ਨਵੀਂ ਦਿੱਲੀ, 6 ਦਸੰਬਰ (ਜਗਤਾਰ ਸਿੰਘ)-ਕਾਂਗਰਸ ਨੇਤਾ ਪਿ੍ਅੰਕਾ ਗਾਂਧੀ ਦੇ ਪਤੀ ਅਤੇ ਕਾਰੋਬਾਰੀ ਰਾਬਰਟ ਵਾਡਰਾ ਵਿਰੁੱਧ ਦਾਇਰ ਕੀਤੀ ਗਈ ਪੂਰਕ ਚਾਰਜਸ਼ੀਟ ਦੀ ਸੁਣਵਾਈ ਸਨਿਚਰਵਾਰ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿਚ ਹੋਈ ¢ ਇਹ ਸੁਣਵਾਈ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵਲੋਂ ਲੰਡਨ ਸਥਿਤ ਭਗੌੜੇ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ¢ ਈ ਡੀ ਨੇ ਇਸ ਚਾਰਜਸ਼ੀਟ ਨਾਲ ਸਬੰਧਿਤ ਹੋਰ ਦਸਤਾਵੇਜ਼ ਅਦਾਲਤ ਵਿਚ ਪੇਸ਼ ਕਰਨ ਲਈ ਸਮਾਂ ਮੰਗਿਆ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ¢ ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ, 2026 ਨੂੰ ਤੈਅ ਕੀਤੀ ਹੈ ¢ ਵਾਡਰਾ ਨੂੰ ਇਸ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ ਹੈ ¢ ਇਹ ਮਾਮਲਾ 2016 ਵਿਚ ਆਮਦਨ ਕਰ ਵਿਭਾਗ ਦੇ ਛਾਪੇਮਾਰੀ ਨਾਲ ਸ਼ੁਰੂ ਹੋਇਆ ਸੀ, ਜਦੋਂ ਦਿੱਲੀ ਵਿਚ ਸੰਜੇ ਭੰਡਾਰੀ ਦੇ ਅਹਾਤੇ 'ਤੇ ਛਾਪੇਮਾਰੀ ਕੀਤੀ ਗਈ ਸੀ ¢