• ਹਿਮਾਚਲ ਤੇ ਉੱਤਰਾਖੰਡ ਦੀਆਂ ਸੜਕਾਂ 'ਤੇ ਲੱਗੇ ਭਾਰੀ ਜਾਮ • ਸ਼ਿਮਲਾ, ਮਨਾਲੀ, ਸੋਲਨ, ਧਰਮਸ਼ਾਲਾ, ਰਿਸ਼ੀਕੇਸ਼ ਆਦਿ 'ਚ ਹੋਟਲਾਂ ਦਾ ਕਿਰਾਇਆ ਤਿੰਨ ਗੁਣਾ ਵਧਿਆ
ਵੀਰਪਾਲ ਸਿੰਘ
ਬਠਿੰਡਾ, 30 ਦਸੰਬਰ-ਪੱਛਮੀ ਦੇਸ਼ਾਂ ਦੇ ਲੋਕਾਂ ਵਾਂਗ ਭਾਰਤੀ ਲੋਕਾਂ 'ਚ ਨਵੇਂ ਸਾਲ ਦੀ ਆਮਦ ਦੇ ਜਸ਼ਨ ਮਨਾਉਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ | ਲੰਘੇ 25 ਦਸੰਬਰ ਤੋਂ ਭਾਰਤੀ ਲੋਕਾਂ ਵਲੋਂ ਆਪਣੀਆਂ ਪਸੰਦੀਦਾ ਥਾਵਾਂ 'ਤੇ ਪਹੁੰਚ ਕੇ 2025 ਸਾਲ 31 ਦਸੰਬਰ ਦੇ ਜਸ਼ਨ ਮਨਾਉਣ ਅਤੇ ਨਵੇਂ ਵਰ੍ਹੇ 2026 ਜਨਵਰੀ ਦੇ ਸੂਰਜ ਦੀ ਪਹਿਲੀ ਕਿਰਨ ਨਿਕਲਣ ਦੇ ਨਜ਼ਾਰੇ ਵੇਖਣ ਲਈ ਪਹਾੜਾਂ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ 48 ਘੰਟਿਆਂ ਦੌਰਾਨ ਪਹਾੜੀ ਖੇਤਰਾਂ ਸ਼ਿਮਲਾ, ਸੋਲਨ, ਚਮੋਲੀ, ਮਨਾਲੀ, ਨੈਨੀਤਾਲ, ਰਿਸ਼ੀਕੇਸ਼ ਤੇ ਦੇਹਰਾਦੂਨ ਦੇ ਹੋਟਲਾਂ ਵਿਚ ਠਹਿਰਣ ਵਾਲੇ ਲੋਕਾਂ ਵਲੋਂ ਅਗਾਊਾ ਬੁਕਿੰਗ ਕਰਵਾਈ ਜਾ ਚੁੱਕੀ ਹੈ | ਹੋਟਲਾਂ ਦੇ ਕਮਰਿਆਂ ਦਾ ਕਿਰਾਇਆ ਵੀ ਦੁੱਗਣਾ ਕੀਤੇ ਜਾਣ ਦੀਆਂ ਖ਼ਬਰਾਂ ਵੀ ਚਰਚਾ ਵਿਚ ਹਨ | ਆਪਣੀ ਮਨਪਸੰਦ ਥਾਵਾਂ 'ਤੇ ਪਹੁੰਚਣ ਲਈ ਪਹਾੜੀ ਇਲਾਕੇ ਦੀਆਂ ਸੜਕਾਂ 'ਤੇ ਭਾਰੀ ਜਾਮ ਲੱਗ ਚੁੱਕਾ | ਪ੍ਰਾਪਤ ਜਾਣਕਾਰੀ ਅਨੁਸਾਰ ਪਹਾੜੀ ਰਸਤਿਆਂ ਵਿਚ ਪਿਛਲੇ 10 ਘੰਟਿਆਂ ਵਿਚ ਲੋਕ ਟਰੈਫ਼ਿਕ ਜਾਮ ਵਿਚ ਫਸੇ ਹੋਣ ਦੀਆਂ ਖ਼ਬਰਾਂ ਹਨ | ਇਹ ਵੀ ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਨਵੇਂ ਵਰ੍ਹੇ ਦੇ ਜਸ਼ਨਾਂ ਨੂੰ ਲੈ ਕੇ ਸ਼ਰਾਬ ਦੀ ਵਿਕਰੀ ਨੂੰ ਵਧਾਉਣ ਲਈ ਦੇਸ਼ ਦੀ ਵੱਡੀ ਗਿਣਤੀ ਰਾਜ ਸਰਕਾਰਾਂ ਵਲੋਂ 30 ਅਤੇ 31 ਦਸੰਬਰ ਤੱਕ ਸ਼ਰਾਬ ਦੀ ਵਿਕਰੀ ਦਾ ਸਮਾਂ ਰਾਤ 12 ਤੋਂ 1 ਵਜੇ ਤੱਕ ਵਧਾ ਦਿੱਤਾ ਹੈ | 2025 ਦੇ 30 ਅਤੇ 31 ਦਸੰਬਰ ਵਾਲੇ ਦੋ ਦਿਨਾਂ ਵਿਚ 10 ਹਜ਼ਾਰ ਕਰੋੜ ਦੀ ਸ਼ਰਾਬ ਦੀ ਵਿਕਰੀ ਦੇ ਅਨੁਮਾਨ ਹਨ | ਇਨ੍ਹਾਂ ਦੋ ਦਿਨਾਂ ਲਈ 10 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਪੀਣ ਦੇ ਨਾਲ ਮਹਿੰਗੇ ਹੋਟਲਾਂ ਅਤੇ ਪਹਾੜੀ ਖੇਤਰਾਂ ਵਿਚ ਘੁੰਮਣ, ਪੱਬਾਂ, ਕਲੱਬਾਂ 'ਚ 20 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ | ਲੰਘੇ 2024 ਵਰ੍ਹੇ ਦੌਰਾਨ ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਲੋਕਾਂ ਵਲੋਂ 16 ਲੱਖ 67 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ | 2025 ਸਾਲ ਵਿਚ ਲਗਾਤਾਰ ਵਧੀ ਮਹਿੰਗਾਈ ਕਾਰਨ ਲੋਕਾਂ ਦੀਆਂ ਜੇਬਾਂ 'ਤੇ ਨਵੇਂ ਵਰ੍ਹੇ ਦੇ ਜਸ਼ਨ ਮਨਾਏ ਜਾਣ ਦਾ ਖਰਚਾ 25 ਫੀਸਦੀ ਵੱਧਣ ਦੀ ਸੰਭਾਵਨਾ ਹੈ | ਉੱਤਰੀ ਭਾਰਤ ਵਿਚ ਦੇਸ਼ ਦੀ 74 ਕਰੋੜ ਆਬਾਦੀ ਵਸਦੀ ਹੈ, ਇਨ੍ਹਾਂ ਵਿਚ ਭਾਰਤ ਦੇ ਉੱਤਰੀ ਰਾਜਾਂ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਦਾ ਨਾਂਅ ਆਉਣ ਇਨ੍ਹਾਂ ਰਾਜਾਂ 'ਚੋਂ ਪਹਾੜੀ ਖੇਤਰ ਵਿਚ ਛੁੱਟੀ ਮਨਾਉਣ ਦੇ ਸ਼ੌਕੀਨ ਲੋਕਾਂ ਦੀ ਪਹਿਲੀ ਪਸੰਦ ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜੀ ਖੇਤਰਾਂ ਦੇ ਸ਼ਹਿਰ ਹਨ |
ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕਾਂ ਨੇ ਪਸੰਦੀਦਾ ਥਾਵਾਂ ਵੱਲ ਘੱਤੀਆਂ ਵਹੀਰਾਂ
ਅਜੀਤ ਡੈਸਕ
31-12-2025