੇ ਸਨ ਤਾਂ ਹਾਲ ਬਾਜ਼ਾਰ ਵਿਚ ਗੋਲ ਹੱਟੀ ਪਾਸ ਮੁਸਲਮਾਨ ਹਜੂਮ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ | ਉਹ ਹਿੰਮਤ ਨਾਲ ਆਪਣਾ-ਆਪ ਬਚਾ ਕੇ ਨਿਕਲ ਤਾਂ ਆਏ, ਪਰ ਇਸ ਘਟਨਾ ਨੇ ਹਿੰਦੂ-ਸਿੱਖਾਂ ਨੂੰ ਅਗਲੇ ਦਿਨੀਂ ਵਾਪਰ ਸਕਦੀਆਂ ਘਟਨਾਵਾਂ ਪ੍ਰਤੀ ਸੁਚੇਤ ਕਰ ਦਿੱਤਾ | ਸ਼ਾਮ ਵੇਲੇ ਮੰਜੀ ਸਾਹਿਬ ਦੇ ਦੀਵਾਨ ਨੂੰ ਮਾਸਟਰ ਤਾਰਾ ਸਿੰਘ, ਸਰਦਾਰ ਜੋਗਿੰਦਰ ਸਿੰਘ ਸ਼ਾਂਤ, ਜਥੇਦਾਰ ਈਸ਼ਰ ਸਿੰਘ ਮਝੈਲ, ਕੇਹਰ ਸਿੰਘ ਵੈਰਾਗੀ, ਸੋਹਣ ਸਿੰਘ ਜਲਾਲ- ਉਸਮਾ ਆਦਿ ਨੇ ਸੰਬੋਧਨ ਕਰਦਿਆਂ ਸਿੱਖਾਂ ਨੂੰ ਇਕਮੁੱਠ ਹੋ ਕੇ ਲੀਗ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੱਤੀ | ਅਗਲੇ ਦਿਨ ਸ਼ਹਿਰ ਵਿਚ ਹੜਤਾਲ ਰੱਖਣ ਅਤੇ ਸ਼ਾਮ ਵੇਲੇ ਮੰਜੀ ਸਾਹਿਬ ਵਿਖੇ ਫਿਰ ਦੀਵਾਨ ਸਜਾਉਣ ਦਾ ਫੈਸਲਾ ਹੋਇਆ |
ਪੰਜ ਮਾਰਚ ਹੋਲੀ ਦਾ ਦਿਨ ਸੀ | ਇਸ ਦਿਨ ਸ਼ਹਿਰ ਦੇ ਵਸਨੀਕ ਹਿੰਦੂ-ਸਿੱਖਾਂ ਦੇ ਮਨਾਂ ਵਿਚ ਤਿਉਹਾਰ ਦੀ ਖੁਸ਼ੀ ਦੀ ਥਾਂ ਸੰਭਾਵੀ ਖ਼ਤਰੇ ਨੇ ਲਈ ਹੋਈ ਸੀ | ਕੱਲ੍ਹ ਦੇ ਫ਼ੈਸਲੇ ਦੀ ਲੋਅ ਵਿਚ ਸ਼ਹਿਰ ਵਿਚ ਹੜਤਾਲ ਰੱਖੀ ਗਈ | ਸ਼ਾਮ ਦੇ ਦੀਵਾਨ ਦੀ ਸੂਚਨਾ ਦੇਣ ਲਈ ਢੰਡੋਰਾ ਦਿੱਤਾ ਜਾ ਰਿਹਾ ਸੀ, ਜਦੋਂ ਢੰਡੋਰਚੀ-ਜਥਾ ਚੌਕ ਲਸ਼ਮਣ ਸਰ ਪੁੱਜਾ ਤਾਂ ਮੁਸਲਮਾਨ ਹਜੂਮ ਨੇ ਕੋਠਿਆਂ ਤੋਂ ਇੱਟਾਂ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ | ਮੀਂਹ ਵਾਂਗ ਵਰ੍ਹੇ ਇੱਟਾਂ-ਵੱਟਿਆਂ ਦੀਆਂ ਚੋਟਾਂ ਨਾਲ ਭਾਈ ਮੰਗਲ ਸਿੰਘ ਨਿਹੰਗ ਮਾਰਿਆ ਗਿਆ | ਜਦੋਂ ਇਹ ਖ਼ਬਰ ਸ਼ਹਿਰ ਵਿਚ ਫੈਲੀ ਤਾਂ ਹਿੰਦੂਆਂ-ਸਿੱਖਾਂ ਵਿਚ ਜੋਸ਼ ਪੈਦਾ ਹੋ ਗਿਆ, ਉਹ ਵੀ ਟੋਲੀਆਂ ਬਣਾ ਕੇ ਮੁਸਲਮਾਨਾਂ ਉੱਤੇ ਹਮਲੇ ਕਰਨ ਲੱਗ ਪਏ | ਮੁਸਲਮਾਨਾਂ ਨੇ ਅਜਿਹੇ ਸਮੇਂ ਲਈ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ | ਇਸ ਲਈ ਦੁਪਾਸੜ ਝੜਪਾਂ ਵਿਚ ਇਸ ਦਿਨ ਕਈ ਜਾਨਾਂ ਗਈਆਂ | ਦੋਵੇਂ ਧਿਰਾਂ ਕੁਝ ਕਰ ਵਿਖਾਉਣ ਉੱਤੇ ਤੁਲੀਆਂ ਹੋਈਆਂ ਸਨ | ਜਿਉਂ ਜਿਉਂ ਦਿਨ ਢਲਦਾ ਜਾ ਰਿਹਾ ਸੀ, ਤਿਉਂ ਤਿਉਂ ਦੋਵੇਂ ਧਿਰਾਂ ਵਿਚ ਤਣਾਅ ਵਧ ਰਿਹਾ ਸੀ | ਮੁਸਲਮਾਨ ਧੜੇ ਦੇ ਗੁੰਡੇ ਕਿਸੇ ਅਜਿਹੇ ਮੌਕੇ ਦੀ ਤਾਕ ਵਿਚ ਰਾਤ ਪੈਣ ਸਾਰ ਟੋਲੀਆਂ ਬਣਾ ਕੇ ਸ਼ਹਿਰ ਵਿਚ ਨਿਕਲ ਪਏ | ਉਨ੍ਹਾਂ ਅੱਗ ਲਾਉਣ ਲਈ ਪੈਟਰੋਲ, ਮਿੱਟੀ ਦੇ ਤੇਲ ਆਦਿ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀ | ਉਨ੍ਹਾਂ ਪਹਿਲਾਂ ਰਾਇਲ ਟਾਕੀ ਸਿਨੇਮਾ ਘਰ ਉੱਤੇ ਹਮਲਾ ਕੀਤਾ, ਫਿਰ ਠਾਕੁਰਾਂ ਦੇ ਦਰਵਾਜ਼ੇ ਦੇਵੀ ਵਾਲੀ ਗਲੀ, ਜੌੜੇ ਪਿੱਪਲ ਅਤੇ ਪਹਿਲਵਾਨਾਂ ਦੇ ਮੁਹੱਲੇ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਦੀ ਲੁੱਟ ਮਾਰ ਕਰ ਕੇ ਅੱਗਾਂ ਲਾਈਆਂ | ਸ਼ਹਿਰ ਦੇ ਵਧੇਰੇ ਹਿੱਸੇ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਉਧੜ-ਧੁੰਮੀ ਮਚਾਈ ਹੋਈ ਸੀ | ਉਨ੍ਹਾਂ ਦੀ ਗੁੰਡਾਗਰਦੀ ਤੋਂ ਸ਼ਹਿਰ ਦਾ ਕੇਵਲ ਪੂਰਬ ਵੱਲ ਦਾ ਭਾਗ, ਜਿੱਥੇ ਬਹੁ-ਗਿਣਤੀ ਵਸੋਂ ਹਿੰਦੂਆਂ ਅਤੇ ਸਿੱਖਾਂ ਦੀ ਸੀ, ਹੀ ਬਚਿਆ | ਪਰ ਇਧਰ ਹਿੰਦੂ-ਸਿੱਖ ਫਿਰਕੇ ਦੇ ਲੁਟੇਰੇ ਸਰਗਰਮ ਰਹੇ | ਫਲਸਰੂਪ ਰਾਤ ਭਰ ਸਾਰੇ ਸ਼ਹਿਰ ਵਿਚ ਹੀ ਖ਼ੂਨ ਖ਼ਰਾਬਾ ਹੁੰਦਾ ਰਿਹਾ |
