ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋਵਾਂ ਦੇਸ਼ਾਂ ਦੀ ਕਰੰਸੀ ਨੂੰ ਅਹਿਮ ਦੱਸਦਿਆਂ ਕਿਹਾ ਕਿ ਸਾਡਾ ਕਾਰੋਬਾਰ ਰੂਬਲ ਅਤੇ ਰੁਪਏ 'ਚ ਹੋ ਰਿਹਾ ਹੈ | ਪੁਤਿਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਨਿਘਾਰ 'ਤੇ ਹੈ | ਇਕ ਡਾਲਰ ਦੀ ਕੀਮਤ 90 ਰੁਪਏ ਤੋਂ ਵੀ ਵਧ ਹੋ ਗਈ ਹੈ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪੋ-ਆਪਣੀ ਕਰੰਸੀ 'ਚ ਵਪਾਰ ਵੱਲ ਵਧ ਰਹੇ ਹਨ ਅਤੇ ਹੁਣ 96 ਫ਼ੀਸਦੀ ਲੈਣ-ਦੇਣ ਇਸੇ ਤਰ੍ਹਾਂ ਹੋ ਰਿਹਾ ਹੈ | ਪੁਤਿਨ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਤੇ ਰੂਸ ਦਰਮਿਆਨ ਦੁਵੱਲੇ ਵਪਾਰ 'ਚ 12 ਫ਼ੀਸਦੀ ਵਾਧਾ ਹੋਇਆ ਹੈ, ਜੋ ਆਪਣੇ-ਆਪ 'ਚ ਇਕ ਰਿਕਾਰਡ ਹੈ | ਪੁਤਿਨ ਨੇ ਡਾਲਰ 'ਚ ਇਸ ਦੁਵੱਲੇ ਵਪਾਰ ਦੀ ਪੈਮਾਇਸ਼ ਕਰਦਿਆਂ ਕਿਹਾ ਕਿ ਔਸਤਨ ਇਹ 64 ਅਰਬ ਅਮਰੀਕੀ ਡਾਲਰ ਹੈ, ਨਾਲ ਹੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਦੋਵੇਂ ਦੇਸ਼ ਇਸ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਲੈ ਜਾਣਗੇ |