• 80 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ • ਪਿਛਲੇ ਕੁਝ ਸਮੇਂ ਤੋਂ ਸੀ ਬਿਮਾਰ
ਢਾਕਾ, 30 ਦਸੰਬਰ (ਪੀ. ਟੀ. ਆਈ.)-ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ) ਦੀ ਚੇਅਰਪਰਸਨ ਖਾਲਿਦਾ ਜ਼ੀਆ ਦਾ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ | ਖਾਲਿਦਾ ਜ਼ੀਆ ਨੇ ਫ਼ੌਜੀ ਸ਼ਾਸਨ ਦੇ ਦੌਰ ਤੋਂ ਬਾਅਦ ਲੋਕਤੰਤਰ ਨੂੰ ਬਹਾਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਅਤੇ ਦਹਾਕਿਆਂ ਤੱਕ ਦੇਸ਼ ਦੀ ਰਾਜਨੀਤੀ 'ਤੇ ਦਬਦਬਾ ਬਣਾਇਆ | ਉਹ 80 ਸਾਲ ਦੇ ਸਨ | ਜ਼ੀਆ ਦੇ ਵੱਡੇ ਪੁੱਤਰ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਨੇ ਦੱਸਿਆ ਕਿ ਮੇਰੀ ਮਾਂ ਹੁਣ ਨਹੀਂ ਰਹੀ | ਉਨ੍ਹਾਂ ਦੇ ਨਿੱਜੀ ਡਾਕਟਰ ਡਾ. ਏ. ਜ਼ੈਡ.ਐਮ. ਜ਼ਾਹਿਦ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਸਵੇਰੇ ਕਰੀਬ 6 ਵਜੇ ਢਾਕਾ ਦੇ ਐਵਰਕੇਅਰ ਹਸਪਤਾਲ ਵਿਚ ਇਲਾਜ ਦੌਰਾਨ ਆਖ਼ਰੀ ਸਾਹ ਲਿਆ | ਜ਼ੀਆ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਵੱਡਾ ਪੁੱਤਰ ਤਾਰਿਕ ਰਹਿਮਾਨ, ਉਸ ਦੀ ਪਤਨੀ ਜ਼ੁਬੈਦਾ ਰਹਿਮਾਨ ਅਤੇ ਉਨ੍ਹਾਂ ਦੀ ਬੇਟੀ ਜ਼ਾਇਮਾ ਹਸਪਤਾਲ 'ਚ ਮੌਜੂਦ ਸਨ | ਬੀ.ਐਨ.ਪੀ ਦੇ ਸਕੱਤਰ ਜਨਰਲ ਮਿਰਜ਼ਾ ਫਖਰੂਲ ਇਸਲਾਮ ਆਲਮਗੀਰ ਵੀ ਹਸਪਤਾਲ 'ਚ ਸੀ | ਉਨ੍ਹਾਂ ਦੇ ਸਨਮਾਨ ਵਿਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਦੇਸ਼ ਵਿਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ | ਖਾਲਿਦਾ ਜ਼ੀਆ ਤਿੰਨ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਸੀ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਦੀ ਰਾਜਨੀਤੀ ਵਿਚ ਇੱਕ ਸ਼ਕਤੀਸ਼ਾਲੀ ਥੰਮ੍ਹ ਮੰਨਿਆ ਜਾਂਦਾ ਸੀ | ਖਾਲਿਦਾ ਜ਼ੀਆ ਦੀਆਂ ਅੰਤਿਮ ਰਸਮਾਂ (ਨਮਾਜ਼-ਏ-ਜਨਾਜ਼ਾ) ਬੁੱਧਵਾਰ ਨੂੰ ਅਦਾ ਕੀਤੀਆਂ ਜਾਣਗੀਆਂ, ਜਿਸ ਦੇ ਮੱਦੇਨਜ਼ਰ ਦੇਸ਼ ਵਿਚ ਇੱਕ ਦਿਨ ਦੀ ਜਨਤਕ ਛੁੱਟੀ ਵੀ ਐਲਾਨੀ ਗਈ ਹੈ | ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਵਿਚ ਮੁਹੰਮਦ ਯੂਨਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਗ ਦੀ ਇਸ ਘੜੀ ਵਿਚ ਸੰਜਮ ਬਣਾਈ ਰੱਖਣ ਅਤੇ ਅੰਤਿਮ ਯਾਤਰਾ ਦੌਰਾਨ ਅਨੁਸ਼ਾਸਨ ਦੀ ਪਾਲਣਾ ਕਰਨ | ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜ੍ਹਾ ਹੈ | ਜ਼ਿਕਰਯੋਗ ਹੈ ਕਿ ਖਾਲਿਦਾ ਜ਼ਿਆ ਬੀਤੀ 23 ਨਵੰਬਰ ਤੋਂ ਹਸਪਤਾਲ ਵਿਚ ਦਾਖਲ ਸਨ ਅਤੇ ਛਾਤੀ ਵਿਚ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ |
10 ਸਾਲ ਦੀ ਸਜ਼ਾ ਮਿਲੀ ਸੀ
ਖਾਲਿਦਾ ਜ਼ੀਆ ਨੂੰ 8 ਫਰਵਰੀ, 2018 ਵਿਚ ਢਾਕਾ ਦੀ ਵਿਸ਼ੇਸ਼ ਅਦਾਲਤ ਨੇ ਅਨਾਥ ਆਸ਼ਰਮ ਟਰੱਸਟ ਦੇ ਨਾਂਅ 'ਤੇ ਸਰਕਾਰੀ ਪੈਸੇ ਦਾ ਗਬਨ ਕਰਨ ਦੇ ਦੋਸ਼ 'ਚ 5 ਸਾਲ ਦੀ ਸਜ਼ਾ ਸੁਣਾਈ ਸੀ | ਉਨ੍ਹਾਂ ਦੇ ਬੇਟੇ ਤਾਰਿਕ ਅਤੇ ਹੋਰ 5 ਦੋਸ਼ੀਆਂ ਨੂੰ ਵੀ 10 ਸਾਲ ਦੀ ਸਜ਼ਾ ਦਿੱਤੀ ਗਈ ਸੀ | ਉਨ੍ਹਾਂ 'ਤੇ 2.1 ਕਰੋੜ ਬੰਗਲਾਦੇਸ਼ੀ ਟਕਾ ਦਾ ਜ਼ੁਰਮਾਨਾ ਵੀ ਲਗਾਇਆ ਸੀ | ਜ਼ੀਆ ਨੇ ਇਸ ਫ਼ੈਸਲੇ ਖ਼ਿਲਾਫ਼ ਹਾਈ ਕੋਰਟ 'ਚ ਅਪੀਲ ਕੀਤੀ ਸੀ | ਜਿਸ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ 30 ਅਕਤੂਬਰ, 2018 ਨੂੰ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਸੀ | ਸ਼ੇਖ ਹਸੀਨਾ ਦੇ ਤਖ਼ਤਾ ਪਲਟਣ ਦੇ ਇਕ ਦਿਨ ਬਾਅਦ ਖਾਲਿਦਾ ਜ਼ੀਆ ਨੂੰ 6 ਅਗਸਤ, 2024 ਨੂੰ ਰਿਹਾਅ ਕੀਤਾ ਗਿਆ ਸੀ |
ਸ਼ੇਖ ਹਸੀਨਾ ਦੀ ਵਿਰੋਧੀ ਸੀ ਖਾਲਿਦਾ
ਬੰਗਲਾਦੇਸ਼ ਦੀ ਸਿਆਸਤ ਦੋ ਨੇਤਾਵਾਂ ਅਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਅਤੇ ਬੀ.ਐਨ.ਪੀ ਦੀ ਖਾਲਿਦਾ ਜ਼ੀਆ ਦੇ ਦੁਆਲੇ ਘੁੰਮਦੀ ਰਹੀ ਹੈ | 1984 ਦੇ ਦਹਾਕੇ 'ਚ ਬੰਗਲਾਦੇਸ਼ ਵਿਚ ਸੈਨਿਕ ਸ਼ਾਸਨ ਸੀ | ਉਸ ਸਮੇਂ ਸੈਨਿਕ ਸ਼ਾਸਨ ਖ਼ਿਲਾਫ਼ ਸ਼ੇਖ ਹਸੀਨਾ ਅਤੇ ਖਾਲਿਦਾ ਜ਼ੀਆ ਦੋਵੇਂ ਅੰਦੋਲਨ ਕਰਦੀਆਂ ਸਨ | 1990 ਵਿਚ ਤਾਨਾਸ਼ਾਹ ਇਰਸ਼ਾਦ ਦੀ ਵਿਦਾਈ ਦੇ ਬਾਅਦ ਲੋਕਤੰਤਰ ਦੀ ਬਹਾਲੀ ਹੋਈ | 1991 ਵਿਚ ਖਾਲਿਦਾ ਜੀਆ ਦੇ ਚੋਣਾਂ ਜਿੱਤਣ ਦੇ ਬਾਅਦ ਖਾਲਿਦਾ ਅਤੇ ਸ਼ੇਖ ਹਸੀਨਾ ਦਰਮਿਆਨ ਸਿਆਸੀ ਦੁਸ਼ਮਣੀ ਵਧ ਗਈ | 1990 ਦੇ ਬਾਅਦ ਬੰਗਲਾਦੇਸ਼ 'ਚ ਜਦੋਂ ਵੀ ਚੋਣਾਂ ਹੋਈਆਂ, ਸੱਤਾ ਜਾਂ ਤਾਂ ਖਾਲਿਦਾ ਜ਼ੀਆ ਕੋਲ ਗਈ ਜਾਂ ਸ਼ੇਖ ਹਸੀਨਾ ਕੋਲ |
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦਾ ਦਿਹਾਂਤ
ਅਜੀਤ ਡੈਸਕ
31-12-2025