ਛੇ ਮਾਰਚ ਦਾ ਦਿਨ ਚੜਿ੍ਹਆ ਤਾਂ ਸਾਰੇ ਸ਼ਹਿਰ ਵਿਚ ਥਾਂ-ਥਾਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਜਾਂ ਸੜੀਆਂ ਇਮਾਰਤਾਂ ਵਿਚੋਂ ਧੂਆਂ ਉੱਠ ਰਿਹਾ ਸੀ | ਇਹ ਅਫਵਾਹ ਸੁਣੀ ਗਈ ਕਿ ਮੁਸਲਮਾਨ ਹਜੂਮ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਵਿਉਂਤ ਬਣਾ ਰਿਹਾ ਹੈ | ਅਜਿਹਾ ਹੋਣ ਦੀ ਸੂਰਤ ਵਿਚ ਸਿੱਖਾਂ ਨੂੰ ਸਰਕਾਰੀ ਮਸ਼ੀਨਰੀ ਵਲੋਂ ਕੋਈ ਸਹਾਇਤਾ ਮਿਲਣ ਦੀ ਆਸ ਨਹੀਂ ਸੀ, ਕਿਉਂਕਿ ਸ਼ਹਿਰ ਦੇ ਅਮਨ ਕਾਨੂੰਨ ਦੀ ਦੇਖ ਰੇਖ ਕਰ ਰਹੀ ਪੁਲਿਸ ਵਿਚ ਬਹੁ-ਗਿਣਤੀ ਮੁਸਲਮਾਨ ਅਫਸਰਾਂ ਦੀ ਸੀ | ਡੀ.ਐਸ.ਪੀ. ਲੁਤਫ਼ ਖਾਂ ਤੋਂ ਬਿਨਾਂ ਸ਼ਹਿਰ ਦੇ ਚਾਰ ਥਾਣਿਆਂ ਵਿਚੋਂ ਤਿੰਨ ਦੇ ਇੰਚਾਰਜ ਮੁਸਲਮਾਨ ਥਾਣੇਦਾਰ ਸਨ, ਸਿਰਫ ਇਕ ਥਾਣੇਦਾਰ ਸਿੱਖ ਸੀ | ਜ਼ਿਲ੍ਹੇ ਵਿਚ ਪੁਲਿਸ ਦੀ ਕੁੱਲ ਨਫਰੀ 1640 ਵਿਚੋਂ ਕੇਵਲ 200 ਹਿੰਦੂ ਅਤੇ ਸਿੱਖ ਸਨ | ਪੁਲਸ ਦੀ ਸ਼ਹਿ ਨਾਲ ਮੁਸਲਮਾਨ ਲੁਟੇਰੇ ਦੇਵੀ ਵਾਲਾ ਚੌਕ, ਦੇਵੀ ਵਾਲੀ ਗਲੀ, ਕਟੜਾ ਧਰਮ ਸਿੰਘ, ਕੰਬੋਆਂ ਦੀ ਗਲੀ, ਕੁੱਬੀ ਬੇਰੀ ਖੇਤਰ, ਕਰਮੋਂ ਦੀ ਡਿਓੜੀ, ਕਟੜਾ ਜੈਮਲ ਸਿੰਘ, ਅਰੋੜਿਆਂ ਦੀ ਗਲੀ ਆਦਿ ਨੂੰ ਲੁੱਟਦੇ ਹੋਏ ਅੱਗੇ ਦਰਬਾਰ ਸਾਹਿਬ ਵੱਲ ਵਧ ਰਹੇ ਸਨ | ਭੈ-ਭੀਤ ਹੋਏ ਹਿੰਦੂ-ਸਿੱਖ ਘਰ ਘਾਟ ਛੱਡ ਕੇ ਦਰਬਾਰ ਸਾਹਿਬ ਇਕੱਠੇ ਹੋਣ ਲੱਗ ਪਏ | ਹੋਲੀ ਦੇ ਤਿਉਹਾਰ ਕਾਰਨ ਨਿਹੰਗ ਸਿੰਘ ਅਤੇ ਹੋਰ ਸਿੱਖ ਅਨੰਦਪੁਰ ਸਾਹਿਬ ਗਏ ਹੋਏ ਸਨ | ਇਸ ਸਮੇਂ ਦਰਬਾਰ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ ਅਤੇ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਨੇ ਦਲੇਰੀ ਵਿਖਾਈ ਅਤੇ ਆਪਣੇ ਜਥੇ ਲਿਆ ਕੇ ਮੁਸਲਮਾਨ ਲੁਟੇਰਿਆਂ ਨੂੰ ਠੱਲ੍ਹ ਪਾਈ |
ਮੁਸਲਮਾਨ ਫਿਰਕੇ ਦੇ ਲੋਕਾਂ ਵਲੋਂ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦੀ ਖਨੋਸ ਆਸੇ ਪਾਸੇ ਦੇ ਪਿੰਡਾਂ ਵਿਚ ਵੀ ਪਹੁੰਚ ਚੁੱਕੀ ਸੀ, ਇਸ ਲਈ ਪਿੰਡਾਂ ਤੋਂ ਸਿੱਖ ਜਥੇ ਬਣਾ ਕੇ ਦਰਬਾਰ ਸਾਹਿਬ ਨੂੰ ਚੱਲ ਪਏ | ਇਕ ਅਜਿਹਾ ਦਸਤਾ, ਜਿਸ ਵਿਚ 30 ਕੁ ਸਿੱਖ ਸ਼ਾਮਿਲ ਸਨ, ਸਰਦਾਰ ਭਗਤ ਸਿੰਘ, ਪਿੰਡ ਖਾਪੜਖੇੜੀ ਦੀ ਜਥੇਦਾਰੀ ਹੇਠ ਦਰਬਾਰ ਸਾਹਿਬ ਪਹੁੰਚਣ ਲਈ ਭੁਰਾੜੀਵਾਲ ਅਤੇ ਭਗਤਾਂ ਵਾਲੇ ਪਾਸਿਓਾ ਸ਼ਹਿਰ ਵਿਚ ਦਾਖਲ ਹੋਇਆ | ਜਦੋਂ ਇਹ ਜਥਾ ਆਵੇ ਪਾਸ ਪਹੁੰਚਿਆ ਤਾਂ ਉਥੇ ਪਹਿਲਾਂ ਹੀ ਇਕੱਠੇ ਹੋਏ ਮੁਸਲਮਾਨ ਗੁੰਡਿਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ | ਘਮਸਾਣ ਦੀ ਲੜਾਈ ਹੋਈ, ਕੁਝ ਸਿੰਘ ਮਾਰੇ ਗਏ ਅਤੇ ਕੁਝ ਜ਼ਖ਼ਮੀ ਹੋਏ | ਇਕ ਹੋਰ ਮੁਸਲਮਾਨ ਹਜੂਮ ਨੇ ਬਟਾਲੇ ਤੋਂ ਅੰਮਿ੍ਤਸਰ ਆ ਰਹੀ ਰੇਲ ਗੱਡੀ ਨੂੰ ਸ਼ਰੀਫਪੁਰੇ ਰੋਕ ਲਿਆ ਅਤੇ ਇਸ ਵਿਚ ਸਵਾਰ ਹਿੰਦੂ-ਸਿੱਖ ਮੁਸਾਫ਼ਰਾਂ ਉੱਤੇੇ ਹਮਲਾ ਕਰਕੇ ਜਾਨੀ ਮਾਲੀ ਨੁਕਸਾਨ ਕੀਤਾ | ਇਸ ਸਮੇਂ ਤੱਕ ਪਿੰਡਾਂ ਤੋਂ ਸਿੱਖਾਂ ਦੇ ਆਏ ਕੁਝ ਜਥੇ ਵੀ ਸ਼ਹਿਰ ਵਿਚ ਪਹੁੰਚ ਚੁੱਕੇ ਸਨ | ਦੋਵੇਂ ਧਿਰਾਂ ਸ਼ਹਿਰ ਵਿਚ ਹਰਲ-ਹਰਲ ਕਰਦੀਆਂ ਫਿਰਦੀਆਂ ਸਨ | ਕਿਧਰੇ-ਕਿਧਰੇ ਦੋਵਾਂ ਦੀ ਮੁੱਠਭੇੜ ਵੀ ਹੋ ਜਾਂਦੀ ਰਹੀ, ਪਰ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | 6 ਅਤੇ 7 ਮਾਰਚ ਦੀ ਵਿਚਕਾਰਲੀ ਰਾਤ ਅੰਮਿ੍ਤਸਰ ਸ਼ਹਿਰ ਲਈ ਭਿਆਨਕ ਰਾਤ ਸੀ | ਕਟੜਾ ਮੋਹਰ ਸਿੰਘ, ਕੂਚਾ ਨੀਵਾਂ, ਕੂਚਾ ਬਾਧਰੋਂ, ਕੂਚਾ ਕਾਲੀਆਂ ਆਦਿ ਵਿਚ ਹਿੰਦੂ-ਸਿੱਖਾਂ ਦੀ ਵਧੇਰੇ ਤਬਾਹੀ ਹੋਈ |
7 ਮਾਰਚ ਦਾ ਦਿਨ ਚੜਿ੍ਹਆ ਤਾਂ ਪਿਛਲੇ ਦਿਨੀਂ ਬਣੀ ਹੋਈ ਖਿੱਚੋਤਾਣ ਬਰਕਰਾਰ ਰਹੀ | ਪਿੰਡਾਂ ਤੋਂ ਦਰਬਾਰ ਸਾਹਿਬ ਆ ਰਹੇ ਸਿੱਖਾਂ ਦੇ ਜਥੇ ਜਦੋਂ ਸ਼ਹਿਰ ਵਿਚ ਦੀ ਲੰਘਦੇ ਤਾਂ ਮੁਸਲਮਾਨ ਫਿਰਕੇ ਦੇ ਲੋਕ ਉਨ੍ਹਾਂ ਉੱਪਰ ਲੁਕ-ਲੁਕ ਕੇ ਹਮਲੇ ਕਰਦੇ | ਮੁਸਲਮਾਨਾਂ ਨੇ ਭਵਿੱਖ ਦੀ ਯੋਜਨਾ ਬਣਾਉਣ ਲਈ ਚੌਕ ਪਰਾਗ ਦਾਸ ਵਾਲੀ ਮਸੀਤ ਵਿਚ ਮੀਟਿੰਗ ਦੀ ਯੋਜਨਾ ਬਣਾਈ ਹੋਈ ਸੀ | ਮਸੀਤ ਵਿਚ ਹੋ ਰਹੇ ਇਕੱਠ ਬਾਰੇ ਜਦੋਂ ਪਿੰਡਾਂ ਤੋਂ ਆਏ ਸਿੱਖ ਜਥਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮਸੀਤ ਉੱਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਬਹੁਤ ਸਾਰੇ ਮੁਸਲਮਾਨ ਮਾਰੇ ਗਏ | ਜ਼ਿਲ੍ਹਾ ਪ੍ਰਸ਼ਾਸਨ ਨੇ ਅਮਨ ਕਾਨੂੰਨ ਦੀ ਸਥਿਤੀ ਹੱਥ ਵਿਚੋਂ ਨਿਕਲਦੀ ਦੇਖੀ ਤਾਂ ਦਿਨੇ ਸਾਢੇ ਤਿੰਨ ਵਜੇ ਤੋਂ ਸ਼ਹਿਰ ਵਿਚ ਕਰਫਿਊ ਲਾ ਦਿੱਤਾ, ਜਿਸ ਨਾਲ ਦੰਗੇ ਫਸਾਦ ਨੂੰ ਕੁਝ ਠੱਲ੍ਹ ਪਈ, ਪਰ ਹੋਲੀ ਤਿਉਹਾਰ ਦੇ ਤਿੰਨੇ ਦਿਨ ਗੁਰੂ ਕੀ ਨਗਰੀ ਅੰਮਿ੍ਤਸਰ ਵਿਚ ਰੰਗਾਂ ਗਲਾਲਾਂ ਦੀ ਥਾਂ ਖ਼ੂਨ ਦੀ ਹੋਲੀ ਖੇਡੀ ਗਈ | ਪੰਜਾਬ ਅਤੇ ਖ਼ਾਸ ਕਰਕੇ ਅੰਮਿ੍ਤਸਰ ਦੇ ਇਤਿਹਾਸ ਦਾ ਇਹ ਬੇਹੱਦ ਮਾੜਾ ਕਾਂਡ ਸੀ |
-ਮੋਬਾਈਲ : 49170-44917