ਢਾਕਾ, 24 ਦਸੰਬਰ (ਪੀ. ਟੀ. ਆਈ.)-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮੋਘਬਾਜ਼ਾਰ ਇਲਾਕੇ 'ਚ ਸ਼ਾਮ ਨੂੰ ਹੋਏ ਇਕ ਦੇਸੀ ਬੰਬ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਫਲਾਈਓਵਰ ਦੇ ਉਪਰੋਂ ਬੰਬ ਸੁੱਟਿਆ, ਜੋ ਹੇਠਾਂ ਮੌਜੂਦ ਇਕ ਵਿਅਕਤੀ ਨੂੰ ਜਾ ਵੱਜਿਆ¢ ਪੁਲਿਸ ਨੇ ਦੱਸਿਆ ਕਿ ਮਿ੍ਤਕ ਇਕ ਨਿੱਜੀ ਦੁਕਾਨ ਦਾ ਮੁਲਾਜ਼ਮ ਸੀ, ਜੋ ਉਸ ਸਮੇਂ ਫਲਾਈਓਵਰ ਦੇ ਹੇਠਾਂ ਇਕ ਖੋਖੇ 'ਤੇ ਚਾਹ ਪੀ ਰਿਹਾ ਸੀ¢ ਇਹ ਘਟਨਾ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਦੀ ਵਤਨ ਵਾਪਸੀ ਤੋਂ ਠੀਕ ਇਕ ਦਿਨ ਪਹਿਲਾਂ ਵਾਪਰੀ ਹੈ¢ ਤਾਰਿਕ ਰਹਿਮਾਨ ਲਗਭਗ 17 ਸਾਲਾਂ ਦਾ ਬਨਵਾਸ ਕੱਟ ਕੇ ਵੀਰਵਾਰ ਨੂੰ ਲੰਡਨ ਤੋਂ ਵਾਪਸ ਆ ਰਿਹਾ ਹੈ¢ ਇਸ ਸੰਵੇਦਨਸ਼ੀਲ ਮੌਕੇ ਨੂੰ ਦੇਖਦੇ ਹੋਏ ਬੰਗਲਾਦੇਸ਼ ਸਰਕਾਰ ਨੇ ਪਹਿਲਾਂ ਹੀ ਪੂਰੇ ਢਾਕਾ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ¢ ਹੋਮ ਐਡਵਾਈਜ਼ਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ |