02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਿਧਾਨ ਸਭਾ ਵਲੋਂ 'ਸੋਧੀ ਮਗਨਰੇਗਾ ਯੋਜਨਾ' ਸਰਬਸੰਮਤੀ ਨਾਲ ਰੱਦ

Ad Position 21
No active advertisement
ਅਜੀਤ ਡੈਸਕ 31-12-2025

• ਵਿਸ਼ੇਸ਼ ਇਜਲਾਸ 'ਚ ਤਿੰਨ ਸੋਧ ਬਿੱਲਾਂ ਨੂੰ ਦਿੱਤੀ ਪ੍ਰਵਾਨਗੀ
• ਦਲਿਤਾਂ ਤੇ ਗ਼ਰੀਬਾਂ ਦੀ ਰੋਟੀ-ਰੋਜ਼ੀ ਖੋਹ ਕੇ ਦੇਸ਼ ਵਿਸ਼ਵ ਗੁਰੂ ਨਹੀਂ ਬਣ ਸਕਦਾ-ਮੁੱਖ ਮੰਤਰੀ
ਹਰਕਵਲਜੀਤ ਸਿੰਘ

ਚੰਡੀਗੜ੍ਹ, 30 ਦਸੰਬਰ-ਪੰਜਾਬ ਵਿਧਾਨ ਸਭਾ ਦੇ ਇਕ ਦਿਨਾਂ ਵਿਸ਼ੇਸ਼ ਇਜਲਾਸ ਨੇ ਅੱਜ ਕੇਂਦਰ ਵਲੋਂ ਲਾਗੂ ਕੀਤੀ ਗਈ ਸੋਧੀ ਹੋਈ ਨਵੀਂ ਮਨਰੇਗਾ ਯੋਜਨਾ 'ਜੀ ਰਾਮ ਜੀ' ਨੂੰ ਸਰਬਸੰਮਤੀ ਨਾਲੀ ਰੱਦ ਕਰਦਿਆਂ ਦਲਿਤਾਂ ਤੇ ਗਰੀਬਾਂ ਵਿਰੁੱਧ ਦੱਸਿਆ | ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਪੇਸ਼ ਕੀਤੇ ਗਏ ਇਸ ਮਤੇ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਇਕ ਪਾਸੇ ਕੁਝ ਚੋਣਵੇਂ ਸਨਅਤੀ ਘਰਾਣਿਆਂ ਨੂੰ ਹਜ਼ਾਰਾਂ ਕਰੋੜ ਦੀਆਂ ਰਿਆਇਤਾਂ ਦੇ ਰਹੀ ਹੈ ਅਤੇ ਕਰਜ਼ੇ ਮੁਆਫ਼ ਕਰ ਰਹੀ ਹੈ ਪਰ ਦੂਜੇ ਪਾਸੇ ਦਲਿਤਾਂ ਤੇ ਗ਼ਰੀਬਾਂ ਦੀ ਰੋਟੀ-ਰੋਜ਼ੀ ਖੋਂਹਦਿਆਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਵਾਲੀਆਂ 'ਮਨਰੇਗਾ' ਵਰਗੀਆਂ ਸਕੀਮਾਂ ਠੱਪ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਗ਼ਰੀਬਾਂ ਤੇ ਦਲਿਤਾਂ ਤੋਂ ਰੋਟੀ-ਰੋਜ਼ੀ ਖੋਹ ਕੇ ਦੇਸ਼ ਵਿਸ਼ਵ ਗੁਰੂ ਨਹੀਂ ਬਣਨ ਵਾਲਾ | ਮੁੱਖ ਮੰਤਰੀ ਨੇ ਅਕਾਲੀ ਦਲ 'ਤੇ ਵੀ ਮੋਦੀ ਸਰਕਾਰ ਦੇ ਇਸ ਫੈਸਲੇ ਸੰਬੰਧੀ ਖਾਮੋਸ਼ ਰਹਿਣ ਦਾ ਦੋਸ਼ ਲਗਾਇਆ, ਕਿਉਂਕਿ ਦਲ ਭਾਜਪਾ ਨਾਲ ਚੋਣ ਗੱਠਜੋੜ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ | ਮੁੱਖ ਮੰਤਰੀ ਨੇ ਕਾਂਗਰਸੀ ਮੈਂਬਰਾਂ ਨੂੰ ਕਿਹਾ ਕਿ ਉਹ ਸਾਨੂੰ ਤਾਂ ਵਾਰ-ਵਾਰ ਦਿੱਲੀ ਜਾ ਕੇ ਧਰਨੇ ਦੇਣ ਲਈ ਕਹਿ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤਾਂ ਦਿੱਲੀ 'ਚ ਹੀ ਪ੍ਰਧਾਨ ਮੰਤਰੀ ਨਿਵਾਸ ਦੇ ਕੋਲ ਬੈਠੀ ਹੈ, ਉਹ ਉਸ ਨੂੰ ਉਥੇ ਧਰਨਾ ਦੇਣ ਦੀ ਸਲਾਹ ਕਿਉਂ ਨਹੀਂ ਦੇ ਰਹੇ | ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ ਨੂੰ ਦਲਿਤਾਂ ਤੇ ਗ਼ਰੀਬਾਂ ਦੇ ਹੱਕਾਂ ਦੀ ਰਾਖੀ ਲਈ ਜੇਕਰ ਸੜਕਾਂ 'ਤੇ ਵੀ ਲੜਨਾ ਪਿਆ ਤਾਂ ਲੜਨਗੇ | ਮੁੱਖ ਮੰਤਰੀ ਨੇ ਕੇਂਦਰ ਨੂੰ ਸਖ਼ਤ ਸ਼ਬਦਾਂ 'ਚ ਕਿਹਾ ਕਿ ਉਹ ਦਲਿਤਾਂ ਤੇ ਗ਼ਰੀਬਾਂ 'ਤੇ ਕੁਹਾੜਾ ਚਲਾਉਣਾ ਬੰਦ ਕਰੇ ਨਹੀਂ ਤਾਂ ਪੰਜਾਬ ਦੇ ਲੋਕ ਭਾਜਪਾ ਤੇ ਅਕਾਲੀਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰੇ ਵੀ 2-3 ਸਨਅਤੀ ਘਰਾਣਿਆਂ ਦੀ ਸਲਾਹ ਅਨੁਸਾਰ ਹੁੰਦੇ ਹਨ, ਕਿਉਂਕਿ ਮੋਦੀ ਜਿਥੇ ਵੀ ਜਾਂਦੇ ਹਨ, ਉਥੇ ਇਨ੍ਹਾਂ ਘਰਾਣਿਆਂ ਦਾ ਵਪਾਰ ਸ਼ੁਰੂ ਹੋ ਜਾਂਦਾ ਹੈ | ਅੱਜ ਦੀ ਬਹਿਸ ਲਈ ਆਖਰੀ ਬੁਲਾਰੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿਵੇਂ ਹੀ ਬੋਲਣਾ ਸ਼ੁਰੂ ਕੀਤਾ ਗਿਆ ਤਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਮਤੇ 'ਤੇ ਬੋਲਣ ਲਈ ਉਨ੍ਹਾਂ ਨੂੰ ਸਮਾਂ ਨਾ ਦਿੱਤੇ ਜਾਣ ਦਾ ਮੁੱਦਾ ਉਠਾਇਆ ਅਤੇ ਉਹ ਇੰਨੀ ਉੱਚੀ ਬੋਲ ਰਹੇ ਸਨ ਕਿ ਮੁੱਖ ਮੰਤਰੀ ਦਾ ਭਾਸ਼ਨ ਵੀ ਕੋਈ 15 ਮਿੰਟਾਂ ਲਈ ਰੁਕਿਆ ਰਿਹਾ | ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਉੱਠ ਕੇ ਕਿਹਾ ਕਿ ਉਨ੍ਹਾਂ ਵਲੋਂ ਸਪੀਕਰ ਨੂੰ ਪਾਰਟੀ ਦੇ ਬੁਲਾਰਿਆਂ ਦੀ ਭੇਜੀ ਸੂਚੀ ਵਿਚ ਖਹਿਰਾ ਦਾ ਨਾਂਅ ਪਹਿਲੇ ਨੰਬਰ 'ਤੇ ਸੀ ਪਰ ਸਪੀਕਰ ਦਾ ਕਹਿਣਾ ਸੀ ਕਿ ਕਿਸ ਨੂੰ ਬੋਲਣ ਦਾ ਸਮਾਂ ਦੇਣਾ ਹੈ, ਇਹ ਮੇਰਾ ਅਧਿਕਾਰ ਹੈ | ਖਹਿਰਾ ਬੋਲਣ ਲਈ ਸਮਾਂ ਨਾ ਮਿਲਣ ਕਾਰਨ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ ਅਤੇ ਵਿਧਾਨ ਸਭਾ ਵਿਚ ਤਾਇਨਾਤ ਚਿੱਟ ਕੱਪੜੀਏ ਪੁਲਿਸ ਕਰਮੀਆਂ ਨੇ ਸਪੀਕਰ ਦੇ ਖੇਤਰ ਨੂੰ ਘੇਰੇ 'ਚ ਲੈ ਲਿਆ, ਜਦੋਂਕਿ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸੀ ਵੀ ਆਪਣੇ ਬੈਂਚ ਛੱਡ ਕੇ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ ਪਰ ਸਪੀਕਰ ਸ. ਖਹਿਰਾ ਨੂੰ ਬੋਲਣ ਲਈ ਸਮਾਂ ਦੇਣ ਲਈ ਨਹੀਂ ਮੰਨੇ ਅਤੇ ਉਨ੍ਹਾਂ ਪਹਿਲਾਂ ਖਹਿਰਾ ਦਾ ਨਾਂਅ ਲੈ ਕੇ ਚਿਤਾਵਨੀ ਦਿੱਤੀ ਅਤੇ ਬਾਅਦ 'ਚ ਮਾਰਸ਼ਲ ਨੂੰ ਖਹਿਰਾ ਨੂੰ ਸਦਨ 'ਚੋਂ ਬਾਹਰ ਕਰਨ ਦੇ ਆਦੇਸ਼ ਦਿੱਤਾ | ਪੁਲਿਸ ਕਰਮੀਂ ਜਿਨ੍ਹਾਂ ਨੂੰ ਸਦਨ 'ਚ 'ਵਾਚ ਐਂਡ ਵਾਰਡ' ਦਾ ਨਾਂਅ ਦਿੱਤਾ ਹੋਇਆ ਹੈ, ਖਹਿਰਾ ਨੂੰ ਜਬਰੀ ਸਦਨ ਤੋਂ ਬਾਹਰ ਲੈ ਗਏ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨੂੰ ਬਹੁਮਤ ਦਾ ਮਤਲਬ ਇਹ ਨਹੀਂ ਹੈ ਕਿ ਗ਼ਰੀਬਾਂ ਨੂੰ ਬਰਬਾਦ ਕੀਤਾ ਜਾਵੇ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੇ ਦੇਸ਼ 'ਚ ਰਜਿਸਟਰਡ ਸਾਡੇ 15 ਕਰੋੜ ਕਾਮਿਆਂ ਨੂੰ 125 ਦਿਨ ਕੰਮ ਦੇਣਾ ਹੈ ਤਾਂ ਕੀ ਸਰਕਾਰ ਬਜਟ 'ਚ 6 ਲੱਖ 70,000 ਕਰੋੜ ਬਜਟ ਰੱਖੇਗੀ ਅਤੇ ਪੰਜਾਬ ਨੂੰ ਸਾਲਾਨਾ 13,062 ਕਰੋੜ ਦੇਵੇਗੀ | ਉਨ੍ਹਾਂ ਕਿਹਾ ਕਿ ਕੇਂਦਰ ਤੋਂ ਪੈਸੇ ਨਾ ਆਉਣ ਕਾਰਨ ਮਜ਼ਦੂਰਾਂ ਨੂੰ 6-6 ਮਹੀਨੇ ਅਦਾਇਗੀ ਨਹੀਂ ਹੁੰਦੀ | ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਮਨਰੇਗਾ ਸੰਬੰਧੀ ਝੂਠ ਤੇ ਭਰਮ ਫੈਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਨਰੇਗਾ ਸੰਬੰਧੀ 3986 ਭਿ੍ਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ | ਉਨ੍ਹਾਂ ਸਦਨ ਵਿਚ 'ਆਪ' ਮੈਂਬਰਾਂ ਵਲੋਂ ਮੋਦੀ ਦੀ ਧੌਣ 'ਤੇ ਗੋਡਾ ਰੱਖਣ ਦੀ ਕਹੀ ਗੱਲ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ ਰਿਕਾਰਡ 'ਚੋਂ ਕੱਢਣ ਦੀ ਮੰਗ ਵੀ ਉਠਾਈ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਦੀ ਮੰਗ ਸੰਬੰਧੀ ਖਾਮੋਸ਼ ਰਹੇ | ਸਦਨ ਵਿਚ ਜਦੋਂ ਡਾ. ਸੁਖਵਿੰਦਰ ਸੁੱਖੀ ਮਤੇ 'ਤੇ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਆਗੂ ਨੇ ਸਪੀਕਰ ਨੂੰ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਉਹ ਕਿਸ ਪਾਰਟੀ ਵਲੋਂ ਬੋਲ ਰਹੇ ਹਨ, ਕਿਉਂਕਿ ਉਹ ਚੋਣ ਅਕਾਲੀ ਵਜੋਂ ਲੜੇ ਅਤੇ ਹੁਣ ਸਰਕਾਰ ਵਿਚ ਚੇਅਰਮੈਨ ਦੇ ਅਹੁਦੇ 'ਤੇ ਹਨ | ਉਨ੍ਹਾਂ ਕਿਹਾ ਕਿ ਡਾ. ਸੁੱਖੀ ਨੂੰ ਵਿਰੋਧੀ ਧਿਰ ਦਾ ਟਾਇਮ ਦੇ ਕੇ ਖ਼ਰਾਬ ਨਾ ਕੀਤਾ ਜਾਵੇ | ਮਤੇ 'ਤੇ ਕਾਂਗਰਸ ਵਲੋਂ ਪਰਗਟ ਸਿੰਘ, ਬਰਿੰਦਰ ਮੀਤ ਸਿੰਘ ਪਾਹੜਾ, ਅਰੁਣਾ ਚੌਧਰੀ ਤੋਂ ਇਲਾਵਾ ਕੈਬਨਿਟ ਮੰਤਰੀ ਬਲਬੀਰ ਸਿੰਘ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਮਨਜੀਤ ਸਿੰਘ ਬਿਲਾਸਪੁਰ, ਅਮੋਲਕ ਸਿੰਘ ਜੈਤੋ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਸਿੰਘ ਹੈਪੀ, ਲਾਭ ਸਿੰਘ ਉਗੋਕੇ, ਮਨਵਿੰਦਰ ਸਿੰਘ ਗਿਆਸਪੁਰਾ, ਨਰਿੰਦਰ ਪਾਲ ਸਿੰਘ ਸਵਨਾਂ, ਜੀਵਨ ਸਿੰਘ ਸੰਘੇਵਾਲ, ਜਗਦੀਪ ਸਿੰਘ ਗੋਲਡੀ ਕੰਬੋਜ, ਇੰਦਰਜੀਤ ਕੌਰ ਮਾਨ, ਰਾਣਾ ਗੁਰਜੀਤ ਸਿੰਘ, ਰਾਣਾ ਇੰਦਰ ਪ੍ਰਤਾਪ ਸਿੰਘ ਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਵਿਚਾਰ ਰੱਖੇ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦਾ ਦਿਹਾਂਤ ਅਗਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ
Ad Position 24
No active advertisement