ਸਦਨ ਨੇ ਮਾਤਾ ਗੁਜਰੀ ਅਤੇ ਹੋਰ ਮਹਾਨ ਸ਼ਹੀਦਾਂ ਨੂੰ ਕੀਤਾ ਯਾਦ
ਇਹ ਮਹਾਨ ਕੁਰਬਾਨੀਆਂ ਸਾਨੂੰ ਜ਼ੁਲਮ ਅੱਗੇ 'ਈਨ ਨਾ ਮੰਨਣ' ਅਤੇ 'ਅਸੂਲਾਂ ਖ਼ਾਤਰ ਮਰ ਮਿਟਣ' ਦਾ ਸੰਦੇਸ਼ ਦਿੰਦੀਆਂ-ਮੁੱਖ ਮੰਤਰੀ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 30 ਦਸੰਬਰ-ਪੰਜਾਬ ਸਰਕਾਰ ਵਲੋਂ ਸੱਦੇ ਇਕ ਦਿਨਾਂ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਜਲਾਸ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨੇ ਜ਼ਾਲਮ ਮੁਗ਼ਲ ਸ਼ਾਸਕਾਂ ਦੇ ਜ਼ੁਲਮ ਤੋਂ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੁੱਤਰਾਂ ਵਲੋਂ ਦਿੱਤੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਆਲਮੀ ਪੱਧਰ 'ਤੇ ਭਾਈਚਾਰੇ ਤੇ ਧਰਮ ਨਿਰਪੱਖਤਾ ਨੂੰ ਉਤਸ਼ਾਹਿਤ ਕੀਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ | ਉਨ੍ਹਾਂ ਦੀ ਬੇਮਿਸਾਲ ਕੁਰਬਾਨੀ ਨੂੰ ਦੁਨੀਆ ਭਰ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਦੇ ਨਾਲ ਹੀ ਸਦਨ ਨੇ ਬਾਬਾ ਜੀਵਨ ਸਿੰਘ, ਬਾਬਾ ਸੰਗਤ ਸਿੰਘ, ਦੀਵਾਨ ਟੋਡਰ ਮੱਲ ਸਮੇਤ ਹੋਰ ਸ਼ਹੀਦਾਂ ਨੂੰ ਵੀ ਯਾਦ ਕਰਦਿਆਂ ਉਨ੍ਹਾਂ ਨੂੰ ਸਿੱਜਦਾ ਕੀਤਾ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਸਮੁੱਚੀ ਮਨੁੱਖਤਾ ਦੇ ਇਤਿਹਾਸ 'ਚ ਵਿਲੱਖਣ ਸਥਾਨ ਰੱਖਦੀਆਂ ਹਨ | ਇਹ ਮਹਾਨ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਮਨ ਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ | ਇਸ ਮੌਕੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸਦਨ 'ਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇਸ਼ ਭਰ ਵਿਚ ਹੀ ਨਹੀਂ ਵਿਸ਼ਵ ਭਰ ਵਿਚ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ | ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਦਨ 'ਚ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਵਿਰਾਸਤ ਅਤੇ ਸ਼ਹਾਦਤਾਂ ਭਰੇ ਇਤਿਹਾਸ ਨੂੰ ਯਾਦ ਰੱਖੀਏ | ਇਸ ਮੌਕੇ ਸਦਨ 'ਚ ਕੈਬਨਿਟ ਮੰਤਰੀ ਅਮਨ ਅਰੋੜਾ, 'ਆਪ' ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਬਸਪਾ ਵਿਧਾਇਕ ਨਛੱਤਰ ਪਾਲ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ |
ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ
ਅਜੀਤ ਡੈਸਕ
31-12-2025