ਰਣਜੀਤ ਸਿੰਘ ਲੁਧਿਆਣਵੀ
ਕੋਲਕਾਤਾ, 6 ਦਸੰਬਰ-ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਟੀ.ਐਮ.ਸੀ. ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ ਨੇ ਪਹਿਲਾਂ ਤੋਂ ਐਲਾਨੀ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਿਆ | ਸੂਚਨਾ ਅਨੁਸਾਰ ਇਸ ਸਮਾਗਮ ਲਈ 200,000 ਤੋਂ ਵੱਧ ਲੋਕ ਇਕੱਠੇ ਹੋਏ | ਅੱਜ ਨੈਸ਼ਨਲ ਹਾਈਵੇ 12 (ਪੁਰਾਣਾ ਨਾਮ ਐਨ.ਐਚ. 34) ਤੋਂ 300-400 ਮੀਟਰ ਦੂਰ ਕੀਤੇ ਜਾ ਰਹੇ ਸਮਾਗਮ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆ | ਬੰਗਾਲ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲੋਕ ਟਰੈਕਟਰ-ਟਰਾਲੀਆਂ ਤੇ ਰਿਕਸ਼ੇ ਜਾਂ ਵੈਨਾਂ ਲੈ ਕੇ ਸਮਾਗਮ ਵਾਲੀ ਥਾਂ 'ਤੇ ਪਹੁੰਚੇ | ਆਵਾਜਾਈ ਠੱਪ ਹੋਣ ਕਾਰਨ ਬਹੁਤੇ ਲੋਕ ਆਪਣੇ ਸਿਰਾਂ 'ਤੇ ਇੱਟਾਂ ਚੁੱਕ ਕੇ ਵੀ ਸਮਾਗਮ ਵਾਲੀ ਥਾਂ 'ਤੇ ਲਿਜਾਂਦੇ ਹੋਏ ਦਿਖਾਈ ਦਿੱਤੇ | ਇਸ ਤੋਂ ਪਹਿਲਾਂ ਸ਼ੁੱਕਰਵਾਰ ਕਲਕੱਤਾ ਹਾਈ ਕੋਰਟ ਨੇ ਮਸਜਿਦ ਦੇ ਨਿਰਮਾਣ ਨੂੰ ਰੋਕਣ ਵਾਲੀ ਇਕ ਜਨਹਿਤ (ਪੀ.ਆਈ.ਐਲ. ਪਟੀਸ਼ਨ) ਰੱਦ ਕਰਦਿਆਂ ਨੀਂਹ ਪੱਥਰ ਵਾਲੀ ਥਾਂ ਦੀ ਰਾਜ ਸਰਕਾਰ ਨੂੰ ਸੁਰੱਖਿਆ ਕਰਨ ਦੀ ਹਦਾਇਤ ਕੀਤੀ ਸੀ, ਜਿਸ ਕਾਰਨ ਮਸਜਿਦ ਬਣਾਉਣ ਵਾਲੀ ਥਾਂ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਹਾਈ ਅਲਰਟ 'ਤੇ ਰਹੇ | ਕੇਂਦਰੀ ਹਥਿਆਰਬੰਦ ਬਲਾਂ ਦੀਆਂ 19 ਟੀਮਾਂ, ਰੈਪਿਡ ਐਕਸ਼ਨ ਫੋਰਸ, ਬੀ.ਐਸ.ਐਫ. ਤੇ ਸਥਾਨਕ ਪੁਲਿਸ ਦੀਆਂ ਕਈ ਟੀਮਾਂ ਸਮੇਤ 3,000 ਤੋਂ ਵੱਧ ਕਰਮਚਾਰੀ ਬੇਲਡੰਗਾ 'ਚ ਤੇ ਇਸ ਦੇ ਆਲੇ-ਦੁਆਲੇ ਤਾਇਨਾਤ ਰਹੇ | ਜ਼ਿਕਰਯੋਗ ਹੈ ਕਿ ਕਬੀਰ ਨੇ 25 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਉਹ ਅਯੁੱਧਿਆ 'ਚ ਵਿਵਾਦਿਤ ਢਾਂਚੇ ਨੂੰ ਢਾਹੁਣ ਦੀ 33ਵੀਂ ਵਰ੍ਹੇਗੰਢ ਮÏਕੇ 6 ਦਸੰਬਰ ਨੂੰ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਣਗੇ | ਜਿਸ ਤੋਂ ਬਾਅਦ ਟੀ.ਐਮ.ਸੀ. ਨੇ 4 ਦਸੰਬਰ ਨੂੰ ਕਬੀਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ | ਕਬੀਰ ਨੇ ਅੱਜ ਸਮਾਗਮ ਸਮੇਂ ਕਿਹਾ ਕਿ ਮੈਂ ਕੁਝ ਵੀ ਗੈਰ-ਸੰਵਿਧਾਨਕ ਨਹੀਂ ਕਰ ਰਿਹਾ ਹਾਂ | ਪੂਜਾ ਸਥਾਨ ਬਣਾਉਣਾ ਇਕ ਸੰਵਿਧਾਨਕ ਅਧਿਕਾਰ ਹੈ | ਉਸ ਨੇ ਦਾਅਵਾ ਕੀਤਾ ਕਿ ਇਸ ਮਸਜਿਦ ਨੂੰ ਕਿਸੇ ਵੀ ਵਿੱਤੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਸਨੇ ਦੱਸਿਆ ਕਿ ਇਕ ਉਦਯੋਗਪਤੀ ਨੇ ਮਸਜਿਦ ਲਈ 80 ਕਰੋੜ ਰੁਪਏ ਦਾ ਵਾਅਦਾ ਕੀਤਾ ਹੈ | ਉਸ ਨੇ ਦੱਸਿਆ ਕਿ ਕੁੱਲ ਕੰਪਲੈਕਸ ਲਗਭਗ 25 ਵਿੱਘੇ 'ਚ ਫੈਲਿਆ ਹੋਵੇਗਾ ਤੇ ਜਿਸਦਾ ਕੁੱਲ ਅਨੁਮਾਨਿਤ ਨਿਵੇਸ਼ ਲਗਭਗ 300 ਕਰੋੜ ਰੁਪਏ ਹੋਵੇਗਾ |
ਬੰਗਾਲ 'ਚ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖਿਆ
ਅਜੀਤ ਡੈਸਕ
07-12-2